ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਵਿਚ ਸ਼ਾਮਲ ਕਾਂਗਰਸ ਦੇ ਐਮਪੀ ਸੰਤੋਖ ਸਿੰਘ ਚੌਧਰੀ ਦੀ ਤਬੀਅਤ ਵਿਗੜਣ ਮਗਰੋਂ ਅੱਜ ਸਵੇਰੇ ਦਿਹਾਂਤ ਹੋ ਗਿਆ। ਜਿਸ ਕਾਰਨ ਕਾਂਗਰਸ ਪਾਰਟੀ ਵੱਲੋਂ ਭਾਰਤ ਜੋੜੋ ਯਾਤਰਾ 24 ਘੰਟਿਆਂ ਦੇ ਲਈ ਰੋਕ ਦਿੱਤੀ ਗਈ ਹੈ। ਹੁਣ ਇਹ ਯਾਤਰਾ ਕੱਲ੍ਹ ਜਲੰਧਰ ਦੇ ਖਾਲਸਾ ਕਾਲਜ ਗਰਾਊਂਡ ਤੋਂ ਸ਼ੁਰੂ ਹੋਵੇਗੀ। ਇਸ ਸਬੰਧੀ ਜਾਣਕਾਰੀ ਕਾਂਗਰਸੀ ਆਗੂ ਜੈ ਰਾਮ ਰਮੇਸ਼ ਨੇ ਟਵੀਟ ਕਰਕੇ ਦਿੱਤੀ ਹੈ।

ਉਨ੍ਹਾਂ ਟਵੀਟ ਕਰਦੇ ਹੋਏ ਕਿਹਾ ਕਿ ਜਲੰਧਰ ਤੋਂ ਕਾਂਗਰਸ ਦੇ ਐਮ.ਪੀ ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਦੇ ਮੱਦੇਨਜ਼ਰ ਭਾਰਤ ਜੋੜੋ ਯਾਤਰਾ 24 ਘੰਟਿਆਂ ਲਈ ਰੋਕ ਦਿੱਤੀ ਗਈ ਹੈ। ਜਲੰਧਰ ਵਿਖੇ ਖ਼ਾਲਸਾ ਕਾਲਜ ਗਰਾਊਂਡ ਤੋਂ ਕੱਲ੍ਹ ਦੁਪਹਿਰ ਨੂੰ ਯਾਤਰਾ ਮੁੜ ਤੋਂ ਸ਼ੁਰੂ ਹੋਵੇਗੀ।

ਦੱਸ ਦਈਏ ਕਿ ਭਾਰਤਾ ਜੋੜੋ ਯਾਤਰਾ ਦੌਰਾਨ ਉਨ੍ਹਾਂ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਸੀ ਅਤੇ ਉਹ ਹੇਠਾਂ ਡਿੱਗ ਗਏ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ।

ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਕਈ ਸਿਆਸੀ ਆਗੂਆਂ ਨੇ ਦੁੱਖ ਪ੍ਰਗਟ ਕੀਤਾ ਹੈ। ਦੱਸ ਦਈਏ ਕਿ ਚੌਧਰੀ ਸੰਤੋਖ ਸਿੰਘ ਜਲੰਧਰ ਤੋਂ ਸੰਸਦ ਮੈਂਬਰ ਸਨ। ਚੌਧਰੀ ਸੰਤੋਖ ਸਿੰਘ ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ਵਿਚ ਜੁਟੇ ਹੋਏ ਸਨ। ਭਲਕੇ ਭਾਰਤ ਜੋੜੋ ਯਾਤਰਾ ਜਲੰਧਰ ਜ਼ਿਲ੍ਹੇ ਵਿਚ ਦਾਖ਼ਲ ਹੋਣੀ ਸੀ ਇਸ ਨੂੰ ਲੈ ਕੇ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਸੀ। ਉਹ ਦੂਜੀ ਵਾਰ ਸੰਸਦ ਮੈਂਬਰ ਬਣੇ ਸੀ।

ਇਸ ਤੋਂ ਪਹਿਲਾਂ ਉਹ ਫਿਲੌਰ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕਰਦਿਆਂ 1992 ਤੋਂ 1997 ਤੱਕ ਕਾਂਗਰਸ ਸਰਕਾਰ ਵਿੱਚ ਰਾਜਿੰਦਰ ਕੌਰ ਭੱਠਲ ਅਤੇ ਹਰਚਰਨ ਸਿੰਘ ਬਰਾੜ ਦੀ ਕੈਬਨਿਟ ਵਿੱਚ ਮੰਤਰੀ ਵੀ ਰਹਿ ਚੁੱਕੇ ਸਨ।