ਸ਼੍ਰੀਲੰਕਾ ‘ਚ ਹੁਣ ਮੋਟਰ ਚਾਲਕ ਪੈਟਰੋਲ ਪੰਪਾਂ ‘ਤੇ ਆਉਣ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣਗੇ। ਬਿਜਲੀ ਅਤੇ ਊਰਜਾ ਮੰਤਰੀ ਕੰਚਨਾ ਵਿਜੇੇਸੇਕੇਰਾ ਨੇ ਕਿਹਾ ਕਿ ਨਵੀਂ ਪ੍ਰਣਾਲੀ ਜੁਲਾਈ ਦੇ ਪਹਿਲੇ ਹਫਤੇ ਤੋਂ ਸ਼ੁਰੂ ਕੀਤੀ ਜਾਣੀ ਹੈ। ਕੁੱਝ ਮੋਟਰ ਚਾਲਕ ਆਪਣੀਆਂ ਗੱਡੀਆਂ ਦੇ ਨਾਲ-ਨਾਲ ਜੈਨਰੇਟਰ ਲਈ ਵੀ ਇੱਕ ਮਹੀਨੇ ਤੋਂ ਜ਼ਿਆਦਾ ਸਮੇਂ ਲਈ ਈਂਧਨ ਇਕੱਤਰ ਕਰ ਰਹੇ ਹਨ। ਜਿਸਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।
ਨੈਸ਼ਨਲ ਹੈਰਾਲਡ ਮਾਮਲਾ: ਰਾਹੁਲ ਗਾਂਧੀ ਤੋਂ ਅੱਜ ED ਫਿਰ ਤੋਂ ਕਰੇਗੀ ਪੁੱਛਗਿੱਛ
ਨੈਸ਼ਨਲ ਹੈਰਾਲਡ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਅੱਜ ਲਗਾਤਾਰ ਦੂਜੇ ਦਿਨ ਰਾਹੁਲ ਗਾਂਧੀ ਤੋਂ ਪੁੱਛਗਿੱਛ ਕੀਤੀ ਜਾਵੇਗੀ। ਜਾਂਚ ਏਜੰਸੀ ਨੇ ਸੋਮਵਾਰ ਨੂੰ ਰਾਹੁਲ ਗਾਂਧੀ ਤੋਂ ਕਰੀਬ 9 ਘੰਟੇ ਪੁੱਛਗਿੱਛ ਕੀਤੀ ਸੀ। ਦੇਰ ਰਾਤ ਤੱਕ ਚੱਲੀ ਪੁੱਛਗਿੱਛ ਦੌਰਾਨ ਰਾਹੁਲ ਨੇ ਈਡੀ ਅਧਿਕਾਰੀਆਂ ਨੂੰ ਕਿਹਾ ਕਿ ‘ਕੀ ਇਹ ਰਾਤ ਨੂੰ ਰੋਕਣ ਦਾ ਇਰਾਦਾ ਹੈ? ਜੇ ਹਾਂ, ਤਾਂ ਮੈਂ ਡੀਨਰ ਤੋਂ ਬਾਅਦ ਆ ਜਾਵਾਂ।
ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਏਜੰਸੀ ਉਨ੍ਹਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਸੀ। ਉਨ੍ਹਾਂ ਤੋਂ ਕੁਝ ਕਾਗਜ਼ਾਤ ਵੀ ਮੰਗੇ ਗਏ।ਰਾਹੁਲ ਨੂੰ ਕਈ ਵਾਰ ਏਜੰਸੀ ਦੇ ਸਵਾਲ ਦਾ ਜਵਾਬ ਦੇਣ ਤੋਂ ਬਚਦੇ ਦੇਖਿਆ ਗਿਆ। ਇਸ ਕਾਰਨ ਉਨ੍ਹਾਂ ਨੂੰ ਅੱਜ ਮੰਗਲਵਾਰ ਨੂੰ ਦੁਬਾਰਾ ਬੁਲਾਇਆ ਗਿਆ ਹੈ। ਇਸ ਦੇ ਚੱਲਦਿਆਂ ਕਾਂਗਰਸ ਦਫ਼ਤਰ ਤੋਂ ਲੈ ਕੇ ਈਡੀ ਦਫ਼ਤਰ ਤੱਕ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਸੰਗਰੂਰ ਜ਼ਿਮਨੀ ਚੋਣ ਪ੍ਰਚਾਰ ਲਈ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪਾਰਟੀ ਦੇ ਪ੍ਰਮੁੱਖ ਆਗੂਆਂ ਦੀ ਡਿਊਟੀ ਲਗਾਈ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਅਗਾਮੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਸ. ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਾਰਟੀ ਦੇ ਪ੍ਰਮੁੱਖ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਪਾਰਟੀ ਦੇ ਦਫ਼ਤਰ ਸਕੱਤਰ ਅਤੇ ਬੁਲਾਰੇ ਸ. ਮਨਿੰਦਰਪਾਲ ਸਿੰਘ ਬਰਾੜ ਨੇ ਦੱਸਿਆਂ ਕਿ ਜ਼ਿਲ੍ਹਾ ਮਾਨਸਾ ਅਤੇ ਬਠਿੰਡਾ ਦੇ ਆਗੂਆਂ ਦੀ ਡਿਊਟੀ ਵਿਧਾਨ ਸਭਾ ਹਲਕਾ ਸੁਨਾਮ ਅਤੇ ਲਹਿਰਾ, ਜ਼ਿਲ੍ਹਾ ਮੋਗਾ ਅਤੇ ਫ਼ਰੀਦਕੋਟ ਦੇ ਆਗੂਆਂ ਦੀ ਡਿਊਟੀ ਵਿਧਾਨ ਸਭਾ ਹਲਕਾ ਭਦੌੜ ਅਤੇ ਮਹਿਲ ਕਲਾਂ, ਜ਼ਿਲ੍ਹਾ ਲੁਧਿਆਣਾ ਦੇ ਆਗੂਆਂ ਦੀ ਡਿਊਟੀ ਵਿਧਾਨ ਸਭਾ ਹਲਕਾ ਬਰਨਾਲਾ ਅਤੇ ਮਲੇਰਕੋਟਲਾ,ਇਸ ਤੋਂ ਇਲਾਵਾ ਜ਼ਿਲ੍ਹਾ ਪਟਿਆਲਾ, ਫ਼ਤਿਹਗੜ੍ਹ ਸਾਹਿਬ, ਰੋਪੜ ਅਤੇ ਮੋਹਾਲੀ ਦੇ ਆਗੂਆਂ ਦੀ ਡਿਊਟੀ ਵਿਧਾਨ ਸਭਾ ਹਲਕਾ ਸੰਗਰੂਰ,ਦਿੜ੍ਹਬਾ ਅਤੇ ਧੂਰੀ ਵਿੱਚ ਲਗਾਈ ਗਈ ਹੈ।
ਸ. ਮਨਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਪਾਰਟੀ ਦੇ ਸਬੰਧਤ ਹਲਕਿਆਂ ਦੇ ਸੀਨੀਅਰ ਆਗੂ ਲੋਕ ਸਭਾ ਹਲਕਾ ਸੰਗਰੂਰ ਵਿੱਚ ਚੋਣ ਪ੍ਰਚਾਰ ਵਿੱਚ ਆਪਣਾ ਯੋਗਦਾਨ ਪਾਉਣਗੇ।
ਸਿੱਧੂ ਮੂਸੇਵਾਲਾ ਦਾ ਨਾਮ ਰਾਜਨੀਤਿਕ ਕੰਮਾਂ ਲਈ ਨਾ ਵਰਤਿਆ ਜਾਵੇ, ਪਰਿਵਾਰ ਨੇ ਕੀਤੀ ਅਪੀਲ
ਸੰਗਰੂਰ ਜ਼ਿਮਨੀ ਚੋਣ ਨੂੰ ਲੈਕੇ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਚੋਣ ਮੈਦਾਨ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਵੀ ਜ਼ਿਕਰ ਹੋ ਰਿਹਾ ਹੈ। ਕਾਂਗਰਸ ਨੇ ਤਾਂ ਬਕਾਇਦਾ ਕੈਂਪੇਨ ਸੌਂਗ ਜਾਰੀ ਕੀਤਾ। ਇਸ ਗੀਤ ਚ ਵੀ ਮੂਸੇਵਾਲਾ ਕਤਲਕਾਂਡ ਦਾ ਜ਼ਿਕਰ ਕੀਤਾ ਹੈ। ਪੰਜਾਬ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਸੋਸ਼ਲ ਮੀਡੀਆ ਤੇ ਪਾਈ ਪੋਸਟ ਵਿੱਚ ਲਿਖਿਆ ਕਿ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਵਿਅਕਤੀ ਵਿਸ਼ੇਸ ਰਾਜਨੀਤਕ ਕੰਮਾਂ ਲਈ ਸ਼ੁਭਦੀਪ ਸਿੰਘ( ਸਿੱਧੂ ਮੂਸੇਵਾਲਾ) ਦੇ ਨਾਂ ਦੀ ਵਰਤੋਂ ਨਾ ਕਰੇ।

ਜਿੱਥੇ ਮੂਸੇਵਾਲਾ ਦੇ ਪਰਿਵਾਰ ਨੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ, ਉੱਥੇ ਹੀ ਕਾਂਗਰਸ ਦੇ ਕੈਂਪੇਨ ਸੌਂਗ ਨੂੰ ਲੈ ਕੇ ਬਵਾਲ ਹੋ ਗਿਆ, ਜਿਸਤੇ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਹਨ। ਆਪ ਨੇ ਕਾਂਗਰਸ ‘ਤੇ ਵਰਦਿਆਂ ਕਿਹਾ ਕਿ ਕਾਂਗਰਸ ਮੂਸੇਵਾਲਾ ਦੀ ਮੌਤ ਤੇ ਰਾਜਨੀਤੀ ਕਰ ਰਹੀ ਹੈ। ਮੌਤ ਤੋਂ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
SGPC ਦੇ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਦਾ ਹੋਇਆ ਦਿਹਾਂਤ
SGPC ਦੇ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ 14 ਜੂਨ ਨੂੰ ਸ਼ਾਮ 4 ਵਜੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਕੀਤਾ ਜਾਵੇਗਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ, ਸਾਬਕਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਆਦਿ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟ ਕੀਤਾ ਹੈ।
ਪਟਿਆਲਾ ‘ਚ ਬੀਤੇ ਦਿਨੀ ਮਿਲੀ ਲਾਵਾਰਿਸ ਕਾਰ ਦਾ ਮਾਮਲਾ 24 ਘੰਟੇ ਅੰਦਰ ਪੁਲਿਸ ਨੇ ਸੁਲਝਾਇਆ, ਜਾਣੋ ਪੂਰਾ ਮਾਮਲਾ
ਪਟਿਆਲਾ ‘ਚ ਬੀਤੇ ਦਿਨੀ ਅਰਬਨ ਅਸਟੇਟ ਨਜ਼ਦੀਕ ਇੱਕ ਲਾਵਾਰਿਸ ਕਾਰ ਬਰਾਮਦ ਹੋਈ ਸੀ। ਜਿਸ ਤੋਂ ਬਾਅਦ ਪੁਲਿਸ ਵਲੋਂ ਕਾਰ ਚਾਲਕ ਦੀ ਭਾਲ ਸ਼ੁਰੁ ਕੀਤੀ ਗਈ। ਇਸ ਦੌਰਾਨ ਇਹ ਜਾਣਕਾਰੀ ਸਾਹਮਣੇ ਆਈ ਕਿ ਕਾਰ ਚਾਲਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੁਲਿਸ ਵਲੋਂ ਇਸ ਮਾਮਲੇ ਨੂੰ 24 ਘੰਟਿਆਂ ਅੰਦਰ ਹੀ ਸੁਲਝਾ ਲਿਆ ਗਿਆ।
