Home Blog Page 2002

ਨਵੇਂ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਤੋਂ ਬਾਅਦ ਪੰਜਾਬ ਕੈਬਨਿਟ ਦੀ ਅੱਜ ਹੋਵੇਗੀ ਅਹਿਮ ਮੀਟਿੰਗ

0

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੈਬਨਿਟ ਦੀ ਮੀਟਿੰਗ ਅੱਜ 6 ਜੁਲਾਈ ਨੂੰ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਵੇਗੀ। ਭਗਵੰਤ ਮਾਨ ਕੈਬਨਿਟ ਵਿਚ 5 ਨਵੇਂ ਮੰਤਰੀ ਹੋਰ ਸ਼ਾਮਿਲ ਹੋਣ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੋ ਰਹੀ ਹੈ। ਇਹ ਮੀਟਿੰਗ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸਵੇਰੇ 10.30 ਵਜੇ ਹੋਵੇਗੀ।

ਦੱਸ ਦਈਏ ਕਿ ਪੰਜਾਬ ਵਿਚ ਨਵੇਂ ਬਣੇ ਮੰਤਰੀਆਂ ਨੂੰ ਬੀਤੇ ਦਿਨੀ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਗਈ ਹੈ। ਇਨ੍ਹਾਂ ਵਿਚ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਨੂੰ ਲੋਕ ਸੰਪਰਕ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ। ਅੰਮ੍ਰਿਤਸਰ ਸਾਊਥ ਤੋਂ ਡਾ. ਇੰਦਰਬੀਰ ਨਿੱਝਰ ਨੂੰ ਸਥਾਨਕ ਸਰਕਾਰਾਂ ਵਿਭਾਗ ਦਿੱਤਾ ਗਿਆ ਹੈ। ਚੇਤਨ ਸਿੰਘ ਜੌੜਾਮਾਜਰਾ ਨੂੰ ਸਿਹਤ ਵਿਭਾਗ ਦਿੱਤਾ ਗਿਆ ਹੈ। ਫੌਜਾ ਸਿੰਘ ਸਰਾਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਦਾ ਕਾਰਜਭਾਰ ਸੰਭਾਲਣਗੇ। ਅਨਮੋਲ ਗਗਨ ਮਾਨ ਨੂੰ ਸੈਰ ਸਪਾਟਾ ਅਤੇ ਸੱਭਿਆਚਾਰ ਵਿਭਾਗ ਦੀ ਵਾਗਡੋਰ ਸੌਂਪੀ ਗਈ ਹੈ।

ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਮੀਤ ਸਿੰਘ ਮੀਤ ਹੇਅਰ ਤੋਂ ਸਿੱਖਿਆ ਮਹਿਕਮਾ ਵਾਪਸ ਲੈ ਲਿਆ ਹੈ। ਹੁਣ ਹਰਜੋਤ ਬੈਂਸ ਨਵੇਂ ਸਕੂਲ ਸਿੱਖਿਆ ਮੰਤਰੀ ਹੋਣਗੇ। ਹਰਜੋਤ ਬੈਂਸ ਕੋਲ ਜੇਲ੍ਹ ਮਹਿਕਮਾ ਵੀ ਰਹੇਗਾ। ਦੂਜੇ ਪਾਸੇ ਮੀਤ ਹੇਅਰ ਨੂੰ ਹੁਣ ਗਵਰਨੈਂਸ ਸੁਧਾਰ, ਪ੍ਰਿੰਟਿੰਗ ਐਂਡ ਸਟੇਸ਼ਨਰੀ, ਸਾਇੰਸ ਟੈਕਨਾਲੌਜੀ ਐਂਡ ਐਨਵਾਇਰਮੈਂਟ, ਸਪੋਰਟਸ ਐਂਡ ਯੂਥ ਸਰਵਿਸ ਅਤੇ ਉੱਚ ਸਿੱਖਿਆ ਮਹਿਕਮੇ ਦਿੱਤੇ ਗਏ ਹਨ।

ਜਤਿੰਦਰ ਔਲਖ ਪੰਜਾਬ ਦੇ ਨਵੇਂ ਇੰਟੈਲੀਜੈਂਸ ਮੁਖੀ ਬਣੇ

0

ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਆਈਜੀ ਜਤਿੰਦਰ ਔਲਖ ਨੂੰ ਸੂਬੇ ਦਾ ਨਵਾਂ ਇੰਟੈਲੀਜੈਂਸ ਮੁਖੀ ਲਾਇਆ ਹੈ। ਸੂਬਾ ਸਰਕਾਰ ਨੇ ਡੀਜੀਪੀ (ਇੰਟੈਲੀਜੈਂਸ) ਪ੍ਰਬੋਧ ਕੁਮਾਰ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਆਈਜੀ ਜਤਿੰਦਰ ਔਲਖ ਨੂੰ ਲਾਇਆ ਹੈ। ਆਈਜੀ ਔਲਖ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਦੇ ਇੰਚਾਰਜ ਖੁਫ਼ੀਆ ਵਿੰਗ ਦੇ ਮੁਖੀ ਹੋਣਗੇ। ਸਰਕਾਰ ਨੇ ਦੂਜੇ ਡੀਜੀਪੀਜ਼ ਲਈ ਵੀ ਨਵੇਂ ਤਾਇਨਾਤੀ ਆਦੇਸ਼ ਜਾਰੀ ਕੀਤੇ ਹਨ, ਜੋ ਆਪਣੀ ਸੀਨੀਆਰਤਾ ਕਾਰਨ ਕਾਰਜਕਾਰੀ ਡੀਜੀਪੀ ਵਜੋਂ ਤਾਇਨਾਤ ਨਹੀਂ ਹੋ ਸਕਦੇ ਸਨ।

ਡੀਜੀਪੀ ਸੰਜੀਵ ਕਾਲੜਾ, ਮੈਨੇਜਿੰਗ ਡਾਇਰੈਕਟਰ, ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਨੂੰ ਡੀਜੀਪੀ, ਹੋਮ ਗਾਰਡਜ਼ ਵਜੋਂ ਤਾਇਨਾਤ ਕੀਤਾ ਗਿਆ ਹੈ। ਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਡੀਜੀਪੀ ਜੇਲ੍ਹਾਂ ਤੋਂ ਇਲਾਵਾ ਐਸਟੀਐਫ ਦੇ ਮੁਖੀ ਹਨ। ਡੀਜੀਪੀ ਕੁਲਦੀਪ ਸਿੰਘ ਇੰਟਰਨਲ ਵਿਜੀਲੈਂਸ ਦੇ ਮੁਖੀ ਹਨ। ਡਾ: ਸ਼ਰਦ ਸਤਿਆ ਚੌਹਾਨ ਡੀਜੀਪੀ, ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ, ਅਤੇ ਸੁਧਾਂਸ਼ੂ ਐਸ ਸ਼੍ਰੀਵਾਸਤਵ ਏਡੀਜੀਪੀ, ਸੁਰੱਖਿਆ ਹਨ।

 

ਵਿਜੇ ਕੁਮਾਰ ਜੰਜੂਆ ਬਣੇ ਪੰਜਾਬ ਦੇ ਨਵੇਂ ਮੁੱਖ ਸਕੱਤਰ

0

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਅਨਿਰੁਧ ਤਿਵਾੜੀ ਦੀ ਥਾਂ ਵਿਜੇ ਕੁਮਾਰ ਜੰਜੂਆ ਨੂੰ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਜੰਜੂਆ 1989 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ ਅਤੇ ਮੌਜੂਦਾ ਸਮੇਂ ਦੌਰਾਨ ਵਿਸ਼ੇਸ਼ ਮੁੱਖ ਸਕੱਤਰ ਜੇਲ੍ਹਾਂ ਅਤੇ ਇਸ ਤੋਂ ਇਲਾਵਾ ਵਿਸ਼ੇਸ਼ ਮੁੱਖ ਸਕੱਤਰ ਚੋਣਾਂ ਦਾ ਅਹੁਦਾ ਸੰਭਾਲ ਰਹੇ ਹਨ।

ਪੰਜਾਬ ਇੰਜਨੀਅਰਿੰਗ ਕਾਲਜ, ਚੰਡੀਗੜ੍ਹ ਤੋਂ ਇਲੈਕਟ੍ਰੋਨਿਕਸ ਵਿੱਚ ਬੀ.ਟੈਕ ਕਰਨ ਉਪਰੰਤ, ਜੰਜੂਆ ਨੇ ਇੱਕ ਸਾਲ ਐਸ.ਸੀ.ਐਲ (ਸੈਮੀ-ਕੰਡਕਟਰ ਕੰਪਲੈਕਸ), ਮੁਹਾਲੀ ਵਿੱਚ ਕੰਮ ਕੀਤਾ, ਫਿਰ ਪੁਲਾੜ ਏਜੰਸੀਆਂ ਲਈ ਕੰਪਿਊਟਰ ਚਿਪਸ ਡਿਜ਼ਾਈਨ ਕਰਨ ਵਾਲੀ ਭਾਰਤ ਸਰਕਾਰ ਦੀ ਇੱਕ ਐਂਟਰਪ੍ਰਾਈਜ਼ ਵਿਚ ਵੀ ਸੇਵਾਵਾਂ ਨਿਭਾਈਆਂ ।

ਉਹਨਾਂ ਭਾਰਤ ਸਰਕਾਰ ਦੇ ਨਾਲ ਇੱਕ  ਆਈ.ਟੀ.ਐਸ. (ਭਾਰਤੀ ਦੂਰਸੰਚਾਰ ਸੇਵਾ) ਇੰਜਨੀਅਰ ਵਜੋਂ ਵੀ ਢਾਈ ਸਾਲ ਕੰਮ ਕੀਤਾ। 1988 ਵਿੱਚ ਆਈ.ਆਰ.ਐਸ (ਇਨਕਮ ਟੈਕਸ) ਲਈ ਚੁਣੇ ਗਏ ਅਤੇ ਫਿਰ 1989 ਵਿੱਚ ਆਲ ਇੰਡੀਆ 12ਵੇਂ ਰੈਂਕ ਨਾਲ ਆਈ.ਏ.ਐਸ. ਵਿੱਚ ਚੁਣੇ ਜਾਣ ਪਿੱਛੋਂ ਪੰਜਾਬ ਕੇਡਰ ਅਲਾਟ ਕੀਤਾ ਹੋਇਆ। ਸੇਵਾ ਕਾਲ ਦੌਰਾਨ ਪੰਜਾਬ ਯੂਨੀਵਰਸਿਟੀ ਤੋਂ ਐਲ.ਐਲ.ਬੀ. ਦੀ ਡਿਗਰੀ ਅਤੇ ਇਗਨੰੂ, ਨਵੀਂ ਦਿੱਲੀ ਤੋਂ ਸਪੈਸ਼ਲਾਈਜ਼ੇਸ਼ਨ ਇਨ ਫਾਇਨਾਂਸ ਦੇ ਨਾਲ ਐਮ.ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਡਿਊਕ ਯੂਨੀਵਰਸਿਟੀ ਅਮਰੀਕਾ ਤੋਂ ਅੰਤਰਰਾਸ਼ਟਰੀ ਵਿਕਾਸ ਨੀਤੀਆਂ ਵਿੱਚ ਐਮ.ਏ. ਵੀ ਕੀਤੀ।

ਸ੍ਰੀ ਜੰਜੂਆ ਨੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕੀਤਾ ਜਿਸ ਵਿੱਚ ਪੇਂਡੂ ਵਿਕਾਸ, ਉਦਯੋਗ, ਕਿਰਤ, ਪਸ਼ੂ ਪਾਲਣ ਆਦਿ ਸ਼ਾਮਲ ਹਨ।  ਭਾਰਤ ਸਰਕਾਰ ਵਿਚ ਹੁੰਦਿਆਂ ਉਦਯੋਗਿਕ ਨੀਤੀ ਅਤੇ ਪ੍ਰੋਤਸਾਹਨ ਵਿਭਾਗ ਵਿੱਚ  ਡਾਇਰੈਕਟਰ (ਉਦਯੋਗ) ਵਜੋਂ ਤਿੰਨ ਸਾਲ ਲਈ ਸੇਵਾ ਨਿਭਾਈ। ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਆਪਣੇ ਕਾਰਜਕਾਲ ਦੌਰਾਨ, ਸ੍ਰੀ ਜੰਜੂਆ ਨੇ ਐਨ.ਆਈ.ਸੀ. ਦੀ ਮਦਦ ਨਾਲ ਇੱਕ  ਸਾਫਟਵੇਅਰ ‘ਪ੍ਰੀਜ਼ਮ’ ਤਿਆਰ ਕੀਤਾ ਅਤੇ ਪੰਜਾਬ ਵਿੱਚ ਪਹਿਲੀ ਵਾਰ ਜਾਇਦਾਦਾਂ ਦੀ ਕੰਪਿਊਟਰਾਈਜਡ ਰਜਿਸਟ੍ਰੇਸ਼ਨ ਸ਼ੁਰੂ ਕੀਤੀ।

ਉਨਾਂ ਨੇ ਪੰਜਾਬ ਵਿੱਚ ਸੌਖੇ ਢੰਗ ਨਾਲ ਕਾਰੋਬਾਰ ਕਰਨ ਦੀ ਸਹੂਲਤ ਨੂੰ ਸੁਧਾਰਨ ਦੇ ਨਾਲ-ਨਾਲ ਸੂਬੇ ਵਿੱਚ ਨਿਵੇਸ਼ ਦੇ ਮਾਹੌਲ ਨੂੰ ਸੁਧਾਰਨ ਲਈ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਇਸੇ ਤਰ੍ਹਾਂ ਉਨ੍ਹਾਂ ਨੇ ਮਾਲ ਵਿਭਾਗ ਵਿੱਚ ਬਤੌਰ ਵਿੱਤ ਕਮਿਸ਼ਨਰ ਮਾਲ ਵਜੋਂ ਕਈ ਮਹੱਤਵਪੂਰਨ ਪਹਿਲਕਦਮੀਆਂ ਵੀ ਕੀਤੀਆਂ। ਉਨ੍ਹਾਂ ਦੀ ਅਗਵਾਈ ਹੇਠ ਮਾਲ ਵਿਭਾਗ ਵਿੱਚ ਲਗਭਗ 15 ਦਿਨਾਂ ਵਿੱਚ ਲਗਭਗ 2.2 ਕਰੋੜ ਖਸਰਾ ਗਿਰਦਾਵਰੀ ਐਂਟਰੀਆਂ ਡਿਜੀਟਲ ਵਿਧੀ ਰਾਹੀਂ ਕੀਤੀਆਂ ਗਈਆਂ।

LPG ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ ਹੋਇਆ ਭਾਰੀ ਵਾਧਾ

0

ਮਹਿੰਗਾਈ ਕਾਰਨ ਲੋਕ ਪਹਿਲਾਂ ਹੀ ਪ੍ਰੇਸ਼ਾਨ ਹਨ। ਇਸ ਦੌਰਾਨ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਗੈਸ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਹੈ। ਹੁਣ 14.2 ਕਿਲੋ ਦੇ ਘਰੇਲੂ ਐਲਪੀਜੀ ਸਿਲੰਡਰ ਲਈ ਤੁਹਾਨੂੰ 50 ਰੁਪਏ ਹੋਰ ਦੇਣੇ ਪੈਣਗੇ। ਹੁਣ ਦਿੱਲੀ ‘ਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 1053 ਰੁਪਏ ਹੋਵੇਗੀ। ਜਦਕਿ ਪਹਿਲਾਂ ਇਸ ਦੀ ਕੀਮਤ 1003 ਰੁਪਏ ਸੀ। ਇਸ ਤੋਂ ਇਲਾਵਾ ਕੋਲਕਾਤਾ ‘ਚ ਘਰੇਲੂ ਗੈਸ ਸਿਲੰਡਰ ਦੀ ਕੀਮਤ 1079 ਰੁਪਏ, ਮੁੰਬਈ ‘ਚ 1052.50 ਰੁਪਏ ਅਤੇ ਚੇਨਈ ‘ਚ 1068.50 ਰੁਪਏ ਹੋ ਗਈ ਹੈ।ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ।

ਇਸ ਤੋਂ ਇਲਾਵਾ ਪੰਜ ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਹੁਣ ਪੰਜ ਕਿਲੋ ਦੇ ਸਿਲੰਡਰ ਦੀ ਕੀਮਤ ਵਿੱਚ 18 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ।

