Home Blog Page 1934

ਕੈਨੇਡਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬੀ ਨੌਜਵਾਨ ਦੀ ਹੋਈ ਮੌਤ

0

ਕੈਨੇਡਾ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ‘ਚ ਇੱਕ ਪੰਜਾਵੀ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਘੋਲੀਆ ਦੇ ਰਹਿਣ ਵਾਲੇ ਨੌਜਵਾਨ ਜਗਸੀਰ ਸਿੰਘ ਗਿੱਲ ਦੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਲਗਭਗ ਛੇ ਸਾਲ ਪਹਿਲਾਂ ਹੀ ਆਪਣਾ ਭਵਿੱਖ ਭਨਾਉਣ ਲਈ ਕੈਨੇਡਾ ਗਿਆ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਕੈਨੇਡਾ ਹੀ ਰਹਿੰਦੇ ਹਨ।

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਜਗਸੀਰ ਸਿੰਘ ਕੈਨੇਡਾ ਵਿਚ ਟਰੱਕ ਚਲਾਉਂਦਾ ਸੀ। ਜਿਵੇਂ ਹੀ ਸੋਮਵਾਰ ਸਵੇਰੇ ਜਗਸੀਰ ਸਿੰਘ ਦੀ ਮੌਤ ਦੀ ਖ਼ਬਰ ਪਿੰਡ ’ਚ ਆਈ ਤਾਂ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਇਹ ਵੀ ਪਤਾ ਲੱਗਾ ਹੈ ਕਿ ਜਗਸੀਰ ਅਮਰੀਕਾ ਤੋਂ ਕੈਨੇਡਾ ਨੂੰ ਟਰੱਕ ਰਾਹੀਂ ਵਾਪਿਸ ਆ ਰਿਹਾ ਸੀ, ਅਚਾਨਕ ਹਾਈਵੇਅ ’ਤੇ ਉਸ ਦੇ ਟਰੱਕ ਦੀ ਸਾਹਮਣੇ ਤੋਂ ਆ ਰਹੇ ਇਕ ਹੋਰ ਟੱਰਕ ਨਾਲ ਟੱਕਰ ਹੋ ਗਈ, ਇਸ ਟੱਕਰ ਤੋਂ ਬਾਅਦ ਟਰੱਕ ਨੂੰ ਅੱਗ ਲੱਗ ਗਈ ਅਤੇ ਜਗਸੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਫਿਲਹਾਲ ਇਹ ਹਾਦਸਾ ਕਿਨ੍ਹਾਂ ਹਾਲਾਤ ਵਿਚ ਵਾਪਰਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਨੌਜਵਾਨ ਜਗਸੀਰ ਸਿੰਘ ਦੀ ਹੋਈ ਬੇਵਕਤੀ ਮੌਤ ਨਾਲ ਜਿੱਥੇ ਪਰਿਵਾਰ ਸਦਮੇ ਵਿਚ ਹੈ, ਉਥੇ ਹੀ ਪਿੰਡ ਵਿਚ ਵੀ ਸੋਗ ਦੀ ਲਹਿਰ ਹੈ।

ਹਾਈਕੋਰਟ ਨੇ ਪੰਜਾਬ ਦੇ ਸਰਹੱਦੀ ਖੇਤਰ ‘ਚ ਮਾਈਨਿੰਗ ‘ਤੇ ਲਗਾਈ ਰੋਕ

0

ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਦੇ ਪਠਾਨਕੋਟ, ਫਿਰੋਜ਼ਪੁਰ ਅਤੇ ਗੁਰਦਾਸਪੁਰ ਨਾਲ ਲੱਗਦੇ ਸਰਹੱਦੀ ਇਲਾਕਿਆਂ ‘ਚ ਮਾਈਨਿੰਗ ‘ਤੇ ਰੋਕ ਲਾ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਇਨ੍ਹਾਂ ਇਲਾਕਿਆਂ ‘ਚ ਕਾਨੂੰਨੀ ਜਾਂ ਗੈਰ ਕਾਨੂੰਨੀ ਕਿਸੇ ਤਰ੍ਹਾਂ ਦੀ ਵੀ ਮਾਈਨਿੰਗ ਕਰਨ ‘ਤੇ ਪੂਰੀ ਤਰ੍ਹਾਂ ਰੋਕ ਲਗਾਈ ਹੈ। ਜਾਣਕਾਰੀ ਮੁਤਾਬਕ ਫ਼ੌਜ ਅਤੇ ਬੀ. ਐੱਸ. ਐੱਫ. ਵੱਲੋਂ ਦਾਖ਼ਲ ਕੀਤੇ ਗਏ ਜਵਾਬ ਤੋਂ ਬਾਅਦ ਹਾਈਕੋਰਟ ਦੇ ਚੀਫ ਜਸਟਿਸ ਵੱਲੋਂ ਇਹ ਹੁਕਮ ਪਾਸ ਕੀਤੇ ਗਏ ਹਨ।

ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਵੀ 2 ਹਫ਼ਤਿਆਂ ਅੰਦਰ ਇਸ ਸਬੰਧੀ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ। ਬੀ. ਐੱਸ. ਐੱਫ. ਨੇ ਮੰਨਿਆ ਹੈ ਕਿ ਗੈਰ ਕਾਨੂੰਨੀ ਰੂਪ ਨਾਲ ਹੋ ਰਹੀ ਮਾਈਨਿੰਗ ਅੰਤਰਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਬਣ ਸਕਦੀ ਹੈ।

ਅਦਾਲਤ ਨੇ ਕਿਹਾ ਕਿ ਕੀ ਪੰਜਾਬ ‘ਚ ਮਾਈਨਿੰਗ ਅੰਤਰਰਾਸ਼ਟਰੀ ਸੁਰੱਖਿਆ ਤੋਂ ਵੀ ਅਹਿਮ ਹੈ, ਜਿਸ ਨੂੰ ਸਰਕਾਰ ਰੋਕਣਾ ਨਹੀਂ ਚਾਹੁੰਦੀ। ਚੀਫ ਜਸਟਿਸ ਨੇ ਕਿਹਾ ਕਿ ਫ਼ੌਜ ਅਤੇ ਬੀ. ਐੱਸ. ਐੱਫ. ਦੀ ਰਿਪੋਰਟ ਤੋਂ ਬਾਅਦ ਕਿਸੇ ਹੋਰ ਸਬੂਤ ਦੀ ਲੋੜ ਨਹੀਂ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ਪਠਾਨਕੋਟ ਅਤੇ ਫਿਰੋਜ਼ਪੁਰ, ਗੁਰਦਾਸਪੁਰ ‘ਚ ਨਹੀਂ ਹੋਵੇਗੀ।

ਗੈਂਗਸਟਰ ਗੋਲਡੀ ਬਰਾੜ ਨੇ ਕੈਬਨਿਟ ਮੰਤਰੀ ਬੈਂਸ ਤੇ ਡੀਜੀਪੀ ਨੂੰ ਦਿੱਤੀ ਧਮਕੀ, ਹਰਜੋਤ ਬੈਂਸ ਨੇ ਦਿੱਤਾ ਕਰਾਰਾ ਜਵਾਬ

0

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿਚ ਮੁੱਖ ਮੁਲਜ਼ਮ ਅਤੇ ਮਾਸਟਰ ਮਾਈਂਡ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਸ ਨੂੰ ਧਮਕੀ ਦਿੱਤੀ ਹੈ। ਗੋਲਡੀ ਬਰਾੜ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਪੁਲਸ ਨੂੰ ਧਮਕੀ ਦਿੰਦਿਆਂ ਕਿਹਾ ਹੈ ਕਿ ਬਠਿੰਡਾ ਜੇਲ ਵਿਚ ਸਾਡੇ ਭਰਾ ਸਾਰਜ ਸੰਧੂ, ਬੋਬੀ ਮਲਹੋਤਰਾ ਅਤੇ ਜਗਰੋਸ਼ਨ ਹੁੰਦਲ ਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਥੇ ਹੀ ਬਸ ਨਹੀਂ ਗੋਲਡੀ ਬਰਾੜ ਨੇ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੂੰ ਜੇਲ ਸੁਪਰੀਡੈਂਟ ’ਤੇ ਕਾਰਵਾਈ ਕਰਨ ਲਈ ਆਖਿਆ ਹੈ।

ਗੈਂਗਸਟਰ ਗੋਲਡੀ ਬਰਾੜ ਨੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਬਠਿੰਡਾ ਜੇਲ ਵਿਚ ਬੋਬੀ ਮਲਹੋਤਰਾ, ਸਾਰਜ ਸੰਧੂ ਅਤੇ ਜਗਰੋਸ਼ਨ ਹੁੰਦਲ ਨੂੰ ਡਿਪਟੀ ਇੰਦਰਜੀਤ ਕਾਹਲੋਂ ਤੰਗ ਪ੍ਰੇਸ਼ਾਨ ਕਰ ਰਹੇ ਹਨ। ਉਹ ਸਾਡੇ ਭਰਾਵਾਂ ਤੋਂ ਪੈਸੇ ਮੰਗਦਾ ਹੈ। ਉਸ ਨੇ ਬਿਨਾਂ ਕਿਸੇ ਕਾਰਣ ਇਨ੍ਹਾਂ ਦੀ ਕੁੱਟਮਾਰ ਕੀਤੀ। ਉਹ ਪੰਜਾਬ ਪੁਲਸ ਅਤੇ ਜੇਲ ਮੰਤਰੀ ਹਰਜੋਤ ਬੈਂਸ ਤੋਂ ਮੰਗ ਕਰਦਾ ਹੈ ਕਿ ਸਾਡੇ ਭਰਾਵਾਂ ਦੀ ਜੇਲ ਬਦਲੀ ਜਾਵੇ ਜਾਂ ਡਿਪਟੀ ਸੁਪਰੀਡੈਂਟ ’ਤੇ ਕਾਰਵਾਈ ਕੀਤੀ ਜਾਵੇ। ਜੇ ਸਾਡੇ ਭਰਾਵਾਂ ਦਾ ਕੋਈ ਨੁਕਸਾਨ ਹੋਇਆ ਤਾਂ ਉਸ ਦੀ ਜ਼ਿੰਮੇਵਾਰੀ ਜੇਲ੍ਹ ਪੁਲਸ ਦੀ ਹੋਵੇਗੀ। ਧਮਕੀ ਵਿੱਰ ਗੋਲਡੀ ਬਰਾੜ ਨੇ ਇਹ ਵੀ ਕਿਹਾ ਕਿ ਸਾਨੂੰ ਕੋਈ ਵੱਡੀ ਕਾਰਵਾਈ ਕਰਨ ਲਈ ਮਜਬੂਰ ਨਾ ਕੀਤਾ ਜਾਵੇ।

ਇਸ ਧਮਕੀ ਤੋਂ ਬਾਅਦ ਹੁਣ ਹਰਜੋਤ ਬੈਂਸ ਨੇ ਇੱਕ ਟਵੀਟ ਕੀਤਾ ਹੈ ਕਿ ਪਹਿਲਾਂ ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਵੀਆਈਪੀ ਸਹੂਲਤਾਂ ਤੇ ਪੀਜ਼ਾ ਮਿਲਦੇ ਸਨ ਪਰ ਹੁਣ ਨਹੀਂ। ਹੁਣ ਜੇਲ੍ਹਾਂ ਅਸਲ ਵਿੱਚ ਸੁਧਾਰ ਘਰ ਬਣਨਗੀਆਂ। ਉਨ੍ਹਾਂ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਇਹ ਮਹਿਕਮਾ ਦਿੱਤਾ ਗਿਆ ਹੈ, ਉਦੋਂ ਤੋਂ ਉਹ ਤੇ ਉਨ੍ਹਾਂ ਦੇ ਅਫਸਰ ਆਪਣੀਆਂ ਸੇਵਾਵਾਂ ਪ੍ਰਤੀ ਵਚਨਬੱਧ ਹਨ। ਹੁਣ ਜੇਲ੍ਹਾਂ ਅਸਲ ਵਿੱਚ ਸੁਧਾਰ ਘਰ ਬਣਨਗੀਆਂ। ਅਸੀਂ ਜੇਲ੍ਹਾਂ ਨੂੰ ਡਰੱਗ, ਮੋਬਾਈਲ ਤੇ ਕ੍ਰਾਈਮ ਮੁਕਤ ਕਰਕੇ ਸਾਹ ਲਵਾਂਗੇ। ਕੋਈ ਵੀ ਸਾਨੂੰ ਰੋਕ ਨਹੀਂ ਸਕਦਾ….।

 

ਸਿੱਖ ਭਾਈਚਾਰੇ ਲਈ ਖੁਸ਼ਖਬਰੀ! ਹੁਣ ਬਿਨਾਂ ਪਾਸਪੋਰਟ ਸ੍ਰੀ ਕਰਤਾਰਪੁਰ ਸਾਹਿਬ ਦੇ ਹੋਣਗੇ ਖੁੱਲ੍ਹੇ ਦਰਸ਼ਨ ਦੀਦਾਰੇ, ਜਾਣੋ ਕਿਵੇਂ

0

ਸਿੱਖ ਸੰਗਤ ਲਈ ਲਈ ਖੁਸ਼ੀ ਭਰੀ ਜਾਣਕਾਰੀ ਸਾਹਮਣੇ ਆਈ ਹੈ। ਸਿੱਖਾਂ ਦੀ ਮੰਗ ਨੂੰ ਮੰਨਦਿਆਂ ਭਾਰਤ ਸਰਕਾਰ ਨੇ ਸਰਹੱਦ ਦੇ ਭਾਰਤੀ ਪਾਸੇ ‘ਦਰਸ਼ਨ ਸਥਲ’ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਇੱਕ ਵਿਸ਼ੇਸ਼ ਕਾਰਵਾਈ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਇੱਕ 9 ਮੀਟਰ ਉੱਚਾ ਟਾਵਰ ਬਣਾਉਣ ਜਾ ਰਹੀ ਹੈ। ਕਈ ਲੋਕ ਕਰਤਾਰਪੁਰ ਦੇ ਦਰਸ਼ਨ ਪਾਸਪੋਰਟ ਨਾ ਹੋਣ ਕਾਰਨ ਨਹੀਂ ਕਰ ਪਾਉਂਦੇ ਸੀ, ਉਹ ਹੁਣ ਇਸ ਟਾਵਰ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕਣਗੇ। ਇਸ ਰਾਹੀਂ ਇੱਕ ਵਾਰ ‘ਚ 450 ਲੋਕ ਦਰਸ਼ਨ ਕਰ ਸਕਣਗੇ।ਇੱਥੋਂ ਗੁਰੁ ਨਾਨਕ ਦੇਵ ਜੀ ਦੇ ਪਵਿੱਤਰ ਸਥਾਨ ਕਰਤਾਰਪੁਰ ਸਾਹਿਬ ਦੇ ਸਿੱਧੇ ਦਰਸ਼ਨ ਦੀਦਾਰੇ ਹੋਣਗੇ।

ਇਸ ਦੇ ਅੰਦਰ ਵੱਡੀਆਂ-ਵੱਡੀਆਂ ਸਕਰੀਨਾਂ ਹੋਣਗੀਆਂ ਤੇ ਇਹ ਪੂਰੀ ਤਰ੍ਹਾਂ ਏਅਰ ਕੰਡੀਸ਼ੀਨਰ ਹੋਵੇਗਾ। ਇਸ ਟਾਵਰ ਰਾਹੀਂ ਉਹ ਹੁਣ ਬਿਨਾਂ ਪਾਸਪੋਰਟ ਦੇ ਦਰਸ਼ਨ ਕਰ ਸਕਣਗੇ।ਇਸ ਰਾਹੀਂ ਜਿਹੜੀ ਸੰਗਤ ਸ੍ਰੀ ਇਹ ਦਰਸ਼ਨ ਸਥਲ 6 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ ਅਤੇ ਸੰਗਤ ਨੂੰ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏਗਾ

ਲਾਰੈਂਸ ਬਿਸ਼ਨੋਈ ਨੂੰ ਮੋਹਾਲੀ ਅਦਾਲਤ ‘ਚ ਕੀਤਾ ਪੇਸ਼, ਜਾਣੋ ਮਾਮਲਾ

0

ਲਾਰੈਂਸ ਬਿਸ਼ਨੋਈ ਦਾ ਅੱਜ 10 ਦਿਨਾਂ ਦਾ ਰਿਮਾਂਡ ਖਤਮ ਹੋਣ ਜਾ ਰਿਹਾ ਸੀ। ਇਸ ਲਈ ਅੱਜ ਲਾਰੈਂਸ ਬਿਸ਼ਨੋਈ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੰਜਾਬ ਪੁਲਿਸ ਵਲੋਂ ਲਾਰੈਂਸ ਬਿਸ਼ਨੋਈ ਨੂੰ ਸਖਤ ਸੁਰੱਖਿਆ ਪ੍ਰਬੰਧਾਂ ‘ਚ ਮੋਹਾਲੀ ਕੋਰਟ ‘ਚ ਪੇਸ਼ ਕੀਤਾ। ਇਸਦੇ ਨਾਲ ਹੀ ਦੱਸ ਦਈਏ ਕਿ ਜੱਗੂ ਭਗਵਾਨਪੁਰੀਆ ਤੇ ਲਾਰੈਂਸ ‘ਤੇ ਪੇਸ਼ੀ ਦੌਰਾਨ ਹਮਲਾ ਹੋਣ ਦਾ ਖਦਸ਼ਾ ਵੀ ਬਣਿਆ ਹੋਇਆ ਹੈ ਕਿਉਂਕਿ ਲਗਾਤਾਰ ਬੰਬੀਹਾ ਗੈਂਗ ਵਲੋਂ ਧਮਕੀਆਂ ਵਾਲੀਆਂ ਪੋਸਟਾਂ ਸੋਸ਼ਲ ਮੀਡੀਆ ‘ਤੇ ਪਾਈਆਂ ਜਾ ਰਹੀਆਂ ਹਨ। ਜਿਨ੍ਹਾਂ ‘ਚ ਲਿਖਿਆ ਗਿਆ ਕਿ ਉਹ ਸਿੱਧੂ ਮੂਸੇਵਾਲਾ ਦੇ ਕਾਤਲਾਂ ਤੋਂ ਬਦਲਾ ਲੈ ਕੇ ਰਹਿਣਗੇ।

ਇਸ ਲਈ ਅੱਜ ਪੂਰੇ ਪੁਖਤਾ ਪ੍ਰਬੰਧਾਂ ਨਾਲ ਲਾਰੈਂਸ ਨੂੰ ਮੋਹਾਲੀ ਕੋਰਟ ‘ਚ ਪੇਸ਼ ਕੀਤਾ ਗਿਆ। ਉਸ ਤੋਂ ਵੱਖ -ਵੱਖ ਮਾਮਲਿਆਂ ‘ਚ ਪੁਲਿਸ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅੱਜ ਉਸਨੂੰ ਆਪਣੇ ਭਰਾ ਨੂੰ ਜਾਅਲੀ ਪਾਸਪੋਰਟ ਬਣਾ ਕੇ ਵਿਦੇਸ਼ ਭੇਜਣ ਦੇ ਮਾਮਲੇ ‘ਚ ਮੋਹਾਲੀ ਕੋਰਟ ‘ਚ ਪੇਸ਼ ਕੀਤਾ ਗਿਆ ਹੈ। ਹੁਣ ਪੁਲਿਸ ਇਸ ਮਾਮਲੇ ‘ਚ ਉਸ ਤੋਂ ਪੁੱਛਗਿੱਛ ਕਰੇਗੀ।

ਜੰਗਲਾਤ ਜ਼ਮੀਨ ਘੁਟਾਲੇ ‘ਚ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸੰਦੋਆ ਵੀ ਘਿਰ ਸਕਦੇ ਹਨ ਸਵਾਲਾਂ ਦੇ ਘੇਰੇ ‘ਚ

0

ਜੰਗਲਾਤ ਜ਼ਮੀਨ ਘੁਟਾਲੇ ਵਿੱਚ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦਾ ਵੀ ਨਾਂ ਗੂੰਜਣ ਲੱਗਾ ਹੈ। ਸੂਤਰਾਂ ਮੁਤਾਬਕ ਸੰਦੋਆ ਵੀ ਵਿਜੀਲੈਂਸ ਦੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ। ਇਸ ਲਈ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਸੂਤਰਾਂ ਮੁਤਾਬਕ ਰੂਪਨਗਰ ਦੇ ਪਿੰਡ ਕਰੂਰਾਂ ਵਿੱਚ ਕਰੀਬ ਦੋ ਮਹੀਨੇ ਪਹਿਲਾਂ ਜੰਗਲਾਤ ਵਿਭਾਗ ਦੀ ਜ਼ਮੀਨ ਕੁਲੈਕਟਰ ਰੇਟ ਤੋਂ 10 ਗੁਣਾ ਵੱਧ ਕੀਮਤ ’ਤੇ ਵੇਚਣ ਸਬੰਧੀ ਹੋਏ ਕਰੋੜਾਂ ਰੁਪਏ ਦੇ ਘੁਟਾਲੇ ਦਾ ਸੇਕ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੱਕ ਪੁੱਜ ਗਿਆ ਹੈ। ਇਸੇ ਦੌਰਾਨ ਸੰਦੋਆ ਵੱਲੋਂ ਵਰਤੀ ਜਾ ਰਹੀ ਇਨੋਵਾ ਕ੍ਰਿਸਟਾ ਕਾਰ ਵੀ ਵਿਜੀਲੈਂਸ ਦੀ ਜਾਂਚ ਦੇ ਘੇਰੇ ਵਿੱਚ ਆ ਗਈ ਹੈ।

ਦੂਜੇ ਪਾਸੇ ਅਮਰਜੀਤ ਸਿੰਘ ਸੰਦੋਆ ਦਾ ਕਹਿਣਾ ਹੈ ਕਿ ਇਹ ਸਭ ਉਨ੍ਹਾਂ ਦੇ ਵਿਰੋਧੀਆਂ ਦੀ ਸਾਜਿਸ਼ ਹੈ ਤੇ ਉਹ ਬੇਕਸੂਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਪੂਰੇ ਮਾਮਲੇ ਬਾਰੇ ਸਮਝਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨੋਵਾ ਗੱਡੀ ਉਨ੍ਹਾਂ ਦੇ ਸਹੁਰੇ ਨੇ ਵਰਤਣ ਲਈ ਦਿੱਤੀ ਸੀ ਪਰ ਉਨ੍ਹਾਂ ਕਦੇ ਆਪਣੇ ਸਹੁਰਿਆਂ ਤੋਂ ਆਮਦਨ ਦੇ ਸਰੋਤਾਂ ਬਾਰੇ ਨਹੀਂ ਪੁੱਛਿਆ।

ਦੱਸ ਦਈਏ ਕਿ ਵਿਜੀਲੈਂਸ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਕਾਰ ਸੰਦੋਆ ਦੇ ਇੱਕ ਰਿਸ਼ਤੇਦਾਰ ਨੇ ਖਰੀਦੀ ਸੀ ਤੇ ਇਸ ਦੀ ਅਦਾਇਗੀ ਇਸ ਘੁਟਾਲੇ ਦੇ ਇੱਕ ਮੁਲਜ਼ਮ ਵੱਲੋਂ ਸਿੱਧੀ ਕਾਰ ਡੀਲਰ ਨੂੰ ਕੀਤੀ ਗਈ ਸੀ। ਵਿਜੀਲੈਂਸ ਨੇ ਬੈਂਕ ਖਾਤੇ ਘੋਖਣ ’ਤੇ ਪਤਾ ਲਾਇਆ ਹੈ ਕਿ ਮਾਮਲੇ ਵਿੱਚ ਨਾਮਜ਼ਦ ਭਿੰਡਰ ਭਰਾਵਾਂ ਨੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਇੱਕ ਮਹਿਲਾ ਦੇ ਖਾਤੇ ਵਿੱਚ ਲਗਪਗ 2 ਕਰੋੜ ਰੁਪਏ ਪਾਏ ਸਨ, ਜਿਸ ਵਿੱਚੋਂ ਕਾਫੀ ਰਕਮ ਮਹਿਲਾ ਨੇ ਆਪਣੇ ਪਤੀ ਬਰਿੰਦਰ ਕੁਮਾਰ ਦੇ ਖਾਤੇ ਵਿੱਚ ਪਾ ਦਿੱਤੀ ਸੀ।

ਬਰਿੰਦਰ ਕੁਮਾਰ ਨੇ 16 ਅਕਤੂਬਰ, 2020 ਨੂੰ ਇੱਕ ਕਾਰ ਡੀਲਰ ਦੇ ਖਾਤੇ ਵਿੱਚ ਇਨੋਵਾ ਕ੍ਰਿਸਟਾ ਕਾਰ ਬਦਲੇ ਕਰੀਬ 19 ਲੱਖ ਰੁਪਏ ਪਾਏ। ਗੱਡੀ ਦੀ ਰਜਿਸਟਰੇਸ਼ਨ ਪਿੰਡ ਘੜੀਸਪੁਰ ਦੇ ਵਸਨੀਕ ਮੋਹਨ ਸਿੰਘ ਦੇ ਨਾਮ ’ਤੇ ਕਰਵਾਈ ਗਈ, ਜੋ ਅਮਰਜੀਤ ਸਿੰਘ ਸੰਦੋਆ ਦਾ ਸਹੁਰਾ ਹੈ। ਵਿਜੀਲੈਂਸ ਬਿਊਰੋ ਨੇ ਐਸਡੀਐਮ ਰੂਪਨਗਰ ਨੂੰ ਪੱਤਰ ਲਿਖ ਕੇ ਗੱਡੀ ਦੀ ਰਜਿਸਟਰੇਸ਼ਨ ਜ਼ਬਤ ਕਰਨ ਲਈ ਕਿਹਾ ਹੈ, ਜਿਸ ਦੀ ਪੁਸ਼ਟੀ ਕਰਦਿਆਂ ਐਸਡੀਐਮ ਰੂਪਨਗਰ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ 26 ਅਗਸਤ ਨੂੰ ਪ੍ਰਾਪਤ ਹੋਏ ਪੱਤਰ ਅਨੁਸਾਰ ਬਣਦੀ ਕਾਰਵਾਈ ਕਰ ਦਿੱਤੀ ਹੈ।

ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਅਤੇ ਉਸ ਦੇ ਭਰਾ ਅਮਰਿੰਦਰ ਸਿੰਘ ਭਿੰਡਰ ਨੇ ਜੰਗਲਾਤ ਵਿਭਾਗ ਦੀ ਮਹਿਜ਼ 90,000 ਰੁਪਏ ਪ੍ਰਤੀ ਏਕੜ ਕੁਲੈਕਟਰ ਰੇਟ ਵਾਲੀ ਕਰੀਬ 54 ਏਕੜ ਜ਼ਮੀਨ ਮੁੜ ਜੰਗਲਾਤ ਵਿਭਾਗ ਨੂੰ 9,90,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚ ਦਿੱਤੀ ਸੀ। ਇਸ ਸਬੰਧੀ ਨੂਰਪੁਰ ਬੇਦੀ ਥਾਣੇ ਵਿੱਚ ਕੇਸ ਦਰਜ ਹੋਇਆ, ਜਿਸ ਸਬੰਧੀ ਵਿਜੀਲੈਂਸ ਨੇ ਜਾਂਚ ਆਰੰਭੀ ਸੀ।

ਤਰਸੇਮ ਜੱਸੜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਮਾਂ ਦਾ ਲਾਡਲਾ’ ਦਾ Title Song ਹੋਇਆ ਰਿਲੀਜ਼

0

ਪੰਜਾਬੀ ਫਿਲਮ MAA DA LADLA ਬਹੁਤ ਜਲਦ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਤਰਸੇਮ ਜੱਸੜ ਤੇ ਨੀਰੂ ਬਾਜਵਾ ਫਿਲਮ ‘ਚ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ਦਾ ਟਾਈਟਲ ਟਰੈਕ MAA DA LADLA ਵੀ ਰਿਲੀਜ਼ ਹੋ ਗਿਆ ਹੈ। MAA DA LADLA ਗੀਤ ਨੂੰ ਬਹੁਤ ਹੀ ਖੁਬਸੂਰਤੀ ਨਾਲ ਸ਼ਿਗਾਰਿਆਂ ਗਿਆ ਹੈ। ਇਹ ਗੀਤ ਤਰਸੇਮ ਜੱਸੜ ਤੇ ਮੇਹਰ ਬਾਣੀ ਵਲੋਂ ਗਾਇਆ ਗਿਆ ਹੈ। ਤਰਸੇਮ ਜੱਸੜ ਤੇ ਨੀਰੂ ਬਾਜਵਾ ਦੀ ਅਦਾਕਾਰੀ ਦਰਸ਼ਕਾਂ ਵਲੋਂ ਬਹੁਤ ਹੀ ਪਸੰਦ ਕੀਤੀ ਜਾਦੀ ਹੈ।

ਤਰਸੇਮ ਜੱਸੜ ਅਤੇ ਨੀਰੂ ਬਾਜਵਾ ਦੋਵੇਂ ਜਲਦ ਹੀ ਆਉਣ ਵਾਲੀ ਪੰਜਾਬੀ ਫਿਲਮ ‘ਮਾਂ ਦਾ ਲਾਡਲਾ’ ‘ਚ ਨਜ਼ਰ ਆਉਣਗੇ। ਉੜਾ ਏਡਾ ਤੋਂ ਬਾਅਦ ਇਹ ਜੋੜੀ ਦੂਜੀ ਵਾਰ ਸਿਲਵਰ ਸਕ੍ਰੀਨ ‘ਤੇ ਇਕੱਠੇ ਆ ਰਹੀ ਹੈ।   ਆਪਣੀ ਨਵੀਂ ਫਿਲਮ ਰਾਹੀਂ ਬਹੁਤ ਜਲਦ ਤਰਸੇਮ ਜੱਸੜ ਤੇ ਨੀਰੂ ਬਾਜਵਾ ਆਪਣੇ ਦਰਸ਼ਕਾਂ ਦੇ ਰੁਬਰੂ ਹੋਣਗੇ।

ਇਸ ਫ਼ਿਲਮ `ਚ ਨੀਰੂ ਬਾਜਵਾ ਦੇ ਨਾਲ ਤਰਸੇਮ ਜੱਸੜ ਐਕਟਿੰਗ ਦੇ ਜੌਹਰ ਵਿਖਾਉਂਦੇ ਨਜ਼ਰ ਆਉਣਗੇ। ਫ਼ਿਲਮ ਦੇ ਪੋਸਟਰ ਨੂੰ ਵੇਖ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਪਤੀ ਪਤਨੀ ਦੇ ਵਿਚਾਲੇ ਪਿਆਰ ਤੇ ਤਕਰਾਰ ਦੀ ਕਹਾਣੀ ਹੈ।

ਇਸ ਫਿਲਮ ਦੇ ਡਾਇਰੈਕਟਰ ਦੀ ਗੱਲ ਕੀਤੀ ਜਾਵੇ ਤਾਂ ਉਦੈ ਪ੍ਰਤਾਪ ਸਿੰਘ ਦੁਆਰਾ ਇਸ ਨੂੰ ਡਾਇਰੈਕਟ ਕੀਤਾ ਗਿਆ ਹੈ। ਮਨਪ੍ਰੀਤ ਜੌਹਲ ਆਸ਼ੂ ਮੁਨੀਸ਼ ਸਾਹਨੀ ਇਸ ਫਿਲਮ ਦੇ ਪ੍ਰੋਡਿਊਸਰ ਹਨ। ਵੇਹਲੀ ਜਨਤਾ ਫਿਲਮਜ਼ ਅਤੇ ਓਮਜੀ ਸਟਾਰ ਸਟੂਡੀਓਜ਼ ਨੇ ਪ੍ਰੋਜੈਕਟ ਪੇਸ਼ ਕੀਤਾ ਹੈ। ਫਿਲਮ ਵਿੱਚ ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਸੁਖਵਿੰਦਰ ਚਾਹਲ ਅਤੇ ਹੋਰ ਵਰਗੇ ਕਲਾਕਾਰ ਵੀ ਹਨ।  ਇਸ ਫਿਲਮ ਦੀ ਕਹਾਣੀ ਜਗਦੀਪ ਵੜਿੰਗ ਦੁਆਰਾ ਲਿਖੀ ਗਈ ਹੈ। ਫਿਲਮ MAA DA LADLA 16 ਸਤੰਬਰ 2022 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

CM ਭਗਵੰਤ ਮਾਨ ਨੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਜੀ ਨੂੰ ਕੀਤਾ ਸਲਾਮ

0

ਪੰਜਾਬ ਦੇ ਭਗਵੰਤ ਮਾਨ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਅੱਜ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ਕੀਤੀ ਜਾ ਰਹੀ ਹੈ। ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸਮਰਪਿਤ ਕੀਤੀਆਂ ਗਈਆਂ ਇਹਨਾਂ ਖੇਡਾਂ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਚ ਸ਼ਾਮ 4 ਵਜੇ ਕਰਨਗੇ।

ਇਹਨਾਂ ਖੇਡਾਂ ਵਿਚ ਬਲਾਕ, ਜ਼ਿਲ੍ਹਾ ਤੇ ਸੂਬਾ ਪੱਧਰੀ ਖੇਡ ਮੁਕਾਬਲੇ ਹੋਣਗੇ ਜਿਹਨਾਂ ਦੇ ਜੇਤੂਆਂ ਨੂੰ ਲੱਖਾਂ ਰੁਪਏ ਇਨਾਮ ਮਿਲਣਗੇ।
ਇਸ ਦੌਰਾਨ ਮੁੱਖ ਮੰਤਰੀ ਨੇ ਇਕ ਟਵੀਟ ਰਾਹੀਂ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਹਾਕੀ ਦੇ ਜਾਦੂਗਰ…ਮੇਜਰ ਧਿਆਨ ਚੰਦ ਜੀ…ਜਿਨ੍ਹਾਂ ਭਾਰਤ ਦੀ ਰਾਸ਼ਟਰੀ ਖੇਡ ਹਾਕੀ ਨੂੰ ਦੁਨੀਆ ਦੇ ਨਕਸ਼ੇ ‘ਤੇ ਇੱਕ ਅਲੱਗ ਪਹਿਚਾਣ ਦਿੱਤੀ…3 ਓਲੰਪਿਕ ਜਿੱਤ ਕੇ ਭਾਰਤ ਨੇ ਇਤਿਹਾਸ ਰਚ ਦਿੱਤਾ ਸੀ… ਅੱਜ ਉਹਨਾਂ ਦੇ ਜਨਮ ਦਿਵਸ ਮੌਕੇ ਰਾਸ਼ਟਰੀ ਖੇਡ ਦਿਵਸ ਦੀਆਂ ਸਾਰਿਆਂ ਨੂੰ ਮੁਬਾਰਕਾਂ…ਨਾਲ ਹੀ ਮੇਜਰ ਸਾਬ੍ਹ ਨੂੰ ਦਿਲੋਂ ਪ੍ਰਣਾਮ ਕਰਦਾ ਹਾਂ…

ਖੇਡਾਂ ਵਤਨ ਪੰਜਾਬ ਦੀਆਂ ਦਾ ਅੱਜ ਹੋਵੇਗਾ ਆਗਾਜ਼, CM ਮਾਨ ਕਰਨਗੇ ਉਦਘਾਟਨ

0

ਭਗਵੰਤ ਮਾਨ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਅੱਜ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ਕੀਤੀ ਜਾ ਰਹੀ ਹੈ। ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸਮਰਪਿਤ ਕੀਤੀਆਂ ਗਈਆਂ ਇਹਨਾਂ ਖੇਡਾਂ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਚ ਸ਼ਾਮ 4 ਵਜੇ ਕਰਨਗੇ।
ਇਹਨਾਂ ਖੇਡਾਂ ਵਿਚ ਬਲਾਕ, ਜ਼ਿਲ੍ਹਾ ਤੇ ਸੂਬਾ ਪੱਧਰੀ ਖੇਡ ਮੁਕਾਬਲੇ ਹੋਣਗੇ ਜਿਹਨਾਂ ਦੇ ਜੇਤੂਆਂ ਨੂੰ ਲੱਖਾਂ ਰੁਪਏ ਇਨਾਮ ਮਿਲਣਗੇ।

ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆ ਹਨ। ਸਟੇਡੀਅਮ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ।

ਉਦਘਾਟਨ ਤੋਂ ਬਾਅਦ ਵਾਲੀਬਾਲ, ਰੱਸਾਕਸ਼ੀ, ਗੱਤਕੇ ਸਮੇਤ ਜਿਮਨਾਸਟਿਕ ਦੇ ਮੁਕਾਬਲੇ ਹੋਣਗੇ। ਪੰਜਾਬ ਭਰ ਵਿੱਚ ਇਨ੍ਹਾਂ ਖੇਡਾਂ ਦੇ ਮੁਕਾਬਲੇ ਬਲਾਕ ਪੱਧਰ ਤੋਂ ਸ਼ੁਰੂ ਹੋਣਗੇ। ਬਲਾਕ ਪੱਧਰੀ ਟੂਰਨਾਮੈਂਟ 1 ਤੋਂ 7 ਸਤੰਬਰ ਤੱਕ ਕਰਵਾਏ ਜਾਣੇ ਹਨ, ਜਿਸ ਵਿੱਚ ਵਾਲੀਬਾਲ, ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ ਅਤੇ ਰੱਸਾਕਸ਼ੀ ਦੇ ਮੁਕਾਬਲੇ ਹੋਣਗੇ ਜਦਕਿ 12 ਤੋਂ 22 ਸਤੰਬਰ ਤੱਕ ਹੋਣ ਵਾਲੇ ਜ਼ਿਲ੍ਹਾ ਪੱਧਰੀ ਟੂਰਨਾਮੈਂਟਾਂ ਵਿੱਚ ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ, ਵਾਲੀਬਾਲ, ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈੱਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਬਾਕਸਿੰਗ, ਟੇਬਲ ਟੈਨਿਸ ਅਤੇ ਵੇਟ ਲਿਫਟਿੰਗ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ 10 ਤੋਂ 21 ਅਕਤੂਬਰ ਤੱਕ ਹੋਣ ਵਾਲੇ ਰਾਜ ਪੱਧਰੀ ਟੂਰਨਾਮੈਂਟਾਂ ਵਿੱਚ ਸਾਰੀਆਂ ਜ਼ਿਲ੍ਹਾਂ ਪੱਧਰੀ ਖੇਡਾਂ ਤੋਂ ਇਲਾਵਾ ਕਿੱਕ ਬਾਕਸਿੰਗ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਸ਼ਤਰੰਜ, ਰੌਇੰਗ, ਜਿਮਨਾਸਟਿਕ, ਤਲਵਾਰਬਾਜ਼ੀ ਅਤੇ ਪਾਵਰ ਲਿਫਟਿੰਗ ਸ਼ਾਮਲ ਹਨ।

ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਹੋ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਉਦਘਾਟਨੀ ਸਮਾਰੋਹ ਬਾਰੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸ਼ਾਮ ਨੂੰ ਉਦਘਾਟਨ ਕਰਨਗੇ। ਪੁਲੀਸ ਅਧਿਕਾਰੀਆਂ ਦੀ ਟੀਮ ਸਮੇਤ ਪੁਲੀਸ ਕਮਿਸ਼ਨਰ ਨੇ ਸੁਰੱਖਿਆ ਦੇ ਸਾਰੇ ਇੰਤਜ਼ਾਮਾਂ ਨੂੰ ਘੋਖਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵੀ ਉਨ੍ਹਾਂ ਦੇ ਨਾਲ ਸਨ।

Asia Cup : ਭਾਰਤ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ, PM ਮੋਦੀ ਨੇ ਭਾਰਤੀ ਟੀਮ ਨੂੰ ਦਿੱਤੀ ਜਿੱਤ ਦੀ ਵਧਾਈ

0

ਭਾਰਤ ਨੇ ਏਸ਼ੀਆ ਕੱਪ ਵਿਚ ਆਪਣੇ ਪਹਿਲੇ ਮੁਕਾਬਲੇ ਵਿਚ ਐਤਵਾਰ ਨੂੰ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਹਾਰਦਿਕ ਨੇ ਪਹਿਲਾਂ ਗੇਂਦਬਾਜ਼ੀ ਵਿਚ ਆਪਣੀ ਉਪਯੋਗਿਤਾ ਸਾਬਤ ਕਰਦੇ ਹੋਏ 4 ਓਵਰਾਂ ਵਿਚ 25 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਦੇ ਦਮ ’ਤੇ ਭਾਰਤ ਨੇ ਪਾਕਿਸਤਾਨ ਨੂੰ 19.5 ਓਵਰਾਂ ਵਿਚ 147 ਦੌੜਾਂ ’ਤੇ ਸਮੇਟ ਦਿੱਤਾ। ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਦੇ ਹੋਏ 17 ਗੇਂਦਾਂ ਵਿਚ ਅਜੇਤੂ 33 ਦੌੜਾਂ ਬਣਾਈਆਂ ਤੇ ਰਵਿੰਦਰ ਜਡੇਜਾ (29 ਗੇਂਦਾਂ ’ਚੇ 35 ਦੌੜਾਂ) ਦੇ ਨਾਲ 52 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਜਿੱਤ ਦਿਵਾਈ। ਇਸਦੇ ਨਾਲ ਹੀ ਭਾਰਤੀ ਟੀਮ ਨੇ 10 ਮਹੀਨੇ ਪਹਿਲਾਂ ਟੀ-20 ਵਿਸ਼ਵ ਕੱਪ ਵਿਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।

ਭਾਰਤੀ ਟੀਮ ਦੀ ਰੋਮਾਂਚਕ ਜਿੱਤ ‘ਤੇ ਪੀ.ਐੱਮ. ਮੋਦੀ ਨੇ ਵਧਾਈ ਦਿੱਤੀ ਹੈ। ਟੀਮ ਇੰਡੀਆ ਨੇ ਅੱਜ ਏਸ਼ੀਆ ਕੱਪ 2022 ਦੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਨੇ ਜ਼ਬਰਦਸਤ ਕਲਾ ਤੇ ਸਬਰ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੂੰ ਜਿੱਤ ਦੀ ਵਧਾਈ।’’

ਇਸ ਤੋਂ ਇਲਾਵਾ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਕੀ ਰੋਮਾਂਚਕ ਮੈਚ ਸੀ। ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੇਡਾਂ ਦੀ ਖੂਬਸੂਰਤੀ ਇਹ ਹੈ ਕਿ ਉਹ ਕਿਵੇਂ ਦੇਸ਼ ਨੂੰ ਪ੍ਰੇਰਿਤ ਅਤੇ ਇਕਜੁੱਟ ਕਰਦੀਆਂ ਹਨ। ਬਹੁਤ ਖੁਸ਼ੀ ਤੇ ਮਾਣ ਦੀ ਭਾਵਨਾ।’

ਹੈਰਿਸ ਰਾਓਫ ਦੇ ਕਰਵਾਏ 19ਵੇਂ ਓਵਰ ਵਿਚ ਪੰਡਯਾ ਦੇ ਤਿੰਨ ਚੌਕਿਆਂ ਨੇ ਮੈਚ ਦਾ ਪਾਸਾ ਪਲਟ ਦਿੱਤਾ। ਭਾਰਤ ਨੂੰ ਆਖਰੀ ਤਿੰਨ ਗੇਂਦਾਂ ਵਿਚ 6 ਦੌੜਾਂ ਦੀ ਲੋੜ ਸੀ ਤੇ ਹਾਰਦਿਕ ਨੇ ਖੱਬੇ ਹੱਥ ਦੇ ਸਪਿਨਰ ਮੁਹੰਮਦ ਨਵਾਜ਼ ਨੂੰ ਛੱਕਾ ਲਾ ਕੇ ਦੋ ਗੇਂਦਾਂ ਬਾਕੀ ਰਹਿੰਦਿਆਂਭਾਰਤ ਨੂੰ ਜਿੱਤ ਦਿਵਾਈ।

ਇਸ ਤੋਂ ਪਹਿਲਾਂ ਭਾਰਤ ਦੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਕੇ. ਐੱਲ. ਰਾਹੁਲ ਖਾਤਾ ਵੀ ਨਹੀਂ ਖੋਲ੍ਹ ਸਕਿਆ ਜਦਕਿ ਕਪਤਾਨ ਰੋਹਿਤ ਸ਼ਰਮਾ 18 ਗੇਂਦਾਂ ’ਤੇ 12 ਦੌੜਾਂ ਬਣਾ ਕੇ ਆਊਟ ਹੋਇਆ। ਵਿਰਾਟ ਕੋਹਲੀ ਨੇ 34 ਗੇਂਦਾਂ ਵਿਚ 35 ਦੌੜਾਂ ਬਣਾਈਆਂ ਪਰ ਵੱਡੀ ਪਾਰੀ ਵੱਲ ਵਧਦੇ ਹੋਏ ਗੈਰ-ਜ਼ਿੰਮੇਵਾਰਾਨਾ ਸ਼ਾਟ ਖੇਡ ਕੇ ਆਊਟ ਹੋਇਆ। ਪਾਕਿਸਤਾਨ ਲਈ ਡੈਬਿਊ ਕਰ ਰਹੇ ਨਸੀਮ ਸ਼ਾਹ ਨੇ ਭਾਰਤੀ ਬੱਲੇਬਾਜ਼ਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ। ਇਕ ਸਮੇਂ ਭਾਰਤ ਦਾ ਸਕੋਰ 4 ਵਿਕਟਾਂ ’ਤੇ 89 ਦੌੜਾਂ ਹੋ ਗਿਆ ਸੀ, ਜਿਸ ਤੋਂ ਬਾਅਦ ਜਡੇਜਾ ਤੇ ਪੰਡਯਾ ਨੇ ਜ਼ਿੰਮੇਵਾਰੀ ਸੰਭਾਲੀ।

ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਾਕਿਸਤਾਨ ਨੂੰ ਬੱਲੇਬਾਜ਼ੀ ਕਰਨ ਲਈ ਸੱਦਾ ਦਿੱਤਾ ਤੇ ਭੁਵਨੇਸ਼ਵਰ ਕੁਮਾਰ ਨੇ ਤੀਜੇ ਓਵਰ ਵਿਚ ਹੀ ਬਾਬਰ ਆਜ਼ਮ (10) ਨੂੰ ਆਊਟ ਕਰ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਅਾਤ ਦਿਵਾਈ। ਤੀਜੇ ਨੰਬਰ ’ਤੇ ਆਏ ਫਖਰ ਜ਼ਮਾਨ ਨੇ ਦੋ ਚੌਕਿਆਂ ਦੇ ਨਾਲ ਪਾਰੀ ਦਾ ਆਗਾਜ਼ ਕੀਤਾ ਪਰ ਆਵੇਸ਼ ਖਾਨ ਨੇ ਉਸ ਨੂੰ ਸਿਰਫ 10 ਦੌੜਾਂ ’ਤੇ ਵਿਕਟਕੀਪਰ ਦਿਨੇਸ਼ ਕਾਰਤਿਕ ਹੱਥੋਂ ਕੈਚ ਕਰਵਾ ਕੇ ਪੈਵੇਲੀਅਨ ਭੇਜ ਦਿੱਤਾ। ਤੀਜੀ ਵਿਕਟ ਲਈ 45 ਦੌੜਾਂ ਦੀ ਸਾਂਝੇਦਾਰੀ ਕਰਨ ਵਾਲੇ ਮੁਹੰਮਦ ਰਿਜ਼ਵਾਨ ਤੇ ਇਫਤਿਖਾਰ ਅਹਿਮਦ ਹਾਰਦਿਕ ਪੰਡਯਾ ਦੀਆਂ ਛੋਟੀਆਂ ਗੇਂਦ ਦੇ ਸ਼ਿਕਾਰ ਹੋਏ। ਰਿਜ਼ਵਾਨ ਨੇ 42 ਗੇਂਦਾਂ ’ਤੇ 4 ਚੌਕਿਆਂ ਤੇ 1 ਛੱਕੇ ਦੀ ਬਦੌਲਤ 43 ਦੌੜਾਂ ਦੀ ਪਾਰੀ ਖੇਡੀ ਜਦਕਿ ਇਫਤਿਖਾਰ ਨੇ 22 ਗੇਂਦਾਂ ’ਤੇ 2 ਚੌਕੇ ਤੇ 1 ਛੱਕਾ ਲਾਉਂਦੇ ਹੋਏ 28 ਦੌੜਾਂ ਬਣਾਈਆਂ। ਹਾਰਦਿਕ ਨੇ ਖੁਸ਼ਦਿਲ ਸ਼ਾਹ (2) ਦੀ ਵੀ ਵਿਕਟ ਲਈ।

ਇਸ ਤੋਂ ਬਾਅਦ ਪਾਕਿਸਤਾਨ ਦੀਆਂ ਵਿਕਟਾਂ ਦੀ ਝੜੀ ਲੱਗ ਗਈ। ਭੁਵਨੇਸ਼ਵਰ ਨੇ ਜਿੱਥੇ ਸ਼ਾਦਾਬ ਖਾਨ (10), ਆਸਿਫ ਅਲੀ (9) ਤੇ ਨਸੀਮ ਸ਼ਾਹ (0) ਨੂੰ ਆਊਟ ਕੀਤਾ, ਉੱਥੇ ਹੀ ਅਰਸ਼ਦੀਪ ਸਿੰਘ ਨੇ ਮੁਹੰਮਦ ਨਵਾਜ਼ (1) ਨੂੰ ਪੈਵੇਲੀਅਨ ਭੇਜਿਆ। 19ਵੇਂ ਓਵਰ ਵਿਚ ਸ਼ਾਦਾਬ ਤੇ ਨਸੀਮ ਨੂੰ ਆਊਟ ਕਰਨ ਤੋਂ ਬਾਅਦ ਭੁਵਨੇਸ਼ਵਰ ਕੋਲ ਹੈਟ੍ਰਿਕ ਦਾ ਮੌਕਾ ਸੀ ਪਰ ਸ਼ਾਹਨਵਾਜ਼ ਦਹਾਨੀ ਨੇ ਛੱਕਾ ਲਾ ਕੇ ਉਸ ਨੂੰ ਇਹ ਉਪਲੱਬਧੀ ਹਾਸਲ ਨਹੀਂ ਕਰਨ ਦਿੱਤੀ। ਅਰਸ਼ਦੀਪ ਨੇ ਆਖਰੀ ਓਵਰ ਦੀਆਂ ਪਹਿਲੀਆਂ ਚਾਰ ਗੇਂਦਾਂ ’ਤੇ 11 ਦੌੜਾਂ ਦੇਣ ਤੋਂ ਬਾਅਦ ਦਹਾਨੀ (16) ਨੂੰ ਬੋਲਡ ਕੀਤਾ ਤੇ ਪਾਕਿਸਤਾਨ ਦੀ ਪਾਰੀ 147 ਦੌੜਾਂ ’ਤੇ ਸਿਮਟ ਗਈ।

ਪਲੇਇੰਗ ਇਲੈਵਨ

ਭਾਰਤ : ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਦਿਨੇਸ਼ ਕਾਰਤਿਕ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਅਵੇਸ਼ ਖਾਨ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ

ਪਾਕਿਸਤਾਨ : ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਫਖਰ ਜ਼ਮਾਨ, ਇਫਤਿਖਾਰ ਅਹਿਮਦ, ਖੁਸ਼ਦਿਲ ਸ਼ਾਹ, ਆਸਿਫ ਅਲੀ, ਸ਼ਾਦਾਬ ਖਾਨ, ਮੁਹੰਮਦ ਨਵਾਜ਼, ਨਸੀਮ ਸ਼ਾਹ, ਹਰਿਸ ਰਊਫ, ਸ਼ਾਹਨਵਾਜ਼ ਦਹਾਨੀ