ਪੁਲਿਸ ਅਨੁਸਾਰ ਮ੍ਰਿਤਕ ਵਿਅਕਤੀ ਪਟਿਆਲਾ ਦੇ ਅਰਬਨ ਅਸਟੇਟ ਨਜ਼ਦੀਕ ਬਲਬੀਰ ਕਲੋਨੀ ਦਾ ਰਹਿਣ ਵਾਲਾ ਸੀ। ਜਿਸਦਾ ਉਸਦੀ ਹੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਕਰ ਦਿੱਤਾ। ਉਨ੍ਹਾਂ ਨੇ ਆਪਣੇ ਰਸਤੇ ਤੋਂ ਹਟਾਉਣ ਲਈ ਉਸਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਦੱਬ ਦਿੱਤਾ ਗਿਆ। ਮ੍ਰਿਤਕ ਦੀ ਲਾਸ਼ ਨੂਰਖੇੜੀ ਦੇ ਕੋਲ ਦੱਬੀ ਹੋਈ ਸੀ ਜਿਸਨੂੰ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਕਢਵਾ ਲਿਆ ਗਿਆ।
ਸਾਬਕਾ ਮੰਤਰੀ ਡਾ. ਵਿਜੇ ਸਿੰਗਲਾ ਨੇ ਹਾਈਕੋਰਟ ਦਾ ਕੀਤਾ ਰੁਖ਼, ਜ਼ਮਾਨਤ ਲਈ ਪਟੀਸ਼ਨ ਕੀਤੀ ਦਾਇਰ
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ.ਵਿਜੇ ਸਿੰਗਲਾ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਰੁਖ ਕਰ ਲਿਆ ਹੈ। ਉਨ੍ਹਾਂ ਨੇ ਹਾਈਕੋਰਟ ‘ਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਵਿਰੋਧੀਆਂ ਵਲੋਂ ਸਾਜ਼ਿਸ ਤਹਿਤ ਫਸਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੇਰੇ ਕੋਲੋਂ ਰੁਪਇਆਂ ਦੀ ਬਰਾਮਦਗੀ ਨਹੀਂ ਹੋਈ। ਸਿਰਫ ਆਰੋਪਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਗਈ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁਹਾਲੀ ਕੋਰਟ ਸਿੰਗਲਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਚੁੱਕੀ ਹੈ। ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਆਰੋਪ ਲੱਗੇ ਹਨ। ਉਹ ਰੋਪੜ ਜ਼ੇਲ੍ਹ ‘ਚ ਬੰਦ ਹਨ। ਸਿੰਗਲਾ ਦੀ ਇਸ ਪਟੀਸ਼ਨ ‘ਤੇ ਹਾਈਕੋਰਟ ‘ਚ ਜਲਦ ਹੀ ਸੁਣਵਾਈ ਹੋ ਸਕਦੀ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੇ ਕੋਵਿਡ ਸੰਬੰਧੀ ਨਵੀਂ ਐਡਵਾਈਜ਼ਰੀ ਕੀਤੀ ਜਾਰੀ
ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਵਿਡ ਸੰਬੰਧੀ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਚੰਡੀਗੜ੍ਹ ਵਿਚ ਜਨਤਕ ਥਾਵਾਂ ’ਤੇ ਹੁਣ ਇੱਕ ਵਾਰ ਫਿਰ ਤੋਂ ਮਾਸਕ ਪਹਿਨਣਾ ਲਾਜ਼ਮੀ ਕਰਾਰ ਦੇ ਦਿੱਤਾ ਗਿਆ ਹੈ। ਇਸ ਸੰਬੰਧੀ ਚੰਡੀਗੜ੍ਹ ਪ੍ਰਸ਼ਾਸਨ ਨੇ ਹੁਕਮ ਜਾਰੀ ਕੀਤੇ ਹਨ।

ਅਦਾਲਤ ਨੇ ਸਾਧੂ ਸਿੰਘ ਧਰਮਸੋਤ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ‘ਚ ਭੇਜਿਆ
ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਧਰਮਸੋਤ ਦੀ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ੀ ਹੋਈ। ਮੁਹਾਲੀ ਅਦਾਲਤ ਨੇ ਸਾਧੂ ਸਿੰਘ ਧਰਮਸੋਤ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਮਾਮਲੇ ਦੀ ਅਗਲੀ ਸੁਣਵਾਈ 27 ਜੂਨ ਨੂੰ ਹੋਵੇਗੀ।
ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਦੇ ਵਲੋਂ ਜੰਗਲਾਤ ਘੁਟਾਲਾ ਮਾਮਲੇ ਵਿੱਚ 16 ਹੋਰ ਡੀ.ਐਫ.ਓ. ਨੂੰ ਸੰਮਨ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਵਿਜੀਲੈਂਸ ਬਿਊਰੋ ਨੇ 7 ਜੂਨ ਨੂੰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਸੀ। ਵਿਜੀਲੈਂਸ ਦੀ ਟੀਮ ਨੇ ਤੜਕੇ ਤਿੰਨ ਵਜੇ ਅਮਲੋਹ ਤੋਂ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ।
ਧਰਮਸੋਤ ‘ਤੇ ਜੰਗਲਾਤ ਮੰਤਰੀ ਰਹਿੰਦਿਆਂ ਦਰੱਖਤ ਕੱਟਣ ਬਦਲੇ ਰਿਸ਼ਵਤ ਲੈਣ ਤੇ ਹਜ਼ਾਰਾਂ ਹੀ ਦਰੱਖਤਾਂ ਵੇਚਣ ਦੇ ਦੋਸ਼ ਲੱਗੇ ਹਨ। ਮੰਤਰੀ ਦੀ ਮਿਲੀਭੁਗਤ ਨਾਲ ਦਰੱਖ਼ਤ ਕੱਟੇ ਜਾਂਦੇ ਸੀ। ਇੱਕ ਦਰੱਖਤ ਕੱਟਣ ਦੇ ਮੰਤਰੀ ਤੱਕ 500 ਰੁਪਏ ਪਹੁੰਚਦੇ ਸੀ। ਨਵੇਂ ਬੂਟੇ ਲਗਾਉਣ ‘ਤੇ ਵੀ ਕਮਿਸ਼ਨ ਲੈਣ ਦਾ ਇਲਜ਼ਾਮ ਹੈ। ਇੱਕ ਸਾਲ ਚ ਕਰੀਬ 25 ਹਜ਼ਾਰ ਦਰੱਖ਼ਤ ਕੱਟੇ ਗਏ। ਪਿਛਲੀ ਕਾਂਗਰਸ ਸਰਕਾਰ ਵੇਲੇ ਧਰਮਸੋਤ ‘ਤੇ SC ਸਕਾਲਰਸ਼ਿਪ ਘੁਟਾਲੇ ਦੇ ਵੀ ਇਲਜ਼ਾਮ ਲੱਗੇ ਸਨ। ਹਾਲਾਂਕਿ ਜਾਂਚ ਦੌਰਾਨ ਧਰਮਸੋਤ ਨੂੰ ਤਤਕਾਲੀ ਸਰਕਾਰ ਨੇ ਕਲੀਨਚਿੱਟ ਦਿੱਤੀ ਸੀ।
ਨੂਪੁਰ ਸ਼ਰਮਾ ਵਲੋਂ ਪੈਗੰਬਰ ‘ਤੇ ਕੀਤੀ ਵਿਵਾਦਿਤ ਟਿੱਪਣੀ ਖਿਲਾਫ਼ ਕੁਵੈਤ ‘ਚ ਵੀ ਲੋਕ ਉਤਰੇ ਸੜਕਾਂ ‘ਤੇ, ਸਰਕਾਰ ਨੇ ਗ੍ਰਿਫਤਾਰੀ ਦੇ ਦਿੱਤੇ ਆਦੇਸ਼
ਪੈਗੰਬਰ ਮੁਹੰਮਦ ‘ਤੇ ਵਿਵਾਦਿਤ ਟਿੱਪਣੀ ਦੇ ਖਿਲਾਫ ਕੁਵੈਤ ਦੇ ਫਹੀਲ ਇਲਾਕੇ ‘ਚ ਭਾਰੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਕੁਵੈਤ ਸਰਕਾਰ ਨੇ ਸਖਤ ਕਾਰਵਾਈ ਕਰਦੇ ਹੋਏ ਪੈਗੰਬਰ ਦੇ ਸਮਰਥਨ ‘ਚ ਨਾਅਰੇਬਾਜ਼ੀ ਕਰਨ ਵਾਲੇ ਪ੍ਰਵਾਸੀ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਕੁਵੈਤ ਵਾਪਸ ਆਉਣ ‘ਤੇ ਵੀ ਪਾਬੰਦੀ ਲਗਾ ਦਿੱਤੀ ਜਾਵੇਗੀ।

ਮੀਡੀਆ ਰਿਪੋਰਟ ਅਨੁਸਾਰ ਫਹੀਲ ‘ਚ ਪ੍ਰਵਾਸੀਆਂ ਨੇ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਨੂਪੁਰ ਸ਼ਰਮਾ ਖਿਲਾਫ ਪ੍ਰਦਰਸ਼ਨ ਕੀਤਾ। ਇਸ ਨਾਲ ਕੁਵੈਤ ਸਰਕਾਰ ਨਾਰਾਜ਼ ਹੋ ਗਈ। ਇਸ ਨੂੰ ਕੁਵੈਤੀ ਕਾਨੂੰਨ ਦੀ ਸਿੱਧੀ ਉਲੰਘਣਾ ਮੰਨਿਆ ਜਾ ਰਿਹਾ ਹੈ।

ਨੂਪੁਰ ਸ਼ਰਮਾ ਦੇ ਬਿਆਨ ‘ਤੇ ਹੰਗਾਮਾ
ਅਸਲ ‘ਚ ਭਾਰਤ ‘ਚ ਭਾਰਤੀ ਜਨਤਾ ਪਾਰਟੀ ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ ਨੇ ਕਰੀਬ 10 ਦਿਨ ਪਹਿਲਾਂ ਇਕ ਟੀਵੀ ਚੈਨਲ ‘ਤੇ ਬਹਿਸ ਦੌਰਾਨ ਪੈਗੰਬਰ ਮੁਹੰਮਦ ‘ਤੇ ਕਥਿਤ ਤੌਰ ‘ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਮਾਮਲਾ ਜ਼ੋਰ ਫੜ ਗਿਆ ਅਤੇ ਇਸਲਾਮਿਕ ਦੇਸ਼ਾਂ ਨੇ ਇਸ ਦੀ ਨਿੰਦਾ ਕੀਤੀ। ਇੱਕ ਹਫ਼ਤੇ ਤੋਂ ਕਈ ਦੇਸ਼ਾਂ ਵਿੱਚ ਨੂਪੁਰ ਖ਼ਿਲਾਫ਼ ਪ੍ਰਦਰਸ਼ਨ ਚੱਲ ਰਹੇ ਹਨ।