ਦੂਜੇ ਪਾਸੇ ਕਮਰਸ਼ੀਅਲ ਸਿਲੰਡਰ (LPG ਕਮਰਸ਼ੀਅਲ ਸਿਲੰਡਰ ਪ੍ਰਾਈਸ) ਦੀ ਕੀਮਤ ‘ਚ ਇਕ ਵਾਰ ਫਿਰ ਕਟੌਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ 1 ਜੁਲਾਈ ਨੂੰ ਤੇਲ ਕੰਪਨੀਆਂ ਵੱਲੋਂ ਵਪਾਰਕ ਸਿਲੰਡਰ (ਐਲਪੀਜੀ ਕਮਰਸ਼ੀਅਲ ਸਿਲੰਡਰ ਪ੍ਰਾਈਸ) ਦੀ ਕੀਮਤ ਵਿੱਚ 198 ਰੁਪਏ ਦੀ ਵੱਡੀ ਕਟੌਤੀ ਕੀਤੀ ਗਈ ਸੀ। ਜਿਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਆਉਣ ਵਾਲੇ ਸਮੇਂ ‘ਚ ਘਰੇਲੂ ਗੈਸ ਸਿਲੰਡਰ ਵੀ ਸਸਤਾ ਹੋ ਜਾਵੇਗਾ। ਪਰ ਹੁਣ ਕੰਪਨੀਆਂ ਨੇ ਕੀਮਤਾਂ ਵਧਾ ਕੇ ਆਮ ਆਦਮੀ ਨੂੰ ਝਟਕਾ ਦਿੱਤਾ ਹੈ।

ਕਮਰਸ਼ੀਅਲ ਸਿਲੰਡਰ 8.50 ਰੁਪਏ ਸਸਤਾ 
1 ਜੁਲਾਈ ਨੂੰ ਦਿੱਲੀ ‘ਚ ਕਮਰਸ਼ੀਅਲ ਗੈਸ ਸਿਲੰਡਰ 2021 ਰੁਪਏ ਹੋ ਗਿਆ ਸੀ। ਹੁਣ 6 ਜੁਲਾਈ ਨੂੰ ਕੀਮਤ ‘ਚ ਹੋਰ ਕਟੌਤੀ ਤੋਂ ਬਾਅਦ ਇਹ 2012.50 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਕੋਲਕਾਤਾ ‘ਚ 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ 2,132 ਰੁਪਏ ‘ਚ ਮਿਲੇਗਾ। ਮੁੰਬਈ ਵਿੱਚ ਇਹ 1972.50 ਰੁਪਏ ਅਤੇ ਚੇਨਈ ਵਿੱਚ 2177.50 ਰੁਪਏ ਤੱਕ ਪਹੁੰਚ ਗਿਆ ਹੈ। 

ਪੰਜਾਬ ਪੁਲਿਸ ‘ਚ 334 ASP/DSPs ਅਫਸਰਾਂ ਦਾ ਕੀਤਾ ਗਿਆ ਤਬਾਦਲਾ

0

ਪੰਜਾਬ ‘ਚ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਪੰਜਾਬ ਪੁਲਿਸ ‘ਚ ਵੱਡੇ ਪੱਧਰ ‘ਤੇ ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਪੰਜਾਬ ‘ਚ 334 ASP/DSPs ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ।

 

ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ

0

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਨਵੰਬਰ 2022 ਵਿਚ ਭੇਜਿਆ ਜਾਵੇਗਾ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਵੀਜ਼ਾ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸ਼ਰਧਾਲੂ ਆਪਣੇ ਪਾਸਪੋਰਟ 30 ਜੁਲਾਈ 2022 ਤੱਕ ਜਮ੍ਹਾ ਕਰਵਾ ਸਕਣਗੇ।

ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥਾ ਪਾਕਿਸਤਾਨ ਭੇਜਿਆ ਜਾਵੇਗਾ, ਜਿਸ ਲਈ ਸ਼ਰਧਾਲੂ ਆਪਣੇ ਪਾਸਪੋਰਟ ਭੇਜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਸ਼ਰਧਾਲੂ ਇਸ ਇਤਿਹਾਸਕ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਸਮੇਤ ਹੋਰ ਗੁਰਧਾਮਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਉਹ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਦੇ ਹਲਕਾ ਮੈਂਬਰ ਦੀ ਸ਼ਿਫਾਰਸ ਸਹਿਤ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਯਾਤਰਾ ਵਿਭਾਗ ਵਿਚ ਭੇਜਣ।

ਸ. ਰਮਦਾਸ ਨੇ ਜਾਣਕਾਰੀ ਦਿੱਤੀ ਕਿ ਸ਼ਰਧਾਲੂਆਂ ਲਈ ਪਾਸਪੋਰਟ ਦੇ ਨਾਲ ਪਛਾਣ ਦੇ ਸਬੂਤ ਵਜੋਂ ਅਧਾਰ ਕਾਰਡ, ਵੋਟਰ ਕਾਰਡ ਜਾਂ ਰਾਸ਼ਨ ਕਾਰਡ ਦੀ ਫੋਟੋ ਕਾਪੀ ਲਗਾਉਣੀ ਜ਼ਰੂਰੀ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਆਪਣੇ ਪਾਸਪੋਰਟ ਅਤੇ ਦਸਤਾਵੇਜ਼ ਸ਼੍ਰੋਮਣੀ ਕਮੇਟੀ ਨੂੰ ਦੇਣ ਤਾਂ ਜੋ ਵੀਜ਼ਾ ਪ੍ਰਕਿਰਿਆ ਪੂਰੀ ਕਰਨ ਲਈ ਅਗਲੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਹਰਿਆਣਾ ਨਾਲ ਸਬੰਧਤ ਸ਼ਰਧਾਲੂ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਦੇ ਉੱਪ ਦਫ਼ਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਹਰਿਆਣਾ ਵਿਖੇ ਵੀ ਜਮ੍ਹਾਂ ਕਰਵਾ ਸਕਦੇ ਹਨ।

ਮੌਸਮ ਵਿਭਾਗ ਨੇ ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਭਾਰੀ ਮੀਂਹ ਪੈਣ ਦਾ ਅਲਰਟ ਕੀਤਾ ਜਾਰੀ

0

ਭਾਰਤ ਸਰਕਾਰ ਦੇ ਮੌਸਮ ਵਿਭਾਗ ਵਲੋਂ ਪੰਜਾਬ ਸਮੇਤ ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਰਾਜਸਥਾਨ ਅਤੇ ਮੱਧ ਪ੍ਰਦੇਸ਼ ‘ਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਅਨੁਸਾਰ ਦਿੱਲੀ ‘ਚ 9 ਜੁਲਾਈ ਤੱਕ ਮੀਂਹ ਜਾਰੀ ਰਹੇਗਾ। ਇਸਦੇ ਨਾਲ ਹੀ ਪੰਜਾਬ ‘ਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਪੰਜਾਬ ਦੇ ਸਾਰੇ ਹਿੱਸਿਆਂ ‘ਚ ਬੱਦਲ ਛਾਏ ਰਹੇ ਤੇ ਬੀਤੇ ਦਿਨੀ ਕੁੱਝ ਥਾਵਾਂ ‘ਤੇ ਮੀਂਹ ਵੀ ਪਿਆ ਹੈ। ਮੀਂਹ ਪੈਣ ਨਾਲ ਤਾਪਮਾਨ ‘ਚ ਕੁੱਝ ਗਿਰਾਵਟ ਆਈ। ਪੰਜਾਬ ‘ਚ ਇਸ ਵਾਰ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।

ਮੁੰਬਈ, ਠਾਣੇ, ਪਾਲਘਰ, ਰਾਏਗੜ੍ਹ, ਰਤਨਾਗਿਰੀ, ਸਿੰਧੂਦੁਰਗ, ਪੁਣੇ, ਬੀਡ, ਲਾਤੂਰ, ਜਾਲਨਾ, ਪਰਭਨੀ ਅਤੇ ਮਹਾਰਾਸ਼ਟਰ ਦੇ ਕਈ ਹੋਰ ਖੇਤਰਾਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਕਾਰਨ ਪਹਿਲਾਂ ਹੀ ਬਰਸਾਤ ਦੀ ਮਾਰ ਝੱਲ ਰਹੇ ਲੋਕਾਂ ਦੀਆਂ ਮੁਸ਼ਕਲਾਂ ਵਧਣ ਦਾ ਖ਼ਦਸ਼ਾ ਹੈ। ਅਗਲੇ 24 ਘੰਟਿਆਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਐਨਸੀਆਰ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਛੱਤੀਸਗੜ੍ਹ ਦੇ ਕੁਝ ਜ਼ਿਲ੍ਹਿਆਂ ਵਿੱਚ ਮੰਗਲਵਾਰ ਨੂੰ ਬਿਜਲੀ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਛੱਤੀਸਗੜ੍ਹ ਦੇ 14 ਜ਼ਿਲ੍ਹੇ ਘੱਟ ਬਾਰਿਸ਼ ਦੀ ਲਪੇਟ ਵਿੱਚ ਹਨ। ਇਸਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਗੁਜਰਾਤ, ਕੋਂਕਣ, ਗੋਆ, ਮੱਧ ਮਹਾਰਾਸ਼ਟਰ, ਤੱਟਵਰਤੀ ਆਂਧਰਾ ਪ੍ਰਦੇਸ਼, ਯਾਨਮ, ਤੇਲੰਗਾਨਾ, ਤੱਟਵਰਤੀ ਅਤੇ ਦੱਖਣੀ ਅੰਦਰੂਨੀ ਕਰਨਾਟਕ, ਕੇਰਲ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ

0

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਗੇਂਦ ਤੇ ਬੱਲੇ ਨਾਲ ਦਬਦਬਾ ਬਣਾਉਂਦੇ ਹੋਏ ਦੂਜੇ ਵਨ-ਡੇ ਵਿਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਉਂਦੇ ਹੋਏ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਭਾਰਤੀ ਗੇਂਦਬਾਜ਼ਾਂ ਨੇ ਸ਼੍ਰੀਲੰਕਾ ਨੂੰ 50 ਓਵਰਾਂ ਵਿਚ 173 ਦੌੜਾਂ ‘ਤੇ ਆਊਟ ਕਰ ਕੇ ਟੀਮ ਦੀ ਜਿੱਤ ਦੀ ਨੀਂਹ ਰੱਖੀ। ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਨੇ 28 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਜਦਕਿ ਦੀਪਤੀ ਸ਼ਰਮਾ (2/30) ਤੇ ਮੇਘਨਾ ਸਿੰਘ (2/43) ਨੇ ਵੀ ਵਿਕਟਾਂ ਲਈਆਂ।

ਭਾਰਤ ਦੀਆਂ ਸਲਾਮੀ ਬੱਲੇਬਾਜ਼ਾਂ ਨੇ ਦੌਰੇ ‘ਤੇ ਪਹਿਲੀ ਵਾਰ ਇਕੱਠੇ ਚੰਗਾ ਪ੍ਰਦਰਸ਼ਨ ਕਰਦੇ ਹੋਏ 174 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ ਜਿਸ ਨਾਲ ਭਾਰਤ ਨੇ 25.4 ਓਵਰਾਂ ਵਿਚ ਹੀ ਟੀਚਾ ਹਾਸਲ ਕਰ ਲਿਆ। ਮੰਧਾਨਾ ਤੇ ਸ਼ੇਫਾਲੀ ਦੀ ਇਹ ਸਾਂਝੇਦਾਰੀ ਸ਼੍ਰੀਲੰਕਾ ਖ਼ਿਲਾਫ਼ ਭਾਰਤ ਦੀ ਕਿਸੇ ਵੀ ਵਿਕਟ ਲਈ ਸਰਬੋਤਮ ਸਾਂਝੇਦਾਰੀ ਹੈ। ਇਸ ਨਾਲ ਹੀ ਸਮਿ੍ਤੀ ਮੰਧਾਨਾ (83 ਗੇਂਦਾਂ ਵਿਚ ਅਜੇਤੂ 94) ਤੇ ਸ਼ੇਫਾਲੀ ਵਰਮਾ (71 ਗੇਂਦਾਂ ਵਿਚ ਅਜੇਤੂ 71) ਦੀ ਜੋੜੀ ਆਲੋਚਨਾ ਕਰਨ ਵਾਲਿਆਂ ਨੂੰ ਜਵਾਬ ਦੇਣ ਵਿਚ ਕਾਮਯਾਬ ਰਹੀ। ਪਹਿਲਾ ਵਨ-ਡੇ ਆਸਾਨੀ ਨਾਲ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੂਜੇ ਵਨ ਡੇ ਵਿਚ ਵੀ ਮੁੱਖ ਦਾਅਵੇਦਾਰ ਦੇ ਰੂਪ ਵਿਚ ਉਤਰੀ ਸੀ। ਟਾਸ ਜਿੱਤ ਕੇ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਗੇਂਦਬਾਜ਼ਾਂ ਦੇ ਮੁਤਾਬਕ ਪਿੱਚ ‘ਤੇ ਸ਼੍ਰੀਲੰਕਾ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ।

ਮੇਜ਼ਬਾਨ ਟੀਮ ਪਾਰੀ ਦੀ ਸ਼ੁਰੂਆਤ ਵਿਚ ਹੀ ਮੁਸ਼ਕਲਾਂ ਵਿਚ ਆ ਗਈ। ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਨੇ ਸਟੀਕ ਲਾਈਨ ਤੇ ਲੈਂਥ ਨਾਲ ਗੇਂਦਬਾਜ਼ੀ ਕਰਦੇ ਹੋਏ ਕਰੀਅਰ ਦਾ ਸਰਬੋਤਮ ਪ੍ਰਦਰਸ਼ਨ ਕੀਤਾ। ਰੇਣੂਕਾ ਨੇ ਸ਼ੁਰੂਆਤੀ ਤਿੰਨ ਵਿਕਟਾਂ ਹਾਸਲ ਕਰ ਕੇ ਸ਼੍ਰੀਲੰਕਾ ਦੇ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਜਲਦ ਆਊਟ ਕੀਤਾ। ਹੇਠਲੇ ਨੰਬਰ ਦੀ ਬੱਲੇਬਾਜ਼ ਅਮਾ ਕੰਚਨਾ ਨੇ 83 ਗੇਂਦਾਂ ਵਿਚ ਅਜੇਤੂ 47 ਦੌੜਾਂ ਦੀ ਪਾਰੀ ਖੇਡ ਕੇ ਟੀਮ ਦਾ ਸਕੋਰ 150 ਦੌੜਾਂ ਤੋਂ ਪਾਰ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ।

ਹਾਈਕੋਰਟ ਵਲੋਂ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਵਿਰੁੱਧ ਪਾਈਆਂ ਪਟੀਸ਼ਨਾਂ ਰੱਦ

0

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 2015 ਦੇ ਬਹਿਬਲ ਕਲਾਂ ਗੋਲੀਕਾਂਡ ਦੀ ਪੰਜਾਬ ਪੁਲਿਸ ਦੀ ਜਾਂਚ ਵਿਰੁੱਧ ਦਾਇਰ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਹਿਬਲ ਕਲਾਂ ਗੋਲੀਕਾਂਡ ਵਿਚ ਦਰਜ ਐਫ.ਆਈ.ਆਰ ਅਤੇ ਹੋਈ ਜਾਂਚ ਨੂੰ ਰੱਦ ਕਰਨ ਬਾਰੇ ਦਾਇਰ ਵੱਖ-ਵੱਖ ਪਟੀਸ਼ਨਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਖਾਰਜ ਕਰ ਦੇਣ ਦੇ ਫੈਸਲਾ ਦਾ ਸਵਾਗਤ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਫੈਸਲੇ ਨੇ ਬਹਿਬਲ ਕਲਾਂ ਵਿਚ ਬੇਕਸੂਰ ਲੋਕਾਂ ਉਤੇ ਗੋਲੀ ਚਲਾਉਣ ਵਾਲੇ ਪੁਲੀਸ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਨ ਲਈ ਸਰਕਾਰ ਵਾਸਤੇ ਰਾਹ ਪੱਧਰਾ ਕਰ ਦਿੱਤਾ ਹੈ। ਵਿਰੋਧੀਆਂ ਉਤੇ ਵਰ੍ਹਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਸ ਮਾਮਲੇ ਵਿਚ ਦੋਸ਼ੀਆਂ ਨੂੰ ਬਚਾਉਣ ਲਈ ਅਕਾਲੀ ਅਤੇ ਭਾਜਪਾ ਦੀ ਆਪਸੀ ਮਿਲੀਭੁਗਤ ਸੀ। ਉਨ੍ਹਾਂ ਕਿਹਾ ਕਿ ਜਦੋਂ ਅਕਾਲੀ ਸਰਕਾਰ ਦੌਰਾਨ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਬੇਕਸੂਰ ਪ੍ਰਦਰਸ਼ਨਕਾਰੀਆਂ ਉਤੇ ਗੋਲੀ ਚਲਾਉਣ ਦੀਆਂ ਘਟਨਾਵਾਂ ਵਾਪਰੀਆਂ ਸਨ ਤਾਂ ਕਾਂਗਰਸ ਨੇ ਕੋਟਕਪੂਰਾ ਵਿਚ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਦੀ ਪੈਰਵੀ ਠੋਸ ਢੰਗ ਨਾਲ ਨਾ ਕਰਕੇ ਇਸ ਜੁਰਮ ਦੇ ਦੋਸ਼ੀਆਂ ਨੂੰ ਬਚਾਉਣ ਕੰਮ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਹਾਈ ਕੋਰਟ ਵੱਲੋਂ ਸਿਆਸੀ ਆਗੂਆਂ ਅਤੇ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਕੇਸ ਵਿੱਚ ਪੇਸ਼ ਕੀਤੇ ਚਲਾਨ ਨੂੰ ਰੱਦ ਕਰ ਦਿੱਤਾ ਗਿਆ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਅਕਾਲੀ-ਕਾਂਗਰਸੀ ਗਠਜੋੜ ਜੋ ਹੁਣ ਤੱਕ ਦੋਸ਼ੀਆਂ ਨੂੰ ਬਚਾਉਣ ਢਾਲ ਬਣਿਆ ਹੋਇਆ ਸੀ, ‘ਆਪ’ ਸਰਕਾਰ ਦੇ ਸੱਤਾ ‘ਚ ਆਉਣ ਨਾਲ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ‘ਆਪ’ ਸਰਕਾਰ ਦੀ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣ ਦੀ ਦ੍ਰਿੜ ਵਚਨਬੱਧਤਾ ਦਾ ਨਤੀਜਾ ਹੈ ਕਿਉਂਕਿ ਸੂਬਾ ਸਰਕਾਰ ਨੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਦੀ ਜ਼ੋਰਦਾਰ ਢੰਗ ਨਾਲ ਪੈਰਵੀ ਕੀਤੀ, ਜਦਕਿ ਕਾਂਗਰਸ ਸਰਕਾਰ ਕੋਟਕਪੂਰਾ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਦੀ ਪੈਰਵੀ ਕਰਨ ਵਿੱਚ ਅਸਫਲ ਰਹੀ।

ਗੌਰਤਲਬ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਬਹਿਬਲ ਕਲਾਂ ਗੋਲੀ ਕਾਂਡ ਦੇ ਕਸੂਰਵਾਰ ਪੁਲੀਸ ਮੁਲਾਜ਼ਮਾਂ ਵੱਲੋਂ ਹੇਠਲੀ ਅਦਾਲਤ ਵਿੱਚ ਪੇਸ਼ ਕੀਤੇ ਗਏ ਚਲਾਨ ਨੂੰ ਰੱਦ ਕਰਨ ਲਈ ਦਾਇਰ ਕਈ ਪਟੀਸ਼ਨਾਂ ਦੇ ਸਮੂਹ ਨੂੰ ਖਾਰਜ ਕਰ ਦਿੱਤਾ ਹੈ। ਐਡਵੋਕੇਟ ਜਨਰਲ (ਏਜੀ) ਦੀ ਦਲੀਲ ਨੂੰ ਸਵਿਕਾਰ ਕਰਦਿਆਂ ਅਦਾਲਤ ਨੇ ਕਿਹਾ ਕਿ ਮਜ਼ਬੂਤ ਸ਼ੱਕ ਦੇ ਆਧਾਰ ‘ਤੇ ਵੀ ਦੋਸ਼ ਆਇਦ ਕੀਤੇ ਜਾ ਸਕਦੇ ਹਨ। ਅਦਾਲਤ ਨੇ ਪੁਲਿਸ ਦੇ ਇੰਸਪੈਕਟਰ ਜਨਰਲ ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੂੰ ਅਗਲੇਰੀ ਜਾਂਚ ਕਰਨ ਅਤੇ ਧਾਰਾ 173 ਸੀ.ਆਰ.ਪੀ.ਸੀ. ਤਹਿਤ ਆਪਣੀ ਰਿਪੋਰਟ ਹੇਠਲੀ ਅਦਾਲਤ ਅੱਗੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

IAS ਪੋਪਲੀ ਦੇ ਬੇਟੇ ਦੀ ਮੌਤ ਬਾਰੇ ਪੋਸਟਮਾਰਟਮ ਰਿਪੋਰਟ ‘ਚ ਹੋਇਆ ਇਹ ਖੁਲਾਸਾ

0

ਪੰਜਾਬ ਦੇ ਸੀਨੀਅਰ ਆਈਏਐਸ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਦੀ ਮੌਤ ਹੱਤਿਆ ਨਹੀਂ ਸਗੋਂ ਖੁਦਕੁਸ਼ੀ ਹੈ। 25 ਜੂਨ ਨੂੰ ਕਾਰਤਿਕ ਦੀ ਚੰਡੀਗੜ੍ਹ ਦੇ ਸੈਕਟਰ 11 ਸਥਿਤ ਘਰ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਪਰਿਵਾਰ ਨੇ ਇਸ ਨੂੰ ਹੱਤਿਆ ਦੱਸਿਆ ਸੀ ਪਰ ਕਾਰਤਿਕ ਪੋਪਲੀ (26) ਦੀ ਮੁੱਢਲੀ ਪੋਸਟਮਾਰਟਮ ਰਿਪੋਰਟ ਖੁਦਕੁਸ਼ੀ ਵੱਲ ਇਸ਼ਾਰਾ ਕਰ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਿਰ ਵਿੱਚ ਲੱਗੀ ਗੋਲੀ ‘ਆਤਮਘਾਤੀ’ ਹੈ। ਕਾਰਤਿਕ ਲਾਅ ਗ੍ਰੈਜੂਏਟ ਸੀ ਅਤੇ ਜੁਡੀਸ਼ਰੀ ਦੀ ਤਿਆਰੀ ਕਰ ਰਿਹਾ ਸੀ। ਉਹ ਪੋਪਲੀ ਜੋੜੇ ਦਾ ਇਕਲੌਤਾ ਪੁੱਤਰ ਸੀ।  ਸੰਜੇ ਪੋਪਲੀ ਦੇ ਰਿਮਾਂਡ ਦੌਰਾਨ ਰਿਕਵਰੀ ਲਈ ਪੰਜਾਬ ਵਿਜੀਲੈਂਸ ਟੀਮ ਉਨ੍ਹਾਂ ਦੇ ਘਰ ਆਈ ਸੀ। ਇਸ ਦੇ ਨਾਲ ਹੀ ਕਰੀਬ 1.45 ਵਜੇ ਘਰ ਦੀ ਪਹਿਲੀ ਮੰਜ਼ਿਲ ‘ਤੇ ਗੋਲੀ ਚੱਲ ਗਈ।

ਸੋਫੇ ‘ਤੇ ਕਾਰਤਿਕ ਪੋਪਲੀ ਮਰਿਆ ਹੋਇਆ ਪਿਆ ਸੀ। ਸੰਜੇ ਪੋਪਲੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫੜੇ ਗਏ ਸਨ। ਉਹ ਇਸ ਸਮੇਂ ਪੰਜਾਬ ਦੀ ਜੇਲ੍ਹ ਵਿੱਚ ਹੈ। ਸੰਜੇ ਪੋਪਲੀ ਦੀ ਪਤਨੀ ਨੇ ਦੋਸ਼ ਲਾਇਆ ਸੀ ਕਿ ਉਸ ਦੇ ਪੁੱਤਰ ਨੂੰ ਪੰਜਾਬ ਵਿਜੀਲੈਂਸ ਅਧਿਕਾਰੀਆਂ ਨੇ ਮਾਰਿਆ ਹੈ। 27 ਜੂਨ ਨੂੰ ਪੀਜੀਆਈ ਵਿੱਚ ਡਾਕਟਰਾਂ ਦਾ ਇੱਕ ਪੈਨਲ ਬਣਾਇਆ ਗਿਆ ਸੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਦੀ ਨਿਗਰਾਨੀ ਵਿੱਚ ਕਾਰਤਿਕ ਦਾ ਪੋਸਟਮਾਰਟਮ ਕੀਤਾ ਗਿਆ ਸੀ।

ਪੋਸਟਮਾਰਟਮ ਰਿਪੋਰਟ ‘ਚ ਮੱਥੇ ‘ਤੇ ਲੱਗੀ ਗੋਲੀ ਦੇ ਜ਼ਖ਼ਮ ਦਾ ਆਕਾਰ, ਜ਼ਖ਼ਮ ਵਾਲੀ ਥਾਂ ‘ਤੇ ਮੌਜੂਦ ਗੰਨ ਪਾਊਡਰ, ਮ੍ਰਿਤਕ ਦੇ ਖੱਬੇ ਹੱਥ ਦੀ ਜਾਂਚ, ਗੋਲੀ ਦੀ ਦਿਸ਼ਾ ਆਦਿ ਦੀ ਜਾਂਚ ਕਰਨ ਤੋਂ ਬਾਅਦ ਇਸ ਨੂੰ ਇੱਕ ਖੁਦਕੁਸ਼ੀ ਘੋਸ਼ਿਤ ਕੀਤਾ ਗਿਆ ਹੈ। ਕਾਰਤਿਕ ਦੀ 7.65 ਐਮਐਮ ਦੀ ਪਿਸਤੌਲ ਨਾਲ ਗੋਲੀ ਲੱਗਣ ਨਾਲ ਮੌਤ ਹੋ ਗਈ। ਇਹ ਉਸ ਦੇ ਪਿਤਾ ਦਾ ਲਾਇਸੰਸੀ ਪਿਸਤੌਲ ਸੀ, ਜਿਸ ਨੂੰ ਵਿਜੀਲੈਂਸ ਨੇ ਮੁੱਢਲੀ ਛਾਪੇਮਾਰੀ ਦੌਰਾਨ ਪਰਿਵਾਰ ਨੂੰ ਹੀ ਦੇ ਦਿੱਤਾ ਸੀ। ਇਹ ਪਿਸਤੌਲ ਅਤੇ ਗੋਲੀ ਦਾ ਖੋਲ ਚੰਡੀਗੜ੍ਹ ਪੁਲੀਸ ਨੇ ਫੋਰੈਂਸਿਕ ਸਾਇੰਸ ਲੈਬ ਵਿੱਚ ਜਾਂਚ ਲਈ ਦਿੱਤਾ ਹੈ।