ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਤੰਗ ਪ੍ਰੇਮੀਆਂ ਨੂੰ ਚੇਤਾਵਨੀ, ਜੇਕਰ ਚਾਈਨਾ ਡੋਰ ਦਾ ਕੀਤਾ ਇਸਤੇਮਾਲ ਤਾਂ ਹੋਵੇਗੀ ਵੱਡੀ ਕਾਰਵਾਈ
ਆਮ ਲੋਕਾਂ ਨੂੰ ਪਤੰਗ ਉਡਾਉਣ ਲਈ ਚਾਈਨਾ ਡੋਰ (ਧਾਗੇ) ਦੀ ਵਰਤੋਂ ਕਰਨ ਤੋਂ ਖ਼ਬਰਦਾਰ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ.ਨਗਰ ਨੇ ਕਿਹਾ ਹੈ ਕਿ ਇਸ ਲਈ ਪੰਜ ਸਾਲ ਤੱਕ ਦੀ ਸਜ਼ਾ ਤੋਂ ਇਲਾਵਾ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਨਾਈਲੋਨ, ਪਲਾਸਟਿਕ ਜਾਂ ਕਿਸੇ ਹੋਰ ਸਿੰਥੈਟਿਕ ਸਮੱਗਰੀ ਸਮੇਤ ਪਤੰਗ ਉਡਾਉਣ ਵਾਲੇ ਧਾਗੇ ਦੇ ਉਤਪਾਦਨ, ਵਿਕਰੀ, ਸਟੋਰੇਜ, ਖਰੀਦ, ਸਪਲਾਈ, ਦਰਾਮਦ ਅਤੇ ਵਰਤੋਂ ‘ਤੇ ਮੁਕੰਮਲ ਪਾਬੰਦੀ ਹੈ।
ਪੰਜਾਬ ਰਾਜ ਵਿੱਚ “ਚੀਨੀ ਡੋਰ/ਮਾਂਝਾ” ਨਾਮ ਨਾਲ ਮਸ਼ਹੂਰ ਅਤੇ ਕੋਈ ਵੀ ਹੋਰ ਸਿੰਥੈਟਿਕ ਪਤੰਗ ਉਡਾਉਣ ਵਾਲਾ ਧਾਗਾ ਜੋ ਸਿੰਥੈਟਿਕ ਪਦਾਰਥ ਦੇ ਹਵਾਲੇ ਨਾਲ ਜਾਣਿਆ ਜਾਂਦਾ ਹੈ ਅਤੇ ਗੈਰ-ਬਾਇਓਡੀਗ੍ਰੇਡੇਬਲ ਹੈ। ਉਨ੍ਹਾਂ ਅੱਗੇ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ 11.07.2017 ਦੇ ਸਾਲ 2016 ਦੇ ਓ ਏ ਨੰਬਰ 384 ਅਤੇ ਸਾਲ 2016 ਦੇ ਹੀ ਓ ਏ ਨੰਬਰ 442 ਵਿੱਚ ਪਾਸ ਕੀਤੇ ਗਏ ਆਦੇਸ਼ਾਂ ਦੀ ਪਾਲਣਾ ਵਿੱਚ, ਪੰਜਾਬ ਸਰਕਾਰ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ, ਵੱਲੋਂ ਵਾਤਾਵਰਣ (ਸੁਰੱਖਿਆ) ਐਕਟ, 1986 ਦੀ ