Home Blog Page 1997

ਪੰਜਾਬ ਸਰਕਾਰ ਵਲੋਂ ਦਿਵਿਆਂਗਜਨਾਂ ਨੂੰ ਵੱਡੀ ਰਾਹਤ, ਰਾਸ਼ਟਰੀ ਰਾਜਮਾਰਗਾਂ ‘ਤੇ ਟੋਲ ‘ਚ ਦਿੱਤੀ 100 ਫੀਸਦੀ ਛੋਟ

0

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਲੋਕ ਹਿੱਤ ਫੈਸਲੇ ਲੈ ਰਹੀ ਹੈ ਤੇ ਇਸੇ ਤਹਿਤ ਇਕ ਹੋਰ ਉਪਰਾਲਾ ਸੂਬਾ ਸਰਕਾਰ ਵੱਲੋਂ ਕੀਤਾ ਗਿਆ ਹੈ। ਦਿਵਿਆਂਗਜਨਾਂ ਨੂੰ ਪੰਜਾਬ ਦੇ ਰਾਸਟਰੀ ਰਾਜਮਾਰਗਾਂ ‘ਤੇ ਟੋਲ ਵਿੱਚ 100 ਫੀਸਦੀ ਛੋਟ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਦਿੱਤੀ ਗਈ।

ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਦੱਸਿਆ ਕਿ ਮੋਟਰ ਵਹੀਕਲ ਐਕਟ, 1988 ਅਤੇ ਇਸ ਦੇ ਨਿਯਮਾਂ ਅਨੁਸਾਰ ਦਿਵਿਆਂਗ ਵਿਅਕਤੀਆਂ ਦੇ ਨਾਂ ‘ਤੇ ਰਜਿਸਟਰਡ ਵਾਹਨਾਂ ਨੂੰ ਰਾਸ਼ਟਰੀ ਰਾਜ ਮਾਰਗਾਂ ‘ਤੇ ਟੋਲ ਤੋਂ ਪੂਰੀ ਛੋਟ ਮਿਲੇਗੀ। ਦਿਵਿਆਂਗ ਵਿਅਕਤੀ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਵਿੱਚ ਦਿਵਿਆਂਗ ਵਿਅਕਤੀ ਵਜੋਂ ਆਪਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਦਰਜ ਕਰਾਉਣਾ ਹੋਵੇਗਾ।

ਕੈਬਨਿਟ ਮੰਤਰੀ ਬਲਜੀਤ ਕੌਰ ਨੇ ਅੱਗੇ ਕਿਹਾ ਕਿ ਕੋਈ ਵੀ ਦਿਵਿਆਂਗ ਵਿਅਕਤੀ ਆਪਣੇ ਨਵੇਂ ਜਾਂ ਮੌਜੂਦਾ ਵਾਹਨ ਨੂੰ ਦਿਵਿਆਂਗ ਵਿਅਕਤੀ ਵਜੋਂ ਟਰਾਂਸਪੋਰਟ ਵਿਭਾਗ ਕੋਲ ਰਜਿਸਟਰਡ ਕਰਵਾ ਸਕਦਾ ਹੈ। ਇਸ ਦਾ ਲਾਭ ਲੈਣ ਲਈ, ਸਬੰਧਤ ਵਿਅਕਤੀਆਂ ਨੂੰ ਵੈੱਬਸਾਈਟ https://exemptedfastag.nhai.org/exemptedfastag/ ‘ਤੇ ਰਜਿਸਟਰ ਕਰਕੇ ਇੱਕ ਵਿਸ਼ੇਸ਼ ਛੋਟ ਵਾਲਾ ਫਾਸਟ ਟੈਗ ਪ੍ਰਾਪਤ ਕਰਨ ਦੀ ਲੋੜ ਹੈ ਅਤੇ ਆਨਲਾਈਨ ਫਾਰਮ ਭਰਨ ਤੋਂ ਬਾਅਦ, ਸਮਰੱਥ ਅਧਿਕਾਰੀ ਇੱਕ ਛੋਟ ਵਾਲਾ ਵਿਸ਼ੇਸ਼ ਫਾਸਟ ਟੈਗ ਜਾਰੀ ਕਰੇਗਾ। ਇਹ ਟੈਗ ਦਿਵਿਆਂਗ ਵਿਅਕਤੀ ਦੇ ਵਾਹਨ ‘ਤੇ ਲਗਾਇਆ ਜਾਣਾ ਚਾਹੀਦਾ ਹੈ।

ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਇਸ ਪਹਿਲਕਦਮੀ ਨਾਲ ਸਬੰਧਤ ਨਿਯਮਾਂ ਬਾਰੇ ਵਿਆਪਕ ਵੇਰਵੇ ਵਿਭਾਗ ਦੀ ਵੈੱਬਸਾਈਟ https://sswcd.punjab.gov.in/ ‘ਤੇ ਉਪਲਬਧ ਹਨ। ਇਸ ਤੋਂ ਇਲਾਵਾ, ਜੇਕਰ ਦਿਵਿਆਂਗ ਵਿਅਕਤੀਆਂ ਨੂੰ ਇਸ ਸਹੂਲਤ ਦੀ ਵਰਤੋਂ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਆਉਂਦੀ ਹੈ, ਤਾਂ ਉਹ ਆਪਣੇ ਜ਼ਿਲ੍ਹੇ ਵਿੱਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਫ਼ਤਰ ਜਾਂ ਸਬੰਧਤ ਬਲਾਕ ਵਿੱਚ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ।

SC ਨੇ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਨੂੰ ਲਗਾਈ ਫਟਕਾਰ

0

ਸੁਪਰੀਮ ਕੋਰਟ ਨੇ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ਨੂੰ ਫਟਕਾਰ ਲਗਾਈ ਹੈ। ਇਹ ਤਾੜਨਾ ਆਧੁਨਿਕ ਦਵਾਈ ਪ੍ਰਣਾਲੀ ਦੇ ਖਿਲਾਫ ਗੁੰਮਰਾਹਕੁੰਨ ਦਾਅਵੇ ਅਤੇ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਲਈ ਜਾਰੀ ਕੀਤੀ ਗਈ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਗੁੰਮਰਾਹਕੁੰਨ ਇਸ਼ਤਿਹਾਰਾਂ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ।

ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਅਤੇ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ। ਜਸਟਿਸ ਅਮਾਨਉੱਲ੍ਹਾ ਨੇ ਕਿਹਾ ਕਿ ਪਤੰਜਲੀ ਆਯੁਰਵੇਦ ਨੂੰ ਝੂਠੇ ਅਤੇ ਗੁੰਮਰਾਹਕੁੰਨ ਦਾਅਵਿਆਂ ਵਾਲੇ ਸਾਰੇ ਇਸ਼ਤਿਹਾਰਾਂ ਨੂੰ ਤੁਰੰਤ ਬੰਦ ਕਰਨਾ ਹੋਵੇਗਾ। ਅਦਾਲਤ ਅਜਿਹੀ ਕਿਸੇ ਵੀ ਉਲੰਘਣਾ ਨੂੰ ਬਹੁਤ ਗੰਭੀਰਤਾ ਨਾਲ ਲਵੇਗੀ ਅਤੇ ਕਿਸੇ ਉਤਪਾਦ ਦੇ ਹਰੇਕ ਝੂਠੇ ਦਾਅਵੇ ਲਈ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਲਗਾ ਸਕਦੀ ਹੈ।

ਇਸ ਤੋਂ ਬਾਅਦ ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਪਤੰਜਲੀ ਆਯੁਰਵੇਦ ਭਵਿੱਖ ਵਿੱਚ ਅਜਿਹਾ ਕੋਈ ਇਸ਼ਤਿਹਾਰ ਪ੍ਰਕਾਸ਼ਿਤ ਨਹੀਂ ਕਰੇਗੀ ਅਤੇ ਇਹ ਵੀ ਯਕੀਨੀ ਬਣਾਏਗੀ ਕਿ ਪ੍ਰੈਸ ਵਿੱਚ ਇਸ ਤਰ੍ਹਾਂ ਦੇ ਬੇਤੁਕੇ ਬਿਆਨ ਨਾ ਦਿੱਤੇ ਜਾਣ। ਬੈਂਚ ਨੇ ਇਹ ਵੀ ਕਿਹਾ ਕਿ ਉਹ ਇਸ ਮੁੱਦੇ ਨੂੰ ‘ਐਲੋਪੈਥੀ ਬਨਾਮ ਆਯੁਰਵੇਦ’ ਦੀ ਬਹਿਸ ਵਿੱਚ ਨਹੀਂ ਬਦਲਣਾ ਚਾਹੁੰਦਾ ਸਗੋਂ ਗੁੰਮਰਾਹਕੁੰਨ ਮੈਡੀਕਲ ਇਸ਼ਤਿਹਾਰਾਂ ਦੀ ਸਮੱਸਿਆ ਦਾ ਅਸਲ ਹੱਲ ਲੱਭਣਾ ਚਾਹੁੰਦਾ ਹੈ।

ਪੰਜਾਬ ਕੈਬਨਿਟ ‘ਚ ਹੋਇਆ ਵੱਡਾ ਫੇਰਬਦਲ

0

ਪੰਜਾਬ ਕੈਬਨਿਟ ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਗੁਰਮੀਤ ਸਿੰਘ ਮੀਤ ਹੇਅਰ ਕੋਲੋਂ ਕਈ ਵਿਭਾਗ ਵਾਪਸ ਲਏ ਗਏ ਹਨ। ਉਨ੍ਹਾਂ ਕੋਲ ਸਿਰਫ ਇੱਕ ਵਿਭਾਗ ਖੇਡ ਵਿਭਾਗ ਹੀ ਰਹਿ ਗਿਆ ਹੈ। ਦੱਸ ਦਈਏ ਕਿ ਚੇਤਨ ਸਿੰਘ ਜੌੜਾ ਮਾਜਰਾ ਨੂੰ ਵੱਡੀ ਜ਼ਿੰਮੇਵਾਰੀ ਮਿਲ ਗਈ ਹੈ। ਚੇਤਨ ਸਿੰਘ ਜੋੜਾ ਮਾਜਰਾ ਨੂੰ ਮਾਈਨਿੰਗ ਵਿਭਾਗ ਦਿੱਤਾ ਗਿਆ ਹੈ। ਚੇਤਨ ਸਿੰਘ ਜੋੜਾ ਮਾਜਰਾ ਕੋਲ 7 ਵਿਭਾਗ ਹੋ ਗਏ ਹਨ।

