Home Blog Page 1849

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਵਾਰ’ ਕੱਲ੍ਹ ਹੋਵੇਗਾ ਰਿਲੀਜ਼

0

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਦਾ ਪੋਸਟਰ ਸਾਹਮਣੇ ਆਇਆ ਹੈ। ਇਸ ਨਵੇਂ ਗੀਤ ਦਾ ਨਾਂ ‘ਵਾਰ’ ਹੈ ਅਤੇ ਇਸ ਨੂੰ 8 ਨਵੰਬਰ ਨੂੰ ਸਵੇਰੇ 10 ਵਜੇ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਨੂੰ ਲੈ ਕੇ ਸਿੱਧੂ ਦੀ ਟੀਮ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕਰਦਿਆਂ ਇਸ ਨੂੰ ਰਿਲੀਜ਼ ਕਰਨ ਦੀ ਤਾਰੀਖ਼ ਤੇ ਸਮੇਂ ਬਾਰੇ ਦੱਸਿਆ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਕੁਝ ਸਮੇਂ ਬਾਅਦ ‘ਐੱਸ. ਵਾਈ. ਐੱਲ.’ ਗੀਤ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਬਾਅਦ ’ਚ ਯੂ-ਟਿਊਬ ਤੋਂ ਬੈਨ ਕਰ ਦਿੱਤਾ ਗਿਆ ਸੀ।

ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਵੱਲੋਂ ਰਿਕਾਰਡ ਕੀਤਾ ਗਿਆ ‘ਵਾਰ’ ਦੂਜਾ ਗੀਤ ਹੈ, ਜੋ ਰਿਲੀਜ਼ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਮੂਸੇਵਾਲਾ ਦੇ ਪਿਤਾ ਨੇ ਕੁਝ ਦਿਨ ਪਹਿਲਾਂ ਆਪਣੇ ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ ਜੇ ਜਲਦ ਇਨਸਾਫ਼ ਨਹੀਂ ਮਿਲਿਆ ਤਾਂ ਉਹ ਐੱਫ. ਆਈ. ਆਰ. ਵਾਪਸ ਲੈ ਕੇ ਦੇਸ਼ ਛੱਡ ਦੇਵੇਗਾ। ਜ਼ਿਕਰਯੋਗ ਹੈ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਉਹ ਆਪਣੇ ਪੁੱਤ ਨੂੰ ਗੀਤਾਂ ਰਾਹੀਂ ਆਉਣ ਵਾਲੇ ਕਈ ਸਾਲਾਂ ਤੱਕ ਜਿਊਂਦਾ ਰੱਖਣ ਦੀ ਕੋਸ਼ਿਸ਼ ਕਰੇਗਾ।

ਮਸ਼ਹੂਰ ਡਾਇਰੈਕਟਰ ਤੇ ਅਦਾਕਾਰ ਗੁਰਿੰਦਰ ਸਿੰਘ ਡਿੰਪੀ ਦਾ ਹੋਇਆ ਦਿਹਾਂਤ

0

ਪੰਜਾਬੀ ਫਿਲਮ ਇੰਡਸਟਰੀ ਤੋਂ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਹੈ। ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਡਾਇਰੈਕਟਰ ਅਤੇ ਐਕਟਰ ਗੁਰਿੰਦਰ ਸਿੰਘ ਡਿੰਪੀ ਦਾ ਦਿਹਾਂਤ ਹੋ ਗਿਆ ਹੈ। ਉੁਨ੍ਹਾਂ ਨੇ 47 ਸਾਲ ਦੀ ਉਮਰ ‘ਚ ਆਖ਼ਰੀ ਸਾਹ ਲਏ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਇੰਡਸਟਰੀ ‘ਚ ਦੁੱਖ ਦੀ ਲਹਿਰ ਦੌੜ ਗਈ ਹੈ। ਗੁਰਿੰਦਰ ਡਿੰਪੀ ਵੱਲੋਂ ਕਈ ਪੰਜਾਬੀ ਫ਼ਿਲਮਾਂ ਕੀਤੀਆਂ ਗਈਆਂ ਹਨ। ‘ਮੂਸਾ ਜੱਟ’ ਫਿਲਮ ਉਨ੍ਹਾਂ ਵੱਲੋਂ ਲਿਖੀ ਗਈ ਸੀ। ਉਹ ਸਿੱਧੂ ਮੂਸੇਵਾਲਾ ਨਾਲ ਵੀ ਕੰਮ ਕਰ ਚੁੱਕੇ ਸਨ। ਉਨ੍ਹਾਂ ਦੀ ਮੌਤ ਨੇ ਪਰਿਵਾਰ ਨੂੰ ਡੂੰਘਾ ਸਦਮਾ ਦਿੱਤਾ ਹੈ।

ਅਮਰੀਕਾ ‘ਚ ਮੁੜ ਹੋਈ ਫਾਇਰਿੰਗ, 12 ਲੋਕ ਜ਼ਖਮੀ

0

ਅਮਰੀਕਾ ‘ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅਮਰੀਕਾ ‘ਚ ਇੱਕ ਵਾਰ ਫਿਰ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਫਿਲਾਡੇਲਫੀਆ ਦੇ ਕੇਂਸਿੰਗਟਨ ਇਲਾਕੇ ‘ਚ ਇੱਕ ਬਾਰ ਦੇ ਬਾਹਰ ਫਾਇਰਿੰਗ ‘ਚ ਘੱਟੋ-ਘੱਟ 12 ਲੋਕ ਜ਼ਖਮੀ ਹੋ ਗਏ ਹਨ। ਗੋਲੀਬਾਰੀ ਸ਼ਨੀਵਾਰ ਰਾਤ ਨੂੰ ਈਸਟ ਐਲੇਗੇਨੀ ਅਤੇ ਕੇਨਸਿੰਗਟਨ ਐਵੇਨਿਊ ਦੇ ਇਲਾਕੇ ਵਿੱਚ ਹੋਈ।

ਰਿਪੋਰਟਾਂ ਮੁਤਾਬਕ ਗੋਲੀਬਾਰੀ ਦੀ ਘਟਨਾ ‘ਚ ਘੱਟੋ-ਘੱਟ 12 ਲੋਕਾਂ ਨੂੰ ਗੋਲੀ ਲੱਗੀ ਹੈ। ਜ਼ਖਮੀਆਂ ਦੀ ਮੌਜੂਦਾ ਸਥਿਤੀ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਗੋਲੀਬਾਰੀ ਦਾ ਕਾਰਨ ਕੀ ਹੈ? ਜ਼ਖਮੀ ਲੋਕਾਂ ਨੂੰ ਉਨ੍ਹਾਂ ਦੀਆਂ ਸੱਟਾਂ ਦੀ ਗੰਭੀਰਤਾ ਦੇ ਆਧਾਰ ‘ਤੇ ਹਸਪਤਾਲ ਲਿਜਾਇਆ ਗਿਆ।

ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਘਟਨਾ ਦੇ ਕਈ ਦ੍ਰਿਸ਼ਾਂ ਵਿੱਚ ਫਿਲਾਡੇਲਫੀਆ ਵਿੱਚ ਬਾਰ ਦੇ ਨੇੜੇ ਪੁਲਿਸ ਦੀਆਂ ਗੱਡੀਆਂ ਖੜ੍ਹੀਆਂ ਵਿਖਾਈ ਦਿੱਤੀਆਂ, ਜਿੱਥੇ ਗੋਲੀਬਾਰੀ ਦੀ ਸੂਚਨਾ ਦਿੱਤੀ ਗਈ ਸੀ।

ਜੈਕਸ ਬਾਰ ਦੇ ਬਾਹਰ ਹੋਈ ਸਮੂਹਿਕ ਗੋਲੀਬਾਰੀ ਤੋਂ ਬਾਅਦ ਫਿਲਾਡੇਲਫੀਆ ਦੇ ਕੇਨਸਿੰਗਟਨ ਵਿੱਚ ਕਈ ਪੁਲਿਸ ਕਰਮਚਾਰੀ ਪਹੁੰਚ ਗਏ । ਫਿਲਾਡੇਲਫੀਆ ਪੁਲਿਸ ਵਿਭਾਗ ਦੇ ਇੰਸਪੈਕਟਰ ਡੀ.ਐਫ. ਪੇਸ ਨੇ ਕਿਹਾ ਕਿ ਪੀੜਤਾਂ ਨੂੰ ਕੇਨਸਿੰਗਟਨ ਅਤੇ ਐਲੇਗੇਨੀ ਐਵੇਨਿਊਜ਼ ਨੇੜੇ ਗੋਲੀ ਮਾਰੀ ਗਈ ਸੀ। ਉਨ੍ਹਾਂ ਦੀ ਮੈਡੀਕਲ ਸਥਿਤੀ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਸੀ। ਪੁਲਿਸ ਮੁਤਾਬਕ ਇਹ ਗੋਲੀਬਾਰੀ ਰਾਤ 11 ਵਜੇ ਤੋਂ ਕੁਝ ਸਮਾਂ ਪਹਿਲਾਂ ਹੋਈ। ਪੁਲਿਸ ਇਸ ਮਾਮਲੇ ਵਿੱਚ ਅਜੇ ਤੱਕ ਤੁਰੰਤ ਕੋਈ ਗ੍ਰਿਫ਼ਤਾਰੀ ਨਹੀਂ ਕਰ ਸਕੀ।

 

‘ਓਏ ਮੱਖਣਾ’ ਫਿਲਮ ਨੂੰ ਦਰਸ਼ਕਾਂ ਵੱਲੋਂ ਕੀਤਾ ਜਾ ਰਿਹਾ ਪਸੰਦ, ਫਿਲਮ ਦੇ 5 ਕਾਰਨ ਦਰਸ਼ਕਾਂ ਨੂੰ ਬਣਾ ਰਹੇ ਖਿੱਚ ਦਾ ਕੇਂਦਰ

0

ਪੰਜਾਬੀ ਫ਼ਿਲਮ ‘ਓਏ ਮੱਖਣਾ’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।  ਫਿਲਮ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਗਈ ਹੈ।

 

ਫਿਲਮ ਨੂੰ ਦੇਖਣ ਲਈ ਹੋਰ ਵੀ ਦਰਸ਼ਕ ਕਾਫੀ ਉਤਸੁਕ ਹਨ। ਇਸ ਫਿਲਮ ਦੇ ਪੰਜ ਕਾਰਨ ਹਨ ਜੋ ਦਰਸ਼ਕਾਂ ਨੂੰ ਖਿੱਚ ਦਾ ਕੇਂਦਰ ਬਣਾ ਰਹੇ ਹਨ। ਫਿਲਮ ‘ਚ ਚਾਚੇ ਭਤੀਜੇ ਦੀ ਜੋੜੀ ‘ਚ ਗੱਗੂ ਗਿੱਲ ਤੇ ਐਮੀ ਵਿਰਕ ਦੀ ਅਦਾਕਾਰੀ ਦੇਖਣ ਵਾਲੀ ਹੈ। ਵਿਆਹ ਦੀਆਂ ਖੁਸ਼ੀਆਂ ਨੂੰ ਦਿਖਾਇਆ ਗਿਆ ਹੈ।

ਫਿਲਮ ਦੇ ਗਾਣੇ ਜੋ ਕਿ ਬਹੁਤ ਹੀ ਪਿਆਰੇ ਹਨ। ਇਹ ਵੀ ਦਰਸ਼ਕਾਂ ਨੂੰ ਸਿਨੇਮਾ ਘਰਾਂ ਵੱਲ ਖਿੱਚ ਰਹੇ ਹਨ। ਇਸਦੇ ਨਾਲ ਹੀ ਪਿਆਰ ਦੀ ਨੋਕ-ਝੋਕ ਵੀ ਦੇਖਣ ਨੂੰ ਮਿਲੇਗੀ। ਇਸਦੇ ਨਾਲ ਹੀ ਇੱਕ ਪਰਿਵਾਰ ਦੀ ਕੀ ਅਹਿਮੀਅਤ ਹੁੰਦੀ ਹੈ ਤੇ ਪਰਿਵਾਰ ਦੇ ਪਿਆਰ ਦੀ ਮਹੱਤਤਾ ਨੂੰ ਇਹ ਫ਼ਿਲਮ ਦਰਸਾਉਂਦੀ ਹੈ।

ਦੱਸ ਦੇਈਏ ਕਿ ਫ਼ਿਲਮ ’ਚ ਐਮੀ ਵਿਰਕ, ਤਾਨੀਆ ਤੇ ਗੁੱਗੂ ਗਿੱਲ ਮੁੱਖ ਭੂਮਿਕਾ ‘ਚ ਹਨ। ਫ਼ਿਲਮ ’ਚ ਸਿੱਧੀਕਾ ਸ਼ਰਮਾ, ਸੁਖਵਿੰਦਰ ਚਾਹਲ, ਹਰਦੀਪ ਗਿੱਲ, ਤਰਸੇਮ ਪੌਲ, ਦੀਦਾਰ ਗਿੱਲ, ਸਤਵੰਤ ਕੌਰ, ਰੋਜ਼ ਜੇ. ਕੌਰ, ਮੰਜੂ ਮਾਹਲ ਤੇ ਪਰਮਿੰਦਰ ਗਿੱਲ ਦੀ ਵੀ ਅਹਿਮ ਭੂਮਿਕਾ ਹੈ। ‘ਓਏ ਮੱਖਣਾ’ ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ ਤੇ ਇਸ ਨੂੰ ਡਾਇਰੈਕਟ ਸਿਮਰਜੀਤ ਸਿੰਘ ਨੇ ਕੀਤਾ ਹੈ।

G-20 ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸੰਬੰਧੀ ਸਬ ਕੈਬਨਿਟ ਕਮੇਟੀ ਦੀ ਪਹਿਲੀ ਮੀਟਿੰਗ ਭਲਕੇ

0

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਹੋਣ ਵਾਲੇ ਜੀ-20 ਸਿਖਰ ਸੰਮੇਲਨ ਨੂੰ ਸਫਲ ਬਣਾਉਣ ਦੇ ਉਦੇਸ਼ ਨਾਲ ਸੰਮੇਲਨ ਦੀਆਂ ਤਿਆਰੀਆਂ ਦੀ ਨਿਗਰਾਨੀ ਲਈ ਸੂਬਾ ਸਰਕਾਰ ਵੱਲੋਂ ਗਠਨ ਕੀਤੀ ਗਈ ਸਬ ਕਮੇਟੀ ਦੀ ਪਹਿਲੀ ਮੀਟਿੰਗ 7 ਨਵੰਬਰ 2022 ਨੂੰ ਚੰਡੀਗੜ੍ਹ ਵਿਖੇ ਰੱਖੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਜੀ- 20 ਸੰਮੇਲਨ ਦੀ ਮਹਤੱਤਾ ਨੂੰ ਵੇਖਦਿਆਂ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜ਼ੋ ਇਸ ਮੌਕੇ ਪੰਜਾਬ ਰਾਜ ਨੂੰ ਦੁਨੀਆਂ ਭਰ ਦੇ ਨਕਸ਼ੇ ਵਿਚ ਸੈਰ ਸਪਾਟੇ ਦੇ ਕੇਂਦਰ ਵਜੋਂ ਪੇਸ਼ ਕੀਤਾ ਜਾ ਸਕੇ।

ਬੁਲਾਰੇ ਨੇ ਦੱਸਿਆ ਕਿ ਇਸੇ ਮਕਸਦ ਨਾਲ ਸਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਦੀ ਪ੍ਰਧਾਨਗੀ ਹੇਠ ਇਕ ਸਬ ਕੈਬਨਿਟ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਸ਼ਾਮਲ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਪੰਜਾਬ ਰਾਜ ਲਈ ਬੜੇ ਮਾਣ ਦੀ ਗੱਲ ਹੈ ਕਿ ਇਹ ਜੀ-20 ਸੰਮੇਲਨ ਅੰਮ੍ਰਿਤਸਰ ਵਿਖੇ ਹੋਵੇਗਾ ਜਿਸ ਵਿੱਚ ਵਿਸ਼ਵ ਭਰ ਦੇ ਪ੍ਰਮੁੱਖ ਦੇਸ਼ਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼ਾਮਿਲ ਹੋਣਗੇ। ਇਸ ਵਿਚ ਸਿੱਖਿਆ ,ਕਿਰਤ ਅਤੇ ਹੋਰ ਅਹਿਮ ਮੁੱਦਿਆਂ ਤੇ ਚਰਚਾ ਕਰਨਗੇ। ਜਿਸਦਾ ਰਾਜ ਦੇ ਲੋਕਾਂ ਨੂੰ ਲਾਭ ਪਹੁੰਚੇਗਾ। ਉਹਨਾਂ ਨੇ ਇਹ ਵੀ ਦੱਸਿਆ ਕਿ ਜੀ- 20 ਸਿਖਰ ਸੰਮੇਲਨ ਦੀ ਤਿਆਰੀ ਲਈ ਅੰਮ੍ਰਿਤਸਰ ਦਾ ਸੁੰਦਰੀਕਰਨ ਕਰਨ ਲਈ ਵਿਕਾਸ ਦੇ ਕੰਮ ਕੀਤੇ ਜਾਣਗੇ ਜੋ ਕਿ ਅਵਲ ਦਰਜੇ ਦੇ ਹੋਣਗੇ।

ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਦਿੱਤਾ ਇੱਕ ਹੋਰ ਮੌਕਾ

0

ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਇੱਕ ਹੋਰ ਮੌਕਾ ਦੇ ਦਿੱਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਕਰ ਕੇ ਦੱਸਿਆ ਕਿ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਬੀਬੀ ਜਗੀਰ ਕੌਰ ਨੂੰ 7 ਨਵੰਬਰ 12.00 ਵਜੇ ਪਾਰਟੀ ਦਫਤਰ ‘ਚ ਨਿੱਜੀ ਤੌਰ ’ਤੇ ਪੇਸ਼ ਹੋਣ ਦਾ ਇੱਕ ਆਖਰੀ ਮੌਕਾ ਦਿੱਤਾ ਹੈ।

ਇਸ ਤਖ਼ਤ ਸਾਹਿਬ ਵਿਖੇ ਏਸ਼ੀਆ ਦਾ ਸਭ ਤੋਂ ਵੱਡਾ ਪਿੱਲਰ ਰਹਿਤ ਦਰਬਾਰ ਹਾਲ ਹੋਇਆ ਤਿਆਰ

0

ਪਟਨਾ ਵਿੱਚ ਪ੍ਰਕਾਸ਼ ਪਰਵ ਉਤਸਵ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਟਨਾ ਸਾਹਿਬ ਗੁਰਦੁਆਰਾ ਵਿਖੇ ਪ੍ਰਕਾਸ਼ ਪੁਰਬ ਮੌਕੇ ਏਸ਼ੀਆ ਦਾ ਸਭ ਤੋਂ ਵੱਡਾ ਥੰਮ ਰਹਿਤ ਦਰਬਾਰ ਹਾਲ ਤਿਆਰ ਹੋ ਗਿਆ ਹੈ। ਇਹ ਦਰਬਾਰ ਹਾਲ ਇਸ ਲਈ ਬਣਾਇਆ ਗਿਆ ਹੈ ਤਾਂ ਜੋ ਇਸ ਵਿੱਚ ਸਾਰੀਆਂ ਧਾਰਮਿਕ ਰਸਮਾਂ ਕੀਤੀਆਂ ਜਾ ਸਕਣ।

ਪਟਨਾ ਸਾਹਿਬ ਗੁਰਦੁਆਰੇ ਵਿੱਚ ਬਹੁਤ ਹੀ ਆਕਰਸ਼ਕ ਦਰਬਾਰ ਹਾਲ ਤਿਆਰ ਹੈ। ਇਸ ਦਾ ਉਦਘਾਟਨ 8 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੀਤਾ ਜਾਵੇਗਾ। ਪਟਨਾ ਵਿੱਚ ਹੋਣ ਵਾਲੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਬਿਨਾਂ ਥੰਮਾਂ ਦੇ ਬਣੇ ਇਸ ਦਰਬਾਰ ਹਾਲ ਦੀਆਂ ਕਈ ਵਿਸ਼ੇਸ਼ਤਾਵਾਂ ਹਨ।

ਸਭ ਤੋਂ ਪਹਿਲਾਂ ਇਸ ਦੇ ਅੰਦਰ ਸੁੰਦਰ ਨੱਕਾਸ਼ੀ ਕੀਤੀ ਗਈ ਹੈ। ਇਸ ਦੇ ਗੁੰਬਦ ਨੂੰ ਇੰਨਾ ਆਕਰਸ਼ਕ ਬਣਾਇਆ ਗਿਆ ਹੈ ਕਿ ਹਰ ਕਿਸੇ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਲੱਖਾਂ ਦੀ ਲਾਗਤ ਨਾਲ ਬਣੇ ਇਸ ਦਰਬਾਰ ਹਾਲ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਗੁੰਬਦ ਦੇ ਹੇਠਾਂ ਇਸ ਤਰ੍ਹਾਂ ਆਵਾਜ਼ ਨਿਕਲਦੀ ਹੈ, ਜਿਸ ਵਿਚ ਵੱਡਾ ਸਾਊਂਡ ਸਿਸਟਮ ਲਗਾਇਆ ਗਿਆ ਹੈ।

ਪਟਨਾ ਸਾਹਿਬ ਗੁਰਦੁਆਰੇ ਵਿੱਚ ਇਹ ਦਰਬਾਰ ਹਾਲ ਗੁਰੂ ਨਾਨਕ ਨਿਸ਼ਕਾਮ ਸੇਵਾ ਜਥਾ ਬਰਮਿੰਘਮ ਯੂ.ਕੇ ਦੇ ਬਾਬਾ ਮਹਿੰਦਰ ਸਿੰਘ ਵੱਲੋਂ ਬਣਾਇਆ ਗਿਆ ਹੈ। ਇਹ ਹਾਲ 22400 ਵਰਗ ਫੁੱਟ ਦਾ ਹੈ। ਇਸ ਹਾਲ ਨੂੰ ਬਣਾਉਣ ਵਿੱਚ 3 ਸਾਲ ਲੱਗੇ ਅਤੇ ਇਸ ਦੇ ਗੁੰਬਦ ਨੂੰ ਬਣਾਉਣ ਵਿੱਚ ਇੱਕ ਸਾਲ ਦਾ ਸਮਾਂ ਲੱਗਾ ਹੈ।

ਮੁੱਖ ਮੰਤਰੀ ਨਿਤੀਸ਼ ਕੁਮਾਰ 8 ਨਵੰਬਰ ਨੂੰ ਇਸ ਦਰਬਾਰ ਹਾਲ ਦਾ ਉਦਘਾਟਨ ਕਰਨ ਜਾ ਰਹੇ ਹਨ। ਇਸ ਦਿਨ ਕਾਰਤਿਕ ਪੂਰਨਿਮਾ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ। ਪ੍ਰਕਾਸ਼ ਪੁਰਬ ਮੌਕੇ ਸਰਕਾਰ ਵੱਲੋਂ ਸਿੱਖ ਸੰਗਤਾਂ ਨੂੰ ਕਈ ਤੋਹਫੇ ਦਿੱਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਸਾਲ 2017 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ 350ਵਾਂ ਪ੍ਰਕਾਸ਼ ਪੁਰਬ ਪਟਨਾ ਸਾਹਿਬ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ ਸੀ। ਉਸ ਸਮੇਂ ਵੀ ਸਰਕਾਰ ਵੱਲੋਂ ਸੰਗਤਾਂ ਦੀ ਸਹੂਲਤ ਲਈ ਕਈ ਵੱਡੀਆਂ ਉਸਾਰੀਆਂ ਕਰਵਾਈਆਂ ਗਈਆਂ ਸਨ।

ਤੀਜੇ ਸਾਗਾ ਨਾਈਟਸ ਇਵੈਂਟ ‘ਚ ਪੰਜਾਬੀ ਫਿਲਮ ‘ਕੁਲਚੇ ਛੋਲੇ’ ਦਾ ਗ੍ਰੈਂਡ ਮਿਊਜ਼ਿਕ ਲਾਂਚ

0

ਪੰਜਾਬੀ ਫਿਲਮ ‘ਕੁਲਚੇ ਛੋਲੇ’ ਉਸ ਸਮੇਂ ਤੋਂ ਹੀ ਸੁਰਖੀਆਂ ‘ਚ ਹੈ, ਜਦੋਂ ਤੋਂ ਇਸ ਫਿਲਮ ਦੀ ਪ੍ਰੋਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈ ਹੈ।ਫਿਲਮ ਦੇ ਨਿਰਮਾਤਾ ਪੂਰੀ ਮਿਹਨਤ ਕਰ ਰਹੇ ਹਨ। ਉਹ ਭਾਰਤ ਦੇ ਨਾਲ-ਨਾਲ ਵਿਦੇਸ਼ੀ ਮਾਰਕਿਟ ਵਿੱਚ ਫਿਲਮ ਨੂੰ ਪ੍ਰਮੋਟ ਕਰ ਰਹੇ ਹਨ। ਇਸਦੇ ਨਾਲ ਹੀ ਫਿਲਮ ਦੀ ਮਾਰਕਿਟਿੰਗ ਕਰਨ ‘ਚ ਕੋਈ ਕਸਰ ਨਹੀਂ ਛੱਡ ਰਹੇ।

ਮਸ਼ਹੂਰ ਅੰਤਰਰਾਸ਼ਟਰੀ ਸਿਰਜਣਹਾਰਾਂ ਦੇ ਇੱਕ ਸਮੂਹ ਦੇ ਨਾਲ ਦੁਬਾਈ ‘ਚ ਇੱਕ ਸ਼ਾਨਦਾਰ ਸਮਾਗਮ ‘ਚ ਸਭ ਤੋਂ ਵਧੀਆ ਭੰਗੜਾ ਟਰੈਕ ‘ਪੰਜਾਬੀ ਜੱਚਦੇ’ ਲਾਂਚ ਕੀਤੇ ਜਾਣ ਤੋਂ ਲੈ ਕੇ, ਮੁੰਬਈ ਵਿੱਚ ਫੇਸਬੁੱਕ ਦਫਤਰ ਵਿੱਚ ਵਿਸ਼ੇਸ਼ ਤੌਰ ‘ਤੇ ਆਪਣੇ ਟ੍ਰੇਲਰ ਨੂੰ ਲਾਂਚ ਕਰਨ ਤੱਕ, ਅੱਜ ਫਿਲਮ ਦੇ ਨਿਰਮਾਤਾਵਾਂ ਨੇ ਮੋਹਾਲੀ ਵਿਖੇ ਕੀਤੇ ਜਾ ਰਹੇ ਆਪਣੇ ਤੀਜੇ ਸਲਾਨਾ ਸਮਾਗਮ ਸਾਗਾ ਨਾਈਟਸ ਵਿੱਚ ਆਪਣੀ ਪੂਰੀ ਸੰਗੀਤ ਐਲਬਮ ਲਾਂਚ ਕੀਤੀ ਹੈ। ਇਵੈਂਟ ਵਿੱਚ ਇੰਡਸਟਰੀ ਦੇ ਕੁੱਝ ਵੱਡੇ ਨਾਵਾਂ ਦੀ ਮੌਜੂਦਗੀ ਦੇਖੀ ਗਈ ਜੋ ਫਿਲਮ ਅਤੇ ਨਵੀਂ ਸਟਾਰ ਕਾਸਟ ਨੂੰ ਲ਼ਾਂਚ ਕਰਨ ਅਤੇ ਸਮਰਥਨ ਕਰਨ ਆਏ ਸਨ।ਉਨ੍ਹਾਂ ਦੇ ਨਾਲ ਫਿਲਮ ਦੀ ਕਾਸਟ ਤੇ ਕਰਿਊ ਵੀ ਇਸ ਮੌਕੇ ਮੌਜੂਦ ਸੀ।

ਜ਼ੰਨਤ ਜ਼ੁਬੈਰ ਤੇ ਦਿਲਰਾਜ ਗਰੇਵਾਲ, ਜੋ ਫਿਲਮ ‘ਕੁਲਚੇ ਛੋਲੇ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਲਈ ਤਿਆਰ ਹਨ, ਉਨ੍ਹਾਂ ਲਈ ਇਸ ਤੋਂ ਬਿਹਤਰ ਮਾਰਕਿਟਿੰਗ ਤੇ ਪ੍ਰੋਮੋਸ਼ਨ ਹੋਰ ਨਹੀਂ ਹੋ ਸਕਦੀ ਸੀ।

‘ਕੁਲਚੇ ਛੋਲੇ’ ਫਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਟੀਮ ਨੇ ਪਹਿਲਾਂ ਹੀ ਫਿਲਮ ਦੇ 3 ਗੀਤਾਂ ਦੇ ਵੀਡੀਓ ਰਿਲੀਜ਼ ਕੀਤੇ ਹਨ ਅਤੇ ਇੱਥੇ ਇਹ ਕਹਿਣਾ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਫਿਲਮ ਦਾ ਹਰ ਗੀਤ ਆਪਣੇ ਤਰੀਕੇ ਨਾਲ ਵੱਖ ਤੇ ਸੁਰੀਲਾ ਹੈ। ਜਿੱਥੇ ਰੂਹ ਵਰਗੇ ਗੀਤ ਨੇ ਦਰਸ਼ਕਾਂ ਨੂੰ ਪਿਆਰ ‘ਚ ਪਾ ਦਿੱਤਾ ਹੈ, ਉੱਥੇ ਹੀ ‘ਪੰਜਾਬੀ ਜੱਚਦੇ’ ਨੇ ਦਰਸ਼ਕਾਂ ਨੂੰ ਇਸਦੀ ਧੁਨ ‘ਤੇ ਨੱਚਣ ਲਈ ਮਜ਼ਬੂਰ ਕਰ ਦਿੱਤਾ ਹੈ।

ਹਿੰਮਤ ਸੰਧੂ ਅਤੇ ਸਿਪਰਾ ਗੋਇਲ ਦਾ ਨਵੀਨਤਮ ਵਿਆਹ-ਗੀਤ ਤੇ ‘ਨਾਮ ਬੋਲਦਾ’ ਇੱਕ ਹੋਰ ਵਧੀਆ ਗੀਤ ਹੈ। ਅੱਜ ਈਵੈਂਟ ‘ਚ ਲਾਂਚ ਕੀਤੇ ਗਏ ਸਾਰੇ ਗੀਤਾਂ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ। ਇਸਦੇ ਨਾਲ ਹੀ ਤੁਹਾਨੂੰ ਇਹ ਸਾਰੇ ਗਾਣੇ ਆਪਣੀ ਪਲੇਅ ਲਿਸਟ ‘ਚ ਜ਼ਰੁਰ ਸ਼ਾਮਿਲ ਕਰਨੇ ਚਾਹੀਦੇ ਹਨ।

ਸਾਗਾ ਸਟੂਡੀਓਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਮਾਣ ਪ੍ਰੋਡਕਸ਼ਨ ਹਾਊਸ ਦੇ ਮਾਲਕ ਸੁਮੀਤ ਸਿੰਗ ਨੇ ਕੀਤਾ ਹੈ। ਇਸਦੇ ਨਾਲ ਹੀ ਇਸ ਫਿਲਮ ਦਾ ਨਿਰਦੇਸ਼ਨ ਸਿਮਰਨਜੀਤ ਸਿੰਘ ਹੁੰਦਲ ਨੇ ਕੀਤਾ ਹੈ। ਡਾਇਲਾਗ ਟਾਟਾ ਬੈਨੀਪਾਲ ਨੇ ਲਿਖੇ ਹਨ।ਇਨ੍ਹਾਂ ਖੂਬਸੂਰਤ ਗੀਤਾਂ ਨੂੰ ਰਿਚੀ ਨੇ ਡਾਇਰੈਕਟ ਤੇ ਫਿਰੋਜ਼ ਖਾਨ ਨੇ ਕੋਰੀਓਗ੍ਰਾਫ ਕੀਤਾ ਹੈ। ਫਿਲਮ ‘ਚ ਕਾਮੇਡੀਅਨ ਜਸਵੰਤ ਸਿੰਘ ਰਾਠੌਰ ਵੀ ਅਹਿਮ ਭੂਮਿਕਾ ‘ਚ ਦਿਖਾਈ ਦੇਣਗੇ।

ਫਿਲਮ ‘ਕੁਲਚੇ ਛੋਲੇ’ 11 ਨਵੰਬਰ 2022 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਸੰਗੀਤ ਸਾਗਾ ਮਿਊਜ਼ਿਕ, ਸਾਗਾ ਸਟੂਡੀਓਜ਼ ਦੇ ਇਨ- ਹਾਊਸ ਮਿਊਜ਼ਿਕ ਲੇਬਲ ਦੇ ਤਹਿਤ ਰਿਲੀਜ਼ ਕੀਤਾ ਜਾਵੇਗਾ।

ਪੁਲਿਸ ਨੇ ਸ਼੍ਰੀਲੰਕਾ ਦੇ ਕ੍ਰਿਕਟਰ Danushka Gunathilaka ਨੂੰ ਕੀਤਾ ਗ੍ਰਿਫਤਾਰ, ਜਾਣੋ ਵਜ੍ਹਾ

0

ਸਿਡਨੀ ਪੁਲਿਸ ਨੇ ਸ਼੍ਰੀਲੰਕਾ ਦੇ ਕ੍ਰਿਕਟਰ Danushka Gunathilaka ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫਤਾਰੀ ਉਹਨਾਂ ‘ਤੇ ਲੱਗੇ ਬਲਾਤਕਾਰ ਦੇ ਦੋਸ਼ ਤੋਂ ਬਾਅਦ ਹੋਈ ਹੈ। ਫਿਲਹਾਲ ਉਹ ਸਿਡਨੀ ‘ਚ ਹਨ ਜਦਕਿ ਬਾਕੀ ਸ਼੍ਰੀਲੰਕਾ ਟੀਮ ਕੋਲੰਬੋ ਲਈ ਰਵਾਨਾ ਹੋ ਚੁੱਕੀ ਹੈ।

ਦਾਨੁਸ਼ਕਾ ‘ਤੇ 29 ਸਾਲਾ ਔਰਤ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਮਹਿਲਾ ਦਾ ਕਹਿਣਾ ਹੈ ਕਿ ਦਾਨੁਸ਼ਕਾ ਨੇ ਉਸ ਦੇ ਘਰ ‘ਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਇਹ ਘਟਨਾ ਇਸ ਹਫਤੇ ਦੀ ਸ਼ੁਰੂਆਤ ਦੀ ਦੱਸੀ ਜਾ ਰਹੀ ਹੈ।

ਨਿਊ ਸਾਊਥ ਵੇਲਜ਼ ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ, ‘ਇੱਕ ਆਨਲਾਈਨ ਡੇਟਿੰਗ ਐਪ ਰਾਹੀਂ ਕਈ ਦਿਨਾਂ ਦੀ ਗੱਲਬਾਤ ਤੋਂ ਬਾਅਦ ਦੋਵਾਂ ਦੀ ਮੁਲਾਕਾਤ ਹੋਈ। ਦੋਸ਼ ਹੈ ਕਿ 2 ਨਵੰਬਰ 2022 ਦੀ ਸ਼ਾਮ ਨੂੰ ਦਾਨੁਸ਼ਕਾ ਨੇ ਔਰਤ ਦਾ ਜਿਨਸੀ ਸ਼ੋਸ਼ਣ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਬੀਤੇ ਦਿਨ ਔਰਤ ਦੀ ਰਿਹਾਇਸ਼ ‘ਰੋਜ਼ ਬੇ’ ’ਤੇ ਬੀਤੇ ਦਿਨ ਕ੍ਰਾਈਮ ਸੀਨ ਦੀ ਜਾਂਚ ਕੀਤੀ। ਜਾਂਚ ਤੋਂ ਬਾਅਦ 31 ਸਾਲਾ ਦਾਨੁਸ਼ਕਾ ਨੂੰ ਸਿਡਨੀ ਦੇ ਇਕ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ Danushka Gunathilaka ਨੂੰ ਹੋਟਲ ਤੋਂ ਸਿੱਧਾ ਸਿਡਨੀ ਪੁਲਿਸ ਸਟੇਸ਼ਨ ਲਿਜਾਇਆ ਗਿਆ, ਜਿੱਥੇ ਦਾਨੁਸ਼ਕਾ ਗੁਣਾਤਿਲਕਾ ‘ਤੇ ਔਰਤ ਦੀ ਸਹਿਮਤੀ ਤੋਂ ਬਿਨਾਂ ਸਰੀਰਕ ਸਬੰਧ ਬਣਾਉਣ ਦਾ ਮਾਮਲਾ ਦਰਜ ਕੀਤਾ ਗਿਆ।