Home Blog Page 1850

ਪਰਾਲੀ ਦੀ ਸਾਂਭ ਸੰਭਾਲ ਅਤੇ ਕਣਕ ਦੀ ਸਿੱਧੀ ਬਿਜਾਈ ਲਈ ਸਬਸਿਡੀ ‘ਤੇ ਮਸ਼ੀਨਾਂ ਖਰੀਦਣ ਲਈ ਮਿਆਦ ‘ਚ ਕੀਤਾ ਵਾਧਾ: ਕੁਲਦੀਪ ਧਾਲੀਵਾਲ

0

ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਪਰਾਲੀ ਦੀ ਸਾਂਭ ਸੰਭਾਲ ਲਈ ਮੁੱਖ ਮੰਤਰੀ ਭਗਵੰਤ ਮੰਨ ਦੀ ਅਗਵਾਈ ਵਿੱਚ ਕਿਸਾਨਾ ਦੀ ਮਦਦ ਕਰਨ ਲਈ ਕਈ ਵੱਡੇ ਫੈਸਲੇ ਲਏ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਪਰਾਲੀ ਦੀ ਸਾਂਭ ਸੰਭਾਲ ਅਤੇ ਕਣਕ ਦੀ ਸਿੱਧੀ ਬਿਜਾਈ ਲਈ ਸਬਸਿਡੀ ਤੇ ਮਸ਼ੀਨਾਂ ਖਰੀਦਣ ਲਈ ਕਿਸਾਨਾ ਨੂੰ ਜਾਰੀ ਕੀਤੀਆਂ ਪ੍ਰਵਾਨਗੀਆਂ ਦੀ ਮਿਆਦ ਵਿੱਚ 20 ਨਵੰਬਰ ਤੱਕ ਵਾਧਾ ਕੀਤਾ ਗਿਆ ਹੈ।

ਖੇਤੀਬਾੜੀ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨਾਂ ਮਸ਼ੀਨਾਂ ਦੀਆਂ ਪ੍ਰਵਾਨਗੀਆਂ ਦੀ ਮਿਆਦ ਮਿਤੀ 07 ਨਵੰਬਰ, 2022 ਤੱਕ ਖਤਮ ਹੋ ਰਹੀ ਹੈ, ਉਨਾਂ ਦੀ ਮਿਆਦ ਵਿੱਚ 20 ਨਵੰਬਰ, 2022 ਤੱਕ ਦਾ ਵਾਧਾ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਬੇਲਰ ਰੈਕ ਦੀਆਂ ਹੁਣ ਤੋਂ ਜਾਰੀ ਕੀਤੀਆਂ ਜਾਣ ਵਾਲੀਆਂ ਪ੍ਰਵਾਨਗੀਆਂ ਦੀ ਮਿਆਦ 21 ਦਿਨ ਦੀ ਹੋਵੇਗੀ।

ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਫੈਸਲਾ ਸਰਕਾਰ ਵੱਲੋਂ ਕਿਸਾਨਾਂ ਦੀ ਪਰਾਲੀ ਦੀ ਸਾਂਭ ਸੰਭਾਲ ਅਤੇ ਕਣਕ ਦੀ ਸਿੱਧੀ ਬਿਜਾਈ ਕਰਨ ਲਈ ਵੱਧ ਤੋਂ ਵੱਧ ਮਦਦ ਕਰਨ ਦੇ ਮਕਸਦ ਨਾਲ ਲਿਆ ਗਿਆ ਹੈ। ਇਸ ਦੇ ਨਾਲ ਹੀ ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਓ।

T20 World Cup: ਨੀਦਰਲੈਂਡ ਨੇ ਦੱਖਣੀ ਅਫ਼ਰੀਕਾ ਨੂੰ ਹਰਾਇਆ, ਭਾਰਤ ਸੈਮੀਫਾਈਨਲ ’ਚ ਪਹੁੰਚਿਆ

0

ਆਸਟ੍ਰੇਲੀਆ ਦੀ ਮੇਜ਼ਬਾਨੀ ’ਚ ਖੇਡੇ ਜਾ ਰਹੇ ਟੀ-20 ਵਰਲਡ ਕੱਪ 2022 ’ਚ ਵੱਡਾ ਉਲਟਫੇਰ ਵੇਖਣ ਨੂੰ ਮਿਲਿਆ। ਐਡੀਲੇਡ ’ਚ ਖੇਡੇ ਗਏ ਦਿਲਚਸਪ ਮੁਕਾਬਲੇ ’ਚ ਨੀਦਰਲੈਂਡ ਟੀਮ ਨੇ ਦੱਖਣੀ ਅਫ਼ਰੀਕਾ ਨੂੰ 13 ਦੌੜਾਂ ਨਾਲ ਕਰਾਰੀ ਹਾਰ ਦਿੱਤੀ ਹੈ। ਇਸ ਦੇ ਨਤੀਜੇ ਨਾਲ ਹੀ ਭਾਰਤੀ ਟੀਮ ਸੈਮੀਫਾਈਨਲ ’ਚ ਕੁਆਲੀਫਾਈ ਕਰਨ ਵਾਲੀ ਤੀਜੀ ਟੀਮ ਬਣ ਗਈ ਹੈ, ਜਦਕਿ ਅਫ਼ਰੀਕੀ ਟੀਮ ਬਾਹਰ ਹੋ ਗਈ ਹੈ।

ਦੱਸਣਯੋਗ ਹੈ ਕਿ ਭਾਰਤੀ ਟੀਮ ਦਾ ਅੱਜ ਜ਼ਿੰਬਾਬਵੇ ਖਿਲਾਫ਼ ਆਖ਼ਰੀ ਗਰੁੱਪ ਮੁਕਾਬਲਾ ਹੋਣਾ ਹੈ। ਜੇਕਰ ਭਾਰਤੀ ਟੀਮ ਇਹ ਮੈਚ ਹਾਰਦੀ ਵੀ ਹੈ ਤਾਂ ਵੀ ਉਹ ਸੈਮੀਫਾਈਨਲ ਲਈ ਕੁਆਲੀਫਾਈ ਕਰ ਜਾਵੇਗੀ ਕਿਉਂਕਿ ਟੀਮ 6 ਪੁਆਇੰਟ ਨਾਲ ਆਪਣੇ ਗਰੁੱਪ-2 ’ਚ ਟਾਪ ’ਤੇ ਹੈ। ਜਦਕਿ ਅਫ਼ਰੀਕਾ ਟੀਮ 5 ਅੰਕਾਂ ਨਾਲ ਬਾਹਰ ਹੋ ਗਈ ਹੈ।

T-20 World Cup: ਇੰਗਲੈਂਡ ਨੇ ਸੈਮੀਫਾਈਨਲ ‘ਚ ਬਣਾਈ ਜਗ੍ਹਾ, ਆਸਟਰੇਲੀਆ ਹੋਇਆ ਬਾਹਰ

0

ਸਿਡਨੀ: ਇੰਗਲੈਂਡ ਦੀ ਟੀਮ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਇੰਗਲੈਂਡ ਨੇ ਬੈੱਨ ਸਟੋਕਸ (ਨਾਬਾਦ 42 ਦੌੜਾਂ) ਦੀ ਪਾਰੀ ਦੀ ਬਦੌਲਤ ਸੁਪਰ-12 ਦੇ ਗਰੁੱਪ-1 ਦੇ ਅਹਿਮ ਮੈਚ ਵਿੱਚ ਸ੍ਰੀਲੰਕਾ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ, ਜਿਸ ਨਾਲ ਮੇਜ਼ਬਾਨ ਆਸਟਰੇਲੀਆ ਟੂਰਨਾਮੈਂਟ ’ਚੋਂ ਬਾਹਰ ਹੋ ਗਿਆ ਹੈ। ਗਰੁੱਪ-1 ’ਚੋਂ ਨਿਊਜ਼ੀਲੈਂਡ ਪਹਿਲਾਂ ਹੀ ਸੈਮੀਫਾਈਨਲ ’ਚ ਪਹੁੰਚ ਚੁੱਕਾ ਹੈ। ਸ੍ਰੀਲੰਕਾ ਨੇ ਸਲਾਮੀ ਬੱਲੇਬਾਜ਼ ਪਾਥੁਮ ਨਿਸਾਂਕਾ ਦੀ (45 ਗੇਂਦਾਂ ’ਚ 67 ਦੌੜਾਂ) ਪਾਰੀ ਬਦੌਲਤ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਵਾਪਸੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ’ਤੇ 141 ਦੌੜਾਂ ਹੀ ਬਣਨ ਦਿੱਤੀਆਂ।

ਇੰਗਲੈਂਡ ਦੇ ਮਾਰਕ ਵੁੱਡ ਨੇ ਤਿੰਨ, ਬੈਨ ਸਟੋਕਸ, ਕ੍ਰਿਸ ਵੋਕਸ, ਸੈਮ ਕਰਨ ਅਤੇ ਆਦਿਲ ਰਾਸ਼ਿਦ ਨੇ ਇੱਕ-ਇੱਕ ਵਿਕਟ ਲਈ। ਇੰਗਲੈਂਡ ਨੇ ਇਹ ਟੀਚਾ 19.4 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ’ਤੇ 144 ਦੌੜਾਂ ਬਣਾ ਕੇ ਪੂਰਾ ਕਰ ਲਿਆ। ਇਸ ਵਿੱਚ ਏਲੈਕਸ ਹੇਲਜ਼ ਨੇ 47, ਸਟੋਕਸ ਨੇ 42 ਅਤੇ ਜੋਸ ਬਟਲਰ ਨੇ 28 ਦੌੜਾਂ ਦਾ ਯੋਗਦਾਨ ਪਾਇਆ। ਸ੍ਰੀਲੰਕਾ ਵੱਲੋਂ ਵਨਿੰਦੂ ਹਸਾਰੰਗਾ, ਲਹੀਰੂ ਕੁਮਾਰਾ ਅਤੇ ਧਨੰਜੈ ਡੀ ਸਿਲਵਾ ਨੇ ਦੋ-ਦੋ ਵਿਕਟਾਂ ਲਈਆਂ।

ਮੁਲਾਜ਼ਮਾਂ ਦੀ ਛਾਂਟੀ ਕਰਨ ਤੋਂ ਇਲਾਵਾ ਕੋਈ ਰਾਹ ਨਹੀਂ ਸੀ: ਐਲੋਨ ਮਸਕ

0

ਟਵਿੱਟਰ ਦੇ ਮਾਲਕ ਬਣਦੇ ਹੀ ਐਲੋਨ ਮਸਕ ਇਕ ਤੋਂ ਬਾਅਦ ਇਕ ਵੱਡੇ ਫੈਸਲੇ ਲੈ ਰਹੇ ਹਨ। ਟਵਿੱਟਰ ਦੇ ਨਵੇਂ ਮਾਲਕ ਐਲੋਨ ਮਸਕ ਨੇ ਕੰਪਨੀ ਤੋਂ ਲਗਭਗ 50 ਪ੍ਰਤੀਸ਼ਤ ਕਰਮਚਾਰੀਆਂ ਦੀ ਛਾਂਟੀ ਕਰਨ ‘ਤੇ ਸਪੱਸ਼ਟੀਕਰਨ ਦਿੱਤਾ ਹੈ। ਭਾਰਤ ਸਮੇਤ ਦੁਨੀਆ ਭਰ ’ਚ ਟਵਿੱਟਰ ਦੇ ਮੁਲਾਜ਼ਮਾਂ ਦੀ ਛਾਂਟੀ ਵਿਚਾਲੇ ਇਸ ਦੇ ਮਾਲਕ ਐਲਨ ਮਸਕ ਨੇ ਆਪਣੇ ਕਦਮ ਨੂੰ ਸਹੀ ਠਹਿਰਾਉਂਦਿਆਂ ਕਿਹਾ ਹੈ ਕਿ ਕੰਪਨੀ ਹਰ ਰੋਜ਼ ਲੱਖਾਂ ਡਾਲਰ ਦਾ ਨੁਕਸਾਨ ਝੱਲ ਰਹੀ ਹੈ ਅਤੇ ਅਜਿਹੇ ’ਚ ਉਨ੍ਹਾਂ ਕੋਲ ਛਾਂਟੀ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਬਚਿਆ ਸੀ। ਟਵਿੱਟਰ ਨੂੰ ਅਪਰੈਲ-ਜੂਨ ਦੀ ਤਿਮਾਹੀ ’ਚ 27 ਕਰੋੜ ਡਾਲਰ ਦਾ ਘਾਟਾ ਪਿਆ ਸੀ ਜਦਕਿ ਇੱਕ ਸਾਲ ਪਹਿਲਾਂ ਇਸੇ ਤਿਮਾਹੀ ’ਚ ਉਸ ਨੂੰ 6.6 ਕਰੋੜ ਡਾਲਰ ਦਾ ਮੁਨਾਫਾ ਹੋਇਆ ਸੀ।

ਇਹ ਵੀ ਪੜ੍ਹੋ: ਆਦਮਪੁਰ ਚੋਣ ‘ਚ ਕੌਣ ਜਿੱਤੇਗਾ, ਅੱਜ ਹੋਵੇਗਾ ਫੈਸਲਾ, ਵੋਟਾਂ ਦੀ ਗਿਣਤੀ ਜਾਰੀ

ਮਸਕ ਨੇ ਟਵੀਟ ਕੀਤਾ, ‘ਟਵਿੱਟਰ ਦੇ ਮੁਲਾਜ਼ਮਾਂ ਦੀ ਛਾਂਟੀ ਦਾ ਜਿੱਥੇ ਤੱਕ ਸਵਾਲ ਹੈ ਤਾਂ ਕੰਪਨੀ ਦੇ 40 ਲੱਖ ਡਾਲਰ ਰੋਜ਼ਾਨਾ ਦਾ ਨੁਕਸਾਨ ਝੱਲ ਰਹੀ ਹੈ। ਇਸ ਲਈ ਸਾਡੇ ਕੋਲ ਕੋਈ ਹੋਰ ਰਾਹ ਨਹੀਂ ਬਚਿਆ। ਉਨ੍ਹਾਂ ਅੱਗੇ ਲਿਖਿਆ, ‘ਕੰਪਨੀ ਤੋਂ ਕੱਢੇ ਜਾਣ ਵਾਲੇ ਮੁਲਾਜ਼ਮਾਂ ਨੂੰ ਤਿੰਨ ਮਹੀਨੇ ਦੀ ਤਨਖਾਹ ਮੁਆਵਜ਼ੇ ਵਜੋਂ ਦੇਣ ਦੀ ਪੇਸ਼ ਕੀਤੀ ਸੀ ਜੋ ਕਾਨੂੰਨੀ ਤੌਰ ’ਤੇ ਜ਼ਰੂਰੀ ਹੱਦ ਤੋਂ 50 ਫੀਸਦ ਵੱਧ ਹੈ।’ ਜ਼ਿਕਰਯੋਗ ਹੈ ਕਿ ਮਸਕ ਨੇ 44 ਅਰਬ ਡਾਲਰ ’ਚ ਟਵਿੱਟਰ ਖਰੀਦਣ ਤੋਂ ਬਾਅਦ ਵੱਡੇ ਪੱਧਰ ’ਤੇ ਮੁਲਾਜ਼ਮਾਂ ਦੀ ਛਾਂਟੀ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ: ਸੁਧੀਰ ਸੂਰੀ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ

ਇਸੇ ਵਿਚਾਲੇ ਮਸਕ ਨੇ ਕੰਪਨੀ ਦੀ ਆਮਦਨ ’ਚ ਕਮੀ ਲਈ ‘ਐਕਟੀਵਿਸਟ ਗਰੁੱਪ’ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮਸਕ ਨੇ ਕਿਹਾ, ‘ਐਕਟੀਵਿਸਟ ਗਰੁੱਪ ਨੇ ਇਸ਼ਤਿਹਾਰ ਦੇਣ ਵਾਲਿਆਂ ’ਤੇ ਜ਼ਿਆਦਾ ਦਬਾਅ ਬਣਾਇਆ ਜਿਸ ਕਾਰਨ ਟਵਿੱਟਰ ਦੀ ਆਮਦਨ ’ਚ ਭਾਰੀ ਕਮੀ ਹੋਈ। ਇੱਥੋਂ ਤੱਕ ਕਿ ਸਮੱਗਰੀ ਦੀ ਨਿਗਰਾਨੀ ਨਾਲ ਵੀ ਕੁਝ ਨਹੀਂ ਬਦਲਿਆ। ਅਸੀਂ ਐਕਟੀਵਿਸਟ ਗਰੁੱਪ ਨੂੰ ਖੁਸ਼ ਕਰਨ ਲਈ ਸਭ ਕੁਝ ਕੀਤਾ। ਉਹ ਅਮਰੀਕਾ ’ਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ।’

ਆਦਮਪੁਰ ਚੋਣ ‘ਚ ਕੌਣ ਜਿੱਤੇਗਾ, ਅੱਜ ਹੋਵੇਗਾ ਫੈਸਲਾ, ਵੋਟਾਂ ਦੀ ਗਿਣਤੀ ਜਾਰੀ

0

ਹਰਿਆਣਾ ’ਚ ਆਦਮਪੁਰ ਵਿਧਾਨ ਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਅੱਜ ਸ਼ੁਰੂ ਹੋ ਗਈ ਹੈ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ। ਹਿਸਾਰ ਦੇ ਆਦਮਪੁਰ ਵਿਧਾਨ ਸਭਾ ਹਲਕੇ ਲਈ 3 ਨਵੰਬਰ ਨੂੰ ਹੋਈ ਜ਼ਿਮਨੀ ਚੋਣ ਵਿਚ 76.45 ਫੀਸਦੀ ਵੋਟਿੰਗ ਦਰਜ ਕੀਤੀ ਗਈ।

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਛੋਟੇ ਪੁੱਤਰ ਕੁਲਦੀਪ ਬਿਸ਼ਨੋਈ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਅਗਸਤ ’ਚ ਕਾਂਗਰਸ ਛੱਡ ਕੇ ਭਾਜਪਾ ’ਚ ਆਉਣ ਤੋਂ ਬਾਅਦ ਜ਼ਿਮਨੀ ਚੋਣ ਦੀ ਲੋੜ ਪਈ ਸੀ। ਦੱਸ ਦੇਈਏ ਕਿ ਵੋਟਾਂ ਦੀ ਗਿਣਤੀ ਲਈ 14 ਟੇਬਲ ਲਾਏ ਗਏ ਹਨ ਅਤੇ 13 ਰਾਊਂਡ ’ਚ ਵੋਟਾਂ ਦੀ ਗਿਣਤੀ ਹੋਵੇਗੀ। ਵੋਟਾਂ ਦੀ ਗਿਣਤੀ ਦੌਰਾਨ 5 ਬੂਥਾਂ ਦੇ ਵੀ. ਵੀ. ਪੈਟ ਦੇ ਵੋਟਾਂ ਦੀ ਵੀ ਗਿਣਤੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸੁਧੀਰ ਸੂਰੀ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ

171754 ਵੋਟਰਾਂ ਵਿੱਚੋਂ 131401 ਵੋਟਰਾਂ ਨੇ 180 ਪੋਲਿੰਗ ਸਟੇਸ਼ਨਾਂ ’ਤੇ ਆਪਣੀ ਵੋਟ ਪਾਈ। ਕੁੱਲ ਮਤਦਾਨ 76.51 ਫੀਸਦੀ ਰਿਹਾ। ਹਿਸਾਰ ਦੇ ਮਹਾਬੀਰ ਸਟੇਡੀਅਮ ਦੇ ਬਾਕਸਿੰਗ ਹਾਲ ‘ਚ ਈ.ਵੀ.ਐੱਮ. ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾਵੇਗੀ। ਵੋਟਾਂ ਦੀ ਗਿਣਤੀ ਦੀ ਜਾਣਕਾਰੀ ਦੇਣ ਲਈ ਨਤੀਜੇ ਵੈੱਬਸਾਈਟ ‘ਤੇ ਉਪਲਬਧ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਉੱਤਮ ਸਿੰਘ ਨੇ ਸ਼ਨੀਵਾਰ ਨੂੰ ਗਿਣਤੀ ਕੇਂਦਰ ਦਾ ਜਾਇਜ਼ਾ ਲਿਆ। ਵੋਟਾਂ ਦੀ ਗਿਣਤੀ ਲਈ ਕਾਊਂਟਿੰਗ ਸੁਪਰਵਾਈਜ਼ਰ, ਕਾਊਂਟਿੰਗ ਸਹਾਇਕ ਅਤੇ ਮਾਈਕਰੋ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ। ਇਸ ਜ਼ਿਮਨੀ ਚੋਣ ਵਿਚ ਕੁੱਲ 22 ਉਮੀਦਵਾਰ ਮੈਦਾਨ ਵਿਚ ਹਨ ਅਤੇ ਸਾਰੇ ਹੀ ਪੁਰਸ਼ ਹਨ।

ਸੁਧੀਰ ਸੂਰੀ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ

0

ਅੰਮ੍ਰਿਤਸਰ ‘ਚ ਸ਼ੁੱਕਰਵਾਰ ਵਾਲੇ ਦਿਨ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਕਤਲ ਕਰ ਦਿੱਤਾ ਗਿਆ ਸੀ।ਅੱਜ ਸੁਧੀਰ ਸੂਰੀ ਦਾ ਅੰਤਿਮ ਸਸਕਾਰ 10 ਵਜੇ ਕੀਤਾ ਜਾਵੇਗਾ। ਇਸਤੋਂ ਪਹਿਲਾਂ ਸਸਕਾਰ ਦਾ ਸਮਾਂ 12 ਵਜੇ ਦਾ ਰੱਖਿਆ ਗਿਆ ਸੀ ਤੇ ਫਿਰ ਅਚਾਨਕ ਪਰਿਵਾਰ ਵੱਲੋਂ ਇਸ ਸਮੇਂ ‘ਚ ਬਦਲਾਅ ਕਰ ਦਿੱਤਾ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਅੰਮ੍ਰਿਤਸਰ ‘ਚ ਹੋਵੇਗਾ। ਅੰਤਿਮ ਸਸਕਾਰ ਯਾਤਰਾ ਸ਼ਿਵਾਲਾ ਮੰਦਿਰ ਗੇਟ ਨੇੜੇ ਤਿਲਕ ਨਗਰ ਸਥਿਤ ਉਨ੍ਹਾਂ ਦੇ ਘਰ ਤੋਂ ਦੁਰਗਿਆਣਾ ਮੰਦਰ ਤੱਕ ਜਾਵੇਗੀ। ਵਰਨਣਯੋਗ ਹੈ ਕਿ ਦੇਰ ਰਾਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦੇਣ ਤੋਂ ਬਾਦ ਪਰਿਵਾਰ ਅੰਤਿਮ ਸਸਕਾਰ ਲਈ ਰਾਜ਼ੀ ਹੋ ਗਿਆ ਸੀ।

ਸ਼ਨੀਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਸੁਧੀਰ ਸੂਰੀ ਨੂੰ ਤਿਲਕ ਨਗਰ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਗਿਆ। ਜਿੱਥੇ ਸੂਰੀ ਦੇ ਪਰਿਵਾਰ ਅਤੇ ਹਿੰਦੂ ਸੰਗਠਨਾਂ ਨੇ ਸ਼ਾਮ 6 ਵਜੇ ਤੱਕ ਧਰਨਾ ਦਿੱਤਾ। ਇਸ ਦੌਰਾਨ ਉਹ ਕਰੀਬ ਅੱਧਾ ਘੰਟਾ ਰੇਲਵੇ ਲਾਈਨਾਂ ‘ਤੇ ਵੀ ਬੈਠੇ ਰਹੇ। ਪੁਲਿਸ ਨਾਲ ਹਲਕੀ ਝੜਪ ਵੀ ਹੋਈ। ਪਰਿਵਾਰ ਅਤੇ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗਾਂ ਸਬੰਧੀ ਜਾਣੂ ਕਰਵਾਇਆ ਗਿਆ।ਪਰਿਵਾਰ ਨੇ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ, ਪਰਿਵਾਰ ਵਿੱਚੋਂ ਇੱਕ ਨੂੰ ਸਰਕਾਰੀ ਨੌਕਰੀ, ਹਿੰਦੂ ਆਗੂਆਂ ਨੂੰ ਸੁਰੱਖਿਆ ਅਤੇ ਅੰਮ੍ਰਿਤਪਾਲ ਸਿੰਘ ਦਾ ਨਾਂ ਐਫਆਈਆਰ ਵਿੱਚ ਦਰਜ ਕਰਨ ਦੀ ਮੰਗ ਕੀਤੀ ਸੀ।

ਸੁਧੀਰ ਸੂਰੀ ਕਤਲ ਮਾਮਲੇ ‘ਚ CM ਮਾਨ ਦਾ ਪਹਿਲਾ ਬਿਆਨ, ਕਿਹਾ- ਪਰਿਵਾਰ ਨੂੰ ਮਿਲੇਗਾ ਇਨਸਾਫ

0

ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਤੋਂ ਬਾਅਦ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਇਸ ਘਟਨਾ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਪਰਿਵਾਰ ਨੂੰ ਇਨਸਾਫ ਮਿਲਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ ਇਨਸਾਫ ਜ਼ਰੂਰ ਮਿਲੇਗਾ।

ਗੁਰਪੁਰਬ ਦੇ ਦਿਹਾੜੇ ‘ਤੇ ਸਿੱਖ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਲੈ ਕੇ ਜਾ ਰਹੀ ਰੇਲ ਗੱਡੀ ਦੇ 9 ਡੱਬੇ ਪੱਟੜੀ ਤੋਂ ਉਤਰੇ

0

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਸਿੱਖ ਯਾਤਰੀਆਂ ਨੂੰ ਨਨਕਾਣਾ ਸਾਹਿਬ ਲੈ ਕੇ ਜਾ ਰਹੀ ਵਿਸ਼ੇਸ਼ ਰੇਲਗੱਡੀ ਦੇ 9 ਡੱਬੇ ਅੱਜ ਪਾਕਿਸਤਾਨ ਦੇ ਸੂਬਾ ਪੰਜਾਬ ਵਿੱਚ ਪੱਟੜੀ ਤੋਂ ਉਤਰ ਗਏ। ਹਾਦਸੇ ‘ਚ ਕੋਈ ਜ਼ਖਮੀ ਨਹੀਂ ਹੋਇਆ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 8 ਨਵੰਬਰ ਨੂੰ ਮਨਾਇਆ ਜਾਵੇਗਾ। ਜਿਸ ਦੇ ਸਬੰਧ ਵਿੱਚ ਭਾਰਤ ਤੋਂ ਵੀ ਸਿੱਖ ਸ਼ਰਧਾਲੂ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਅਤੇ ਗੁਰਪੁਰਬ ਨੂੰ ਮਨਾਉਣ ਦੇ ਲਈ ਗਏ ਹੋਏ ਹਨ।

ਪਾਕਿਸਤਾਨ ਰੇਲਵੇ ਸੂਬੇ ਦੇ ਬੁਲਾਰੇ ਨੇ ਦੱਸਿਆ ਕਿ ਸਿੱਖ ਸ਼ਰਧਾਲੂਆਂ ਨੂੰ ਲੈ ਕੇ ਵਿਸ਼ੇਸ਼ ਰੇਲ ਗੱਡੀ ਕਰਾਚੀ ਤੋਂ ਨਨਕਾਣਾ ਸਾਹਿਬ ਜਾ ਰਹੀ ਸੀ ਕਿ ਸ਼ੋਰਕੋਟ ਅਤੇ ਪੀਰ ਮਹਿਲ ਰੇਲਵੇ ਸਟੇਸ਼ਨਾਂ ਵਿਚਕਾਰ ਸ਼ਾਮ ਕਰੀਬ 7.55 ਵਜੇ ਇਸ ਦੀਆਂ 9 ਬੋਗੀਆਂ ਪੱਟੜੀ ਤੋਂ ਉਤਰ ਗਈਆਂ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਹ ਪਤਾ ਨਹੀਂ ਲੱਗਿਆ ਕਿ ਰੇਲਗੱਡੀ ’ਚ ਭਾਰਤ ਦੇ ਸਿੱਖ ਸ਼ਰਧਾਲੂ ਵੀ ਸਨ ਜਾਂ ਨਹੀਂ। ਇਸ ਦੌਰਾਨ ਸੰਘੀ ਮੰਤਰੀ ਖਵਾਜਾ ਸਾਦ ਰਫੀਕ ਨੇ ਘਟਨਾ ਦੀ ਜਾਂਚ ਲਈ ਕਮੇਟੀ ਕਾਇਮ ਕਰਨ ਦਾ ਐਲਾਨ ਕੀਤਾ ਹੈ। ਸੀਓਪੀਐੱਸ ਸੇਫਟੀ, ਸੀਈਐਨ ਓਪਨ ਲਾਈਨਜ਼ ਅਤੇ ਸੀਐੱਮਈ ਕੈਰੇਜ਼ ਦੀ ਕਮੇਟੀ ਪਟੜੀ ਤੋਂ ਉਤਰਨ ਬਾਰੇ ਤੱਥਾਂ ਦੀ ਖੋਜ ਕਰੇਗੀ ਅਤੇ ਤਿੰਨ ਦਿਨਾਂ ਵਿੱਚ ਕਮੇਟੀ ਵੱਲੋਂ ਆਪਣੀ ਰਿਪੋਰਟ ਸੌਂਪੇ ਦਿੱਤੀ ਜਾਵੇਗੀ।

ਸੁੱਕੀ ਮੇਥੀ ਦੇ ਸੇਵਨ ਨਾਲ ਸ਼ੂਗਰ ਰਹਿੰਦਾ ਹੈ ਕੰਟਰੋਲ, ਜਾਣੋ ਹੋਰ ਫਾਇਦੇ

0

ਮੇਥੀ ‘ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਹ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਹਰ ਘਰ ‘ਚ ਵਰਤੇ ਜਾਣ ਵਾਲੇ ਰਸੋਈ ਦੇ ਜ਼ਰੂਰੀ ਮਸਾਲਿਆਂ ‘ਚ ਮੇਥੀ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਸੁੱਕੀ ਮੇਥੀ ਦੀ ਵਰਤੋਂ ਸਬਜ਼ੀਆਂ ਦਾ ਸੁਆਦ ਵਧਾਉਣ ਲਈ ਕਰਦੇ ਹਨ। ਇਸ ‘ਚ ਮਿਲਣ ਵਾਲੇ ਪੋਸ਼ਕ ਤੱਤ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ। ਇਸ ਦੀਆਂ ਸੁੱਕੀਆਂ ਪੱਤੀਆਂ ਦੀ ਵਰਤੋਂ ਕਰਕੇ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਰੱਖਿਆ ਜਾ ਸਕਦਾ ਹੈ।

ਇਸਦ ਦੀ ਵਰਤੋਂ ਨਾਲ ਮਿਲਣ ਵਾਲੇ ਫਾਇਦੇ…

ਪੇਟ ਨੂੰ ਰੱਖੇ ਠੀਕ
ਗ਼ਲਤ ਖਾਣ-ਪੀਣ ਨਾਲ ਪੇਟ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੋ ਜਾਂਦੀਆਂ ਹਨ। ਗੈਸ ਅਤੇ ਡਾਈਰੀਆਂ ਵਰਗੀਆਂ ਸਮੱਸਿਆਵਾਂ ਹੋਣ ‘ਤੇ ਕਸੂਰੀ ਮੇਥੀ ਪੀਸ ਲਓ ਅਤੇ ਇਸ ‘ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾਓ। ਇਸ ਨੂੰ ਕੋਸੇ ਪਾਣੀ ਨਾਲ ਖਾਣ ਨਾਲ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਮੇਥੀ ਦੇ ਦਾਣਿਆਂ ਨੂੰ ਪੀਸ ਕੇ ਵੀ ਵਰਤੋਂ ਕਰ ਸਕਦੇ ਹੋ।

ਦਿਲ ਨੂੰ ਰੱਖੇ ਸਿਹਤਮੰਦ
ਸਰੀਰ ‘ਚ ਕੈਲੇਸਟਰੋਲ ਵਧਣ ਕਾਰਨ ਦਿਲ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਅਜਿਹੀ ਹਾਲਤ ‘ਚ ਇਸ ਨੂੰ ਕੰਟਰੋਲ ‘ਚ ਰੱਖਣ ਲਈ ਮੇਥੀ ਦੀ ਵਰਤੋਂ ਕਰਨੀ ਚਾਹੀਦੀ ਹੈ।

ਸ਼ੂਗਰ ਨੂੰ ਕਰੇ ਕੰਟਰੋਲ
ਸ਼ੂਗਰ ਦੇ ਮਰੀਜ਼ਾਂ ਨੂੰ ਖਾਣ-ਪੀਣ ‘ਚ ਕਾਫ਼ੀ ਪ੍ਰਹੇਜ਼ ਰੱਖਣਾ ਪੈਂਦਾ ਹੈ। ਅਜਿਹੀ ਹਾਲਤ ‘ਚ ਦਿਨ ਦੇ ਹਲਕਾ ਖਾਣਾ ਖਾਣ ਤੋਂ ਬਾਅਦ ਵੀ ਸਰੀਰ ‘ਚ ਬਲੱਡ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ । ਇਸ ਨੂੰ ਕੰਟਰੋਲ ‘ਚ ਰੱਖਣ ਲਈ ਮੇਥੀ ਦੀ ਵਰਤੋਂ ਕਰ ਸਕਦੇ ਹੋ। ਇਸ ‘ਚ ਮੌਜੂਦ ਐਂਟੀਡਾਈਬਿਟਿਕ ਗੁਣ ਸਰੀਰ ਦੇ ਸ਼ੂਗਰ ਪੱਧਰ ਨੂੰ ਕੰਟਰੋਲ ‘ਚ ਰੱਖਦਾ ਹੈ। ਰੋਜ਼ਾਨਾ ਪਾਣੀ ਨਾਲ ਇਕ ਚਮਚ ਮੇਥੀ ਦੀ ਵਰਤੋਂ ਕਰਨ ਨਾਲ ਫ਼ਾਇਦਾ ਮਿਲਦਾ ਹੈ।

ਖੂਨ ਦੀ ਘਾਟ ਨੂੰ ਕਰੇ ਪੂਰਾ
ਔਰਤਾਂ ‘ਚ ਖ਼ੂਨ ਦੀ ਕਮੀ ਦੀ ਸਮੱਸਿਆ ਨੂੰ ਹਮੇਸ਼ਾ ਹੀ ਵੇਖਿਆ ਜਾਂਦਾ ਹੈ। ਇਸ ਲਈ ਕਸੂਰੀ ਮੇਥੀ ਨੂੰ ਆਪਣੇ ਖਾਣੇ ‘ਚ ਸ਼ਾਮਲ ਕਰਨ ਨਾਲ ਫ਼ਾਇਦਾ ਹੋਵੇਗਾ। ਡਿਲਿਵਰੀ ਦੇ ਬਾਅਦ ਕਸੂਰੀ ਮੇਥੀ ਦੀ ਵਰਤੋਂ ਕਰਨ ਨਾਲ ਕਾਫ਼ੀ ਫ਼ਾਇਦਾ ਹੁੰਦਾ ਹੈ। ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਮੇਥੀ ਕਾਫ਼ੀ ਕਾਰਗਰ ਸਾਬਤ ਹੁੰਦੀ ਹੈ।

ਕੈਪਟਨ ਅਮਰਿੰਦਰ ਨੇ 1980 ਦੇ ਦੌਰ ਦੀ ਵਾਪਸੀ ਵਿਰੁੱਧ ਦਿੱਤੀ ਚੇਤਾਵਨੀ!

0

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਵਿੱਚ 1980 ਦੇ ਕਾਲੇ ਦੌਰ ਦੀ ਵਾਪਸੀ ਵਿਰੁੱਧ ਚੇਤਾਵਨੀ ਦਿੰਦਿਆਂ ਕਿਹਾ ਕਿ ਅੱਜ ਜਿਸ ਤਰ੍ਹਾਂ ਸੂਬੇ ਵਿੱਚ ਹਾਲਾਤ ਸਾਹਮਣੇ ਆ ਰਹੇ ਹਨ, ਉਹ ਉਨ੍ਹਾਂ ਦਿਨਾਂ (1980) ਦੀ ਯਾਦ ਦਿਵਾਉਂਦਾ ਹੈ, ਜੋਕਿ ਕਾਫ਼ੀ ਚਿੰਤਾਜਨਕ ਹੈ।

ਕੈਪਟਨ ਅਮਰਿੰਦਰ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੂਰੀ ਅਸਫਲਤਾ ਦੀ ਵੀ ਨਿੰਦਾ ਕੀਤੀ ਜਿਸ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਦੇ 24 ਘੰਟੇ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਉਹ ਇਸ ਲਈ ਜ਼ਿਆਦਾ ਚਿੰਤਤ ਹਨ ਕਿਉਂਕਿ ‘ਆਪ’ ਸਰਕਾਰ ਨੇ ਅਜਿਹੀ ਚਿੰਤਾਜਨਕ ਸਥਿਤੀ ਨੂੰ ਸੰਭਾਲਣ ਲਈ ਨਾ ਤਾਂ ਕੋਈ ਝੁਕਾਅ ਅਤੇ ਨਾ ਹੀ ਕੋਈ ਸਮਰੱਥਾ ਦਿਖਾਈ ਹੈ। ਉਨ੍ਹਾਂ ਕਿਹਾ, “ਇੱਕ ਵਾਰ ਜਦੋਂ ਤੁਸੀਂ ਆਪਣੀ ਕਮਜ਼ੋਰੀ ਅਤੇ ਕਮੀਆਂ ਦਾ ਦੂਜਿਆਂ ਨੂੰ ਪਤਾ ਲੱਗਣ ਦਿੰਦੇ ਹੋ, ਤਾਂ ਦੇਸ਼ ਵਿਰੋਧੀ ਸ਼ਕਤੀਆਂ ਇਸ ਦਾ ਫਾਇਦਾ ਉਠਾਉਣ ਲਈ ਪਾਬੰਦ ਹੋ ਜਾਂਦੀਆਂ ਹਨ ਅਤੇ ਹੁਣ ਪੰਜਾਬ ਵਿੱਚ ਇਹੀ ਹੋ ਰਿਹਾ ਹੈ”, ਉਨ੍ਹਾਂ ਨੇ ਪੰਜਾਬ ਵਿੱਚ ਆਪ ਦੀ ਸਰਕਾਰ ਆਉਣ ਤੋਂ ਬਾਅਦ ਦੇਸ਼ ਵਿਰੋਧੀ ਤਾਕਤਾਂ ਦੀਆਂ ਵਧੀਆਂ ਗਤੀਵਿਧੀਆਂ ਦਾ ਜ਼ਿਕਰ ਕਰਦਿਆਂ ਕਿਹਾ।

“ਮੈਨੂੰ 1980 ਦੇ ਦਹਾਕੇ ਦੀ ਯਾਦ ਆ ਰਹੀ ਹੈ ਜਦੋਂ ਹਾਲਾਤ ਅੱਤਵਾਦ ਵੱਲ ਵਧਣ ਅਤੇ ਵਿਗੜਨ ਲੱਗੇ ਅਤੇ ਸਾਨੂੰ ਇੰਨੀ ਵੱਡੀ ਕੀਮਤ ਚੁਕਾਉਣੀ ਪਈ ਸੀ”, ਸਾਬਕਾ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਸੇ ਵੀ ਢਿੱਲ-ਮੱਠ ਅਤੇ ਅਕਿਰਿਆਸ਼ੀਲਤਾ ਵਿਰੁੱਧ ਸੁਚੇਤ ਕਰਦਿਆਂ ਚੇਤਾਵਨੀ ਦਿੱਤੀ। “ਕਿਸੇ ਵੀ ਕਾਰਵਾਈ ਦੀ ਕੀ ਗੱਲ ਕਰੀਏ, ਆਪ ਦੇ ਕਿਸੇ ਵੀ ਵਿਅਕਤੀ ਨੇ ਹੁਣ ਤੱਕ ਸ਼ਿਵ ਸੈਨਾ ਨੇਤਾ ਦੇ ਬੇਰਹਿਮੀ ਨਾਲ ਕਤਲ ਦੀ ਨਿੰਦਾ ਵੀ ਨਹੀਂ ਕੀਤੀ”, ਉਨ੍ਹਾਂ ਨੇ ਕਿਹਾ।

ਕੈਪਟਨ ਅਮਰਿੰਦਰ ਨੇ ਹੈਰਾਨੀ ਜ਼ਾਹਰ ਕੀਤੀ ਕਿ ਉੱਚ ਸੁਰੱਖਿਆ ਹੇਠ ਇਕ ਵਿਅਕਤੀ ਨੂੰ ਇੰਨੇ ਸਾਰੇ ਪੁਲਿਸ ਕਰਮਚਾਰੀਆਂ ਦੇ ਹੁੰਦਿਆਂ ਪੂਰੀ ਜਨਤਕ ਦ੍ਰਿਸ਼ਟੀ ਵਿੱਚ ਗੋਲੀ ਮਾਰ ਕੇ ਕਿਵੇਂ ਮਾਰਿਆ ਜਾ ਸਕਦਾ ਹੈ। “ਸਰਕਾਰ ਨੇ ਕੀ ਕਾਰਵਾਈ ਕੀਤੀ ਹੈ?” ਉਨ੍ਹਾਂ ਨੇ ਲੋਕਾਂ ਨੂੰ ਇਸ ਤਰ੍ਹਾਂ ਮਾਰਨ ਅਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਬਚਣ ਦੇਣ ਦੇ ਖ਼ਿਲਾਫ਼ ਚੇਤਾਵਨੀ ਦਿੰਦੇ ਹੋਏ ਕਿਹਾ।

ਭਾਜਪਾ ਦੇ ਸੀਨੀਅਰ ਆਗੂ ਨੇ ‘ਆਪ’ ਸਰਕਾਰ ਵੱਲੋਂ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਨੂੰ ਖੁੱਲ੍ਹੇਆਮ ਹਿੰਸਾ ਦਾ ਪ੍ਰਚਾਰ ਅਤੇ ਵੱਖਵਾਦ ਦੀ ਭਾਸ਼ਾ ਬੋਲਣ ਲਈ ਖੁੱਲ੍ਹੇਆਮ ਮੌਕਾ ਦੇਣ ਲਈ ‘ਆਪ’ ਸਰਕਾਰ ਦੀ ਆਲੋਚਨਾ ਕੀਤੀ।

“ਤੁਸੀਂ ਉਸ ਵਰਗੇ ਵਿਅਕਤੀ ਨੂੰ ਕਿਵੇਂ ਛੱਡ ਸਕਦੇ ਹੋ ਜਦੋਂ ਉਹ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਵਿਰੁੱਧ ਖੁੱਲ੍ਹ ਕੇ ਬੋਲ ਰਿਹਾ ਹੈ ਅਤੇ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਖੁੱਲ੍ਹੇਆਮ ਸੱਦਾ ਦੇ ਰਿਹਾ ਹੈ?” ਉਨ੍ਹਾਂ ‘ਆਪ’ ਸਰਕਾਰ ਨੂੰ ਸਵਾਲ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ‘ਆਪ’ ਸਰਕਾਰ ਦੀ ਅਪਰਾਧਿਕ ਲਾਪਰਵਾਹੀ ਹੈ ਕਿਉਂਕਿ ਇਹ ਅਪਰਾਧ ਦੀਆਂ ਗੰਭੀਰ ਘਟਨਾਵਾਂ ਨਾਲ ਨਜਿੱਠਣ ‘ਚ ਵਾਰ-ਵਾਰ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਵੀ ਖੁੱਲ੍ਹੇਆਮ ਭੱਜ ਰਹੇ ਹਨ ਕਿਉਂਕਿ ਉਹ ਆਪਣੀ ਮਿੱਠੀ ਇੱਛਾ ਅਨੁਸਾਰ ਅੰਤਰਰਾਸ਼ਟਰੀ ਖੇਡ ਸਿਤਾਰਿਆਂ ਅਤੇ ਗਾਇਕਾਂ ਵਰਗੇ ਲੋਕਾਂ ਨੂੰ ਮਾਰ ਰਹੇ ਹਨ।

ਉਨ੍ਹਾਂ ਇਹ ਵੀ ਖਦਸ਼ਾ ਪ੍ਰਗਟਾਇਆ ਕਿ ਦੇਸ਼ ਅਤੇ ਸੂਬੇ ਦੇ ਹਿੱਤਾਂ ਦੇ ਵਿਰੋਧੀ ਤਾਕਤਾਂ ਜਲਦੀ ਹੀ ਗੈਂਗਸਟਰਾਂ ਅਤੇ ਅੱਤਵਾਦੀਆਂ ਵਿਚਕਾਰ ਗਠਜੋੜ ਬਣ ਸਕਦੀਆਂ ਹਨ। “ਮੈਨੂੰ ਯਕੀਨ ਨਹੀਂ ਹੈ ਕਿ ਉਹ ਪਹਿਲਾਂ ਹੀ ਇਹ ਕਰ ਚੁੱਕੇ ਹਨ ਜਾਂ ਨਹੀਂ ਅਤੇ ਜੇਕਰ ਉਹ ਅਜਿਹਾ ਕਰਦੇ ਹਨ, ਤਾਂ ਇਸ ਨਾਲ ਨਜਿੱਠਣ ਲਈ ਇਹ ਬਹੁਤ ਖ਼ਤਰਨਾਕ ਸਥਿਤੀ ਹੋਵੇਗੀ”, ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਇਸ “ਬੁਰਾਈ ਨੂੰ ਹੁਣ ਹੀ ਖਤਮ ਕਰਨ ਲਈ ਕਦਮ ਚੁੱਕਣ”।