ਚੇਤਨ ਸਿੰਘ ਜੋੜਾਮਾਜਰਾ ਕੋਲ ਡਿਫੈਂਸ ਸਰਵਿਸ ਵੈਲਫੇਅਰ, ਸੁਤੰਤਰਤਾ ਸੈਨਾਨੀ, ਹੋਰਟੀਕਲਚਰ ਵਿਭਾਗ, ਮਾਈਨਿੰਗ ਵਿਭਾਗ,ਸੂਚਨਾ ਅਤੇ ਪਬਲਿਕ ਰਿਲੇਸ਼ਨ ਵਿਭਾਗ, ਵਾਟਰ ਰਿਸੋਰਸਿਸ ਵਿਭਾਗ, ਕਨਵਰਸ਼ਨ ਆਫ ਲੈਂਡ ਐਂਡ ਵਾਟਰ ਵਿਭਾਗ ਦੇ ਦਿੱਤਾ ਹੈ।

ਹੁਣ ਮੀਤ ਹੇਅਰ ਕੋਲ ਖੇਡ ਐਂਡ ਯੂਥ ਸਰਵਿਸ ਵਿਭਾਗ ਹੀ ਰਹਿ ਗਿਆ ਹੈ।

ਸੀਐਮ ਭਗਵੰਤ ਸਿੰਘ ਮਾਨ ਕੋਲ ਹੁਣ 11 ਵਿਭਾਗ ਹਨ। ਦੱਸ ਦਈਏ ਕਿ ਪਹਿਲਾਂ ਗੁਰਮੀਤ ਮੀਤ ਹੇਅਰ ਕੋਲ ਸਾਇੰਸ ਤਕਨਾਲੌਜੀ ਅਤੇ ਵਾਤਾਵਰਣ ਵਿਭਾਗ ਸੀ, ਜੋ ਹੁਣ ਸੀਐਮ ਮਾਨ ਕੋਲ ਚਲਾ ਗਿਆ ਹੈ।

ਹਾਈਕੋਰਟ ਅੰਦਰ ਸਿੱਖ ਵਕੀਲਾਂ ਦੀ ਜੱਜ ਵਜੋਂ ਨਿਯੁਕਤੀ ਰੋਕਣਾ ਸਿੱਖਾਂ ਨਾਲ ਵਿਤਕਰਾ: ਐਡਵੋਕੇਟ ਧਾਮੀ

0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜਾਂ ਦੀ ਨਿਯੁਕਤੀ ਮੌਕੇ ਸੁਪਰੀਮ ਕੋਰਟ ਦੀਆਂ ਸਿਫ਼ਾਰਸ਼ਾਂ ਵਿੱਚੋਂ ਦੋ ਸਿੱਖ ਉਮੀਦਵਾਰ ਵਕੀਲਾਂ ਨੂੰ ਬਾਹਰ ਕਰਨ ਦੀ ਕਰੜੀ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਨੂੰ ਸਿੱਖਾਂ ਨਾਲ ਵਿਤਕਰਾ ਕਰਾਰ ਦਿੰਦਿਆਂ ਆਖਿਆ ਕਿ ਕੇਂਦਰ ਸਰਕਾਰ ਦੋਹਾਂ ਸਿੱਖ ਜੱਜਾਂ ਦੀ ਨਿਯੁਕਤੀ ਤੁਰੰਤ ਕਰੇ।

ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ’ਤੇ ਸਖ਼ਤ ਟਿੱਪਣੀ ਕਰਨੀ ਕੇਂਦਰ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰਦੀ ਹੈ। ਐਡਵੋਕੇਟ ਧਾਮੀ ਨੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਉਹ ਇਹ ਸਪੱਸ਼ਟ ਕਰੇ ਕਿ ਸੀਨੀਅਰ ਸਿੱਖ ਵਕੀਲਾਂ ਨੂੰ ਕਿਸ ਨੀਤੀ ਤਹਿਤ ਬਾਹਰ ਰੱਖਿਆ ਗਿਆ ਹੈ, ਜਦਕਿ ਪੰਜਾਂ ਵਿੱਚੋਂ ਬਾਕੀ ਤਿੰਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖਾਂ ਨੇ ਦੇਸ਼ ਲਈ ਮੋਹਰੀ ਹੋ ਕੇ ਹਮੇਸ਼ਾ ਯੋਗਦਾਨ ਪਾਇਆ ਹੈ ਪਰ ਉਨ੍ਹਾਂ ਦੇ ਹੱਕਾਂ ਨੂੰ ਅਕਸਰ ਦਬਾਉਣ ਦੀ ਖ਼ਬਰਾਂ ਆਉਂਦੀਆਂ ਹਨ। ਪਹਿਲਾਂ ਹੀ ਦੇਸ਼ ਅੰਦਰ ਸਿੱਖ ਘੱਟਗਿਣਤੀ ਵਿਚ ਹਨ ਅਤੇ ਜੇਕਰ ਉਨ੍ਹਾਂ ਨਾਲ ਪੱਖਪਾਤੀ ਰਵੱਈਆ ਸਰਕਾਰਾਂ ਦੀ ਨੀਤੀ ਬਣਦਾ ਹੈ ਤਾਂ ਇਸ ਤੋਂ ਵੱਡਾ ਹੋਰ ਅਨਿਆਂ ਨਹੀਂ ਹੋ ਸਕਦਾ।

ਉਨ੍ਹਾਂ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਦੋ ਸਿੱਖ ਵਕੀਲਾਂ ਦੀ ਜੱਜਾਂ ਵਜੋਂ ਨਿਯੁਕਤੀ ਨਾ ਕਰਨ ’ਤੇ ਸਵਾਲ ਕਰਨ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਅੰਦਰ ਵਿਸ਼ੇਸ਼ ਤੌਰ ’ਤੇ ਸਿੱਖ ਜੱਜਾਂ ਦੀ ਨਿਯੁਕਤੀ ਨੂੰ ਪਹਿਲ ਦੇਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਦੋਹਾਂ ਸੂਬਿਆਂ ਵਿਚ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਸਿੱਖਾਂ ਦੀ ਗਿਣਤੀ ਵੱਧ ਹੈ।

ਜੇਕਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਅੰਦਰ ਸਿੱਖ ਜੱਜ ਕਾਰਜਸ਼ੀਲ ਹੁੰਦੇ ਹਨ ਤਾਂ ਇਸ ਖਿੱਤੇ ਅਤੇ ਲੋਕਾਂ ਦੇ ਮਸਲਿਆਂ ਦਾ ਸਰਲੀਕਰਨ ਚੰਗੇ ਢੰਗ ਨਾਲ ਹੋਵੇਗਾ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜੱਜਾਂ ਦੀ ਨਿਯੁਕਤੀ ਸਬੰਧੀ ਸੁਪਰੀਮ ਕੋਰਟ ਦੀਆਂ ਸਿਫ਼ਾਰਸ਼ਾਂ ਨੂੰ ਹੂਬਹੂ ਲਾਗੂ ਕਰਕੇ ਸੀਨੀਅਰ ਸਿੱਖ ਵਕੀਲ ਸ. ਹਰਮੀਤ ਸਿੰਘ ਗਰੇਵਾਲ ਅਤੇ ਸ. ਦੀਪਿੰਦਰ ਸਿੰਘ ਨਲਵਾ ਦੀ ਨਿਯੁਕਤੀ ਕੀਤੀ ਜਾਵੇ।

ਦਿੱਲੀ ਏਅਰਪੋਰਟ ‘ਤੇ ਕਸਟਮ ਵਿਭਾਗ ਨੇ ਭਾਰਤੀ ਯਾਤਰੀ ਤੋਂ ਕਰੋੜਾਂ ਦਾ ਸੋਨਾ ਕੀਤਾ ਬਰਾਮਦ

0

ਦਿੱਲੀ ਏਅਰਪੋਰਟ ‘ਤੇ ਅੱਜ ਬੈਂਕਾਕ ਦੀ ਫਲਾਈਟ ਤੋਂ ਆਏ ਭਾਰਤੀ ਯਾਤਰੀ ਤੋਂ ਕਸਟਮ ਦੀ ਟੀਮ ਨੇ 2.24 ਕਰੋੜ ਰੁਪਏ ਦਾ 4.204 ਗ੍ਰਾਮ ਸੋਨਾ ਬਰਾਮਦ ਕੀਤਾ।

ਮਿਲੀ ਜਾਣਕਾਰੀ ਮੁਤਾਬਕ ਕਸਟਮ ਵਿਭਾਗ ਦੀ ਟੀਮ ਨੇ ਸ਼ੱਕ ਹੋਣ ‘ਤੇ ਮੁਲਜ਼ਮ ਨੂੰ ਰੋਕਿਆ ਤੇ ਉਸ ਦੇ ਸਾਮਾਨ ਦੀ ਜਾਂਚ ਕੀਤੀ। ਜਾਂਚ ਵਿਚ ਉਸ ਦੇ ਬੈਗ ਤੋਂ ਜੂਸ ਦੇ ਛੋਟੇ-ਛੋਟੇ ਪੈਕੇਟ ਮਿਲੇ ਜਿਸ ਅੰਦਰ ਸੋਨੇ ਦੇ ਕਈ ਟੁਕੜੇ ਮਿਲੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਬੈਂਕਾਕ ਤੋਂ ਦਿੱਲੀ ਵਾਪਸ ਆਇਆ ਸੀ। ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਨਾਲ ਹੀ ਟੀਮ ਪੁੱਛਗਿਛ ਕਰ ਰਹੀ ਹੈ।

ਜੇਲ੍ਹ ‘ਚੋਂ ਬਾਹਰ ਆਇਆ ਡੇਰਾ ਮੁਖੀ ਰਾਮ ਰਹੀਮ, ਮਿਲੀ 8ਵੀਂ ਵਾਰ ਪੈਰੋਲ

0

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਪੈਰੋਲ ਉਤੇ ਜੇਲ੍ਹ ਵਿਚ ਬਾਹਰ ਆ ਗਿਆ ਹੈ। ਹਰਿਆਣਾ ਦੇ ਜ਼ਿਲ੍ਹਾ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਨੂੰ 21 ਦਿਨਾਂ ਦੀ ਪੈਰੋਲ ਮਿਲ ਗਈ ਹੈ।

ਰਾਮ ਰਹੀਮ ਨੂੰ ਸਖ਼ਤ ਸੁਰੱਖਿਆ ਵਿਚਕਾਰ ਦੁਪਹਿਰ ਵੇਲੇ ਸੁਨਾਰੀਆ ਜੇਲ੍ਹ ਤੋਂ ਬਾਹਰ ਕੱਢ ਕੇ ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ਲਿਜਾਇਆ ਗਿਆ।

ਪੈਰੋਲ ਦੌਰਾਨ ਡੇਰਾ ਸਿਰਸਾ ਮੁਖੀ ਉੱਤਰ ਪ੍ਰਦੇਸ਼ ਸਥਿਤ ਬਰਵਾਨਾ ਆਸ਼ਰਮ ਵਿਚ ਹੀ ਰਹੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਸਿਰਸਾ ਮੁਖੀ ਨੂੰ 30 ਮਹੀਨਿਆਂ ਵਿਚ 8ਵੀਂ ਵਾਰ ਪੈਰੋਲ ਦਿੱਤੀ ਗਈ ਹੈ, ਜਦੋਂ ਕਿ ਸਾਲ 2023 ਵਿੱਚ ਤੀਜੀ ਵਾਰ ਪੈਰੋਲ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਡੇਰਾ ਮੁਖੀ ਨੂੰ 30 ਜੁਲਾਈ 2023 ਨੂੰ ਪੈਰੋਲ ਦਿੱਤੀ ਗਈ ਸੀ ਅਤੇ ਉਸ ਤੋਂ ਪਹਿਲਾਂ ਜਨਵਰੀ, 2023 ਵਿੱਚ 40 ਦਿਨਾਂ ਲਈ ਪੈਰੋਲ ਦਿੱਤੀ ਗਈ ਸੀ।

ਸਰਕਾਰ ਸਿਮ ਕਾਰਡ ਖਰੀਦਣ ਤੇ ਵੇਚਣ ਦੇ ਨਿਯਮਾਂ ‘ਚ ਕਰਨ ਜਾ ਰਹੀ ਇਹ ਬਦਲਾਅ

0

1 ਦਸੰਬਰ ਤੋਂ ਸਰਕਾਰ ਸਿਮ ਕਾਰਡ ਖਰੀਦਣ ਦੇ ਨਿਯਮਾਂ ‘ਚ ਬਦਲਾਅ ਕਰਨ ਜਾ ਰਹੀ ਹੈ। ਇਹ ਨਿਯਮ ਪਹਿਲਾਂ 1 ਅਕਤੂਬਰ 2023 ਤੋਂ ਲਾਗੂ ਕੀਤੇ ਜਾਣੇ ਸਨ ਪਰ ਹੁਣ ਸਰਕਾਰ ਨੇ ਇਨ੍ਹਾਂ ਨੂੰ ਦੋ ਮਹੀਨੇ ਵਧਾ ਕੇ 1 ਦਸੰਬਰ ਤੋਂ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ। ਜੇਕਰ ਤੁਸੀਂ ਸਿਮ ਕਾਰਡ ਖਰੀਦਣ ਜਾ ਰਹੇ ਹੋ ਤਾਂ ਤੁਹਾਨੂੰ ਇਨ੍ਹਾਂ ਨਿਯਮਾਂ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਜੇਕਰ ਤੁਸੀਂ ਇਹਨਾਂ ਨਿਯਮਾਂ ਨੂੰ ਨਹੀਂ ਜਾਣਦੇ ਹੋ ਤਾਂ ਤੁਸੀਂ ਬਾਅਦ ਵਿੱਚ ਮੁਸੀਬਤ ਵਿੱਚ ਪੈ ਸਕਦੇ ਹੋ।

ਨਵੇਂ ਨਿਯਮ ਮੁਤਾਬਕ ਸਿਮ ਵੇਚਣ ਵਾਲੇ ਡੀਲਰਾਂ ਨੂੰ ਆਪਣੀ ਪੁਲਿਸ ਵੈਰੀਫਿਕੇਸ਼ਨ ਅਤੇ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਕਰਵਾਉਣੀ ਹੋਵੇਗੀ। ਇਸ ਤੋਂ ਇਲਾਵਾ ਸਿਮ ਵੇਚਣ ਲਈ ਰਜਿਸਟ੍ਰੇਸ਼ਨ ਵੀ ਜ਼ਰੂਰੀ ਹੋਵੇਗੀ। ਵਪਾਰੀਆਂ ਦੀ ਪੁਲਿਸ ਵੈਰੀਫਿਕੇਸ਼ਨ ਦੀ ਸਾਰੀ ਜ਼ਿੰਮੇਵਾਰੀ ਟੈਲੀਕਾਮ ਆਪਰੇਟਰ ਦੀ ਹੋਵੇਗੀ।

ਜੇਕਰ ਕੋਈ ਇਨ੍ਹਾਂ ਨਿਯਮਾਂ ਦੀ ਅਣਦੇਖੀ ਕਰਕੇ ਸਿਮ ਵੇਚਦਾ ਹੈ ਤਾਂ ਉਸ ‘ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਸਰਕਾਰ ਨੇ ਵਪਾਰੀਆਂ ਨੂੰ ਵੈਰੀਫਿਕੇਸ਼ਨ ਲਈ 12 ਮਹੀਨੇ ਦਾ ਸਮਾਂ ਦਿੱਤਾ ਹੈ। ਜੇਕਰ ਕੋਈ ਗਾਹਕ ਆਪਣੇ ਪੁਰਾਣੇ ਨੰਬਰ ‘ਤੇ ਨਵਾਂ ਸਿਮ ਕਾਰਡ ਖਰੀਦਣਾ ਚਾਹੁੰਦਾ ਹੈ ਤਾਂ ਉਸ ‘ਤੇ ਪ੍ਰਿੰਟ ਕੀਤੇ QR ਕੋਡ ਨੂੰ ਸਕੈਨ ਕਰਕੇ ਉਸ ਦਾ ਜਨਸੰਖਿਆ ਡੇਟਾ ਵੀ ਇਕੱਠਾ ਕੀਤਾ ਜਾਵੇਗਾ। ਨਵੇਂ ਨਿਯਮ ਦੇ ਮੁਤਾਬਕ ਹੁਣ ਬਲਕ ਵਿੱਚ ਸਿਮ ਕਾਰਡ ਜਾਰੀ ਨਹੀਂ ਕੀਤੇ ਜਾਣਗੇ। ਸਰਕਾਰ ਨੇ ਇਸ ਲਈ ਵਪਾਰਕ ਕੁਨੈਕਸ਼ਨ ਦੀ ਵਿਵਸਥਾ ਸ਼ੁਰੂ ਕਰ ਦਿੱਤੀ ਹੈ।

BSF ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ ਵਲੋਂ ਸੁੱਟੀ ਕਰੋੜਾਂ ਰੁਪਏ ਦੀ ਹੈਰੋਇਨ ਕੀਤੀ ਬਰਾਮਦ

0

ਅੰਮ੍ਰਿਤਸਰ ਵਿੱਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਏ ਪਾਕਿਸਤਾਨੀ ਡਰੋਨ ਦੁਆਰਾ ਸੁੱਟੀ ਗਈ ਖੇਪ ਨੂੰ ਜ਼ਬਤ ਕੀਤਾ ਹੈ। ਹਾਲਾਂਕਿ ਡਰੋਨ ਵਾਪਸ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਖੇਪ ਦੀ ਅੰਤਰਰਾਸ਼ਟਰੀ ਕੀਮਤ ਕਰੀਬ 3.5 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਇਸ ਦੇ ਨਾਲ ਹੀ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ ਹੈ। ਬੀਐਸਐਫ ਮੁਤਾਬਕ ਇਹ ਮਾਮਲਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਮੋਡ ਵਿੱਚ ਸਾਹਮਣੇ ਆਇਆ ਹੈ। ਬੀਐਸਐਫ ਨੂੰ ਇਲਾਕੇ ਵਿੱਚ ਡਰੋਨ ਦੇ ਆਉਣ ਦਾ ਅਹਿਸਾਸ ਹੋਇਆ ਸੀ। ਜਿਸ ਤੋਂ ਬਾਅਦ ਇਸ ਨੂੰ ਡੇਗਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਤੋਂ ਬਾਅਦ ਜਵਾਨਾਂ ਨੇ ਡਰੋਨ ਦਾ ਪਿੱਛਾ ਕੀਤਾ ਅਤੇ ਇਸ ਰਾਹੀਂ ਸੁੱਟੀ ਗਈ ਖੇਪ ਨੂੰ ਜ਼ਬਤ ਕਰ ਲਿਆ।

ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਸਰਹੱਦ ਵੱਲ ਪਰਤ ਗਿਆ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਡਰੋਨ ਨੇ ਪੀਲੇ ਰੰਗ ਦਾ ਪੈਕਟ ਸੁੱਟਿਆ ਸੀ। ਜਿਸ ਨੂੰ ਜ਼ਬਤ ਕਰ ਲਿਆ ਗਿਆ। ਜਾਂਚ ਤੋਂ ਬਾਅਦ ਇਸ ਨੂੰ ਖੋਲ੍ਹ ਕੇ ਜਾਂਚ ਕੀਤੀ ਗਈ। ਪੈਕੇਟ ਵਿੱਚ 565 ਗ੍ਰਾਮ ਹੈਰੋਇਨ ਸੀ। ਜਿਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਆਸਪਾਸ ਦੇ ਇਲਾਕਿਆਂ ਵਿੱਚ ਵੀ ਤਲਾਸ਼ੀ ਲਈ ਜਾ ਰਹੀ ਹੈ।

 

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਫਿਰੋਜ਼ਪੁਰ ‘ਚ ਰੈਲੀ ਦਾ ਕੀਤਾ ਗਿਆ ਆਯੋਜਨ

0

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਛੇੜੀ ਗਈ ਮੁਹਿੰਮ ਤਹਿਤ ਅੱਜ ਫਿਰੋਜ਼ਪੁਰ ਵਿੱਚ ਨਸ਼ਾ ਵਿਰੋਧੀ ਰੈਲੀ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਆਰਮੀ , ਬੀਐਸਐਫ , ਪੰਜਾਬ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਕਰਮਚਾਰੀਆਂ ਨੇ ਹਿੱਸਾ ਲਿਆ ਨਾਲ ਹੀ ਸਮਾਜ ਸੇਵੀ ਅਤੇ ਫਿਰੋਜ਼ਪੁਰ ਦੇ ਆਮ ਲੋਕਾਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ।

ਸੈਂਕੜਿਆਂ ਦੀ ਤਾਦਾਦ ਵਿੱਚ ਇਕੱਠੇ ਹੋਏ ਲੋਕਾਂ ਵੱਲੋਂ ਇੱਕ ਵੱਡੀ ਸਾਈਕਲ ਰੈਲੀ ਕੱਢੀ ਗਈ ਜਿਸ ਵਿੱਚ ਨਸ਼ਿਆਂ ਦੇ ਖਿਲਾਫ ਸੁਨੇਹਾ ਦਿੱਤਾ ਗਿਆ। ਇਸ ਬਾਬਤ ਲੋਕਾਂ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਲੋਕਾਂ ਨੇ ਕਿਹਾ ਕਿ ਸਾਈਕਲਿੰਗ ਤਾਂ ਇੱਕ ਬਹਾਨਾ ਹੈ ਨਸ਼ਿਆਂ ਤੋਂ ਦੂਰ ਰਹਿਣ ਲਈ ਇਹ ਰੈਲੀਆਂ ਜਾਗਰੂਕਤਾ ਪੈਦਾ ਕਰਦੀਆਂ ਹਨ।

ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਤਿੰਨ ਵਿਧਾਇਕ ਵੀ ਇਸ ਰੈਲੀ ਦਾ ਹਿੱਸਾ ਬਣੇ ਇਹ ਨਸ਼ਾ ਵਿਰੋਧੀ ਰੈਲੀ ਫਿਰੋਜ਼ਪੁਰ ਪੁਲਿਸ ਲਾਈਨ ਤੋਂ ਸ਼ੁਰੂ ਹੋ ਕੇ ਹੁਸੈਨੀਵਾਲਾ ਸ਼ਹੀਦਾਂ ਦੀ ਸਮਾਰਕ ਤੇ ਜਾ ਕੇ ਸਮਾਪਤ ਹੋਈ।

ਇਸ ਰੈਲੀ ਵਿੱਚ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਹੁੰ ਵੀ ਚੁਕਵਾਈ ਗਈ ਜਿਸ ਵਿੱਚ ਲੋਕਾਂ ਨੇ ਪ੍ਰਣ ਕੀਤਾ ਕਿ ਉਹ ਆਪਣੇ ਆਲੇ ਦੁਆਲੇ ਨਸ਼ੇ ਵਿੱਚ ਖੂਬ ਚੁੱਕੇ ਲੋਕਾਂ ਨੂੰ ਇਸ ਲਾਹਨਤ ਬਿਮਾਰੀ ਤੋਂ ਬਾਹਰ ਕੱਢਣ ਵਿੱਚ ਉਹਨਾਂ ਦੀ ਮਦਦ ਕਰਨਗੇ ਅਤੇ ਚੰਗਾ ਸਾਫ ਸੁਥਰਾ ਸਮਾਜ ਸਿਰਜਣ ਵਿੱਚ ਆਪਣਾ ਯੋਗਦਾਨ ਪਾਉਣਗੇ।

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਸ਼ਿਆਂ ਖਿਲਾਫ ਪਿਛਲੇ ਇਕ ਸਾਲ ਵਿੱਚ ਹੀ ਫਿਰੋਜ਼ਪੁਰ ਵਿੱਚ ਪੁਲਿਸ ਵੱਲੋਂ 80 ਕਿਲੋ ਹੈਰੋਇਨ 50 ਲੱਖ ਰੁਪਏ ਤੋਂ ਵੱਧ ਦੀ ਡਰੱਗ ਮਨੀ ਅਤੇ ਹੋਰ ਨਸ਼ੇ ਫੜੇ ਜਾ ਚੁੱਕੇ ਨੇ ਅਤੇ ਨਸ਼ਿਆਂ ਖਿਲਾਫ ਵਿੱਡੀ ਮੁਹਿੰਮ ਤਹਿਤ 20 ਕਰੋੜ ਰੁਪਏ ਦੇ ਕਰੀਬ ਦੀ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਸੀਜ ਵੀ ਕੀਤੀ ਜਾ ਚੁੱਕੀ ਹੈ। ਇਸਦੇ ਨਾਲ ਹੀ ਜੋ ਲੋਕ ਨਸ਼ਾ ਛੱਡ ਕੇ ਮੁੱਖ ਧਾਰਾ ਵਿੱਚ ਆਏ ਨੇ ਉਹਨਾਂ ਨੂੰ ਜਿਲਾ ਪ੍ਰਸ਼ਾਸਨ ਦੀ ਮਦਦ ਨਾਲ ਰੁਜ਼ਗਾਰ ਵੀ ਮੁਹਈਆ ਕਰਵਾਏ ਜਾ ਰਹੇ ਹਨ।

ਤੇਜ਼ ਰਫਤਾਰ ਕਾਰ ਦਾ ਕਹਿਰ, 4 ਸਾਲ ਦੀ ਮਾਸੂਮ ਬੱਚੀ ਦੀ ਹੋਈ ਮੌ.ਤ

0

ਹਰਿਆਣਾ ਦੇ ਰੋਹਤਕ ਸ਼ਹਿਰ ਦੇ ਝੱਜਰ ਰੋਡ ‘ਤੇ ਸੋਮਵਾਰ ਰਾਤ 10 ਵਜੇ ਇਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਇਕ ਘਰ ਅਤੇ ਇਕ ਦੁਕਾਨ ‘ਚ ਜਾ ਵੜੀ। ਇਸ ਹਾਦਸੇ ‘ਚ ਚਾਰ ਸਾਲਾ ਬੱਚੀ ਸੁਨੈਨਾ ਦੀ ਮੌਤ ਹੋ ਗਈ, ਜਦਕਿ ਉਸ ਦਾ ਪਿਤਾ ਦੇਵੇਂਦਰ ਜੋ ਕਿ ਬਾਈਕ-ਸਕੂਟਰ ਮਕੈਨਿਕ ਸੀ, ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।

ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਦੇਰ ਰਾਤ ਸੂਚਨਾ ਮਿਲੀ ਸੀ ਕਿ ਝੱਜਰ ਰੋਡ ’ਤੇ ਜਲਘਰ ਨੇੜੇ ਸੜਕ ਹਾਦਸਾ ਵਾਪਰ ਗਿਆ ਹੈ। ਪੁਲਿਸ ਮੌਕੇ ‘ਤੇ ਪਹੁੰਚੀ, ਜਿੱਥੇ ਚਸ਼ਮਦੀਦਾਂ ਨੇ ਦੱਸਿਆ ਕਿ ਵਿਜੇ ਨਗਰ ਦਾ ਰਹਿਣ ਵਾਲਾ ਦੇਵੇਂਦਰ ਸਕੂਟਰ ਅਤੇ ਬਾਈਕ ਦਾ ਮਕੈਨਿਕ ਹੈ। ਹੇਠਾਂ ਇੱਕ ਦੁਕਾਨ ਅਤੇ ਉੱਪਰ ਇੱਕ ਘਰ ਹੈ। ਉਹ ਦੇਰ ਰਾਤ ਘਰ ਦੇ ਬਾਹਰ ਖੜ੍ਹਾ ਸੀ ਤੇ ਪੌੜੀਆਂ ‘ਤੇ ਚਾਰ ਸਾਲ ਦੀ ਬੇਟੀ ਸੁਨੈਨਾ ਬੈਠੀ ਸੀ। ਇਸੇ ਦੌਰਾਨ ਰੂਪੀ ਚੌਕ ਵੱਲੋਂ ਇੱਕ ਚਿੱਟੇ ਰੰਗ ਦੀ ਕਾਰ ਆਈ। ਕਾਰ ਵਿੱਚ ਚਾਰ ਨੌਜਵਾਨ ਸਵਾਰ ਸਨ। ਕਾਰ ਕਦੇ ਇਧਰੋਂ ਤੇ ਕਦੇ ਉਧਰ ਜਾ ਰਹੀ ਸੀ।

ਇਸ ਦੌਰਾਨ ਜਲਘਰ ਤੋਂ ਥੋੜ੍ਹਾ ਅੱਗੇ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਬੇਕਾਬੂ ਹੋ ਕੇ ਦੁਕਾਨ ਅਤੇ ਘਰ ਦੇ ਅੰਦਰ ਵੜ ਗਈ। ਇਸ ਟੱਕਰ ‘ਚ ਪੌੜੀਆਂ ‘ਤੇ ਬੈਠੇ ਦੇਵੇਂਦਰ ਅਤੇ ਉਸ ਦੀ ਬੇਟੀ ਸੁਨੈਨਾ ਜ਼ਖਮੀ ਹੋ ਗਏ। ਨਾਲ ਹੀ ਸਕੂਟਰਾਂ ਅਤੇ ਹੋਰ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਕਾਰ ਵਿਚ ਸਵਾਰ ਨੌਜਵਾਨ ਹੇਠਾਂ ਉਤਰ ਕੇ ਮੌਕੇ ਤੋਂ ਫਰਾਰ ਹੋ ਗਏ। ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਏ।

ਥਾਣਾ ਸ਼ਿਵਾਜੀ ਕਲੋਨੀ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਦਹੀਆ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲੀ। ਲੜਕੀ ਦੀ ਮੌਤ ਹੋ ਗਈ ਜਦਕਿ ਉਸ ਦਾ ਪਿਤਾ ਜ਼ਖਮੀ ਹੋ ਗਿਆ। ਮੁਲਜ਼ਮ ਦੇ ਕਾਰ ਦੇ ਸ਼ੀਸ਼ੇ ਦੇ ਪਿਛਲੇ ਪਾਸੇ ਵਰਮਾ ਲਿਖਿਆ ਹੋਇਆ ਹੈ। ਕਾਰ ਸਵਾਰ ਚਾਰੇ ਨੌਜਵਾਨ ਫ਼ਰਾਰ ਹੋ ਗਏ। ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਕਾਰ ਕਿਸਦੀ ਹੈ। ਜਲਦੀ ਹੀ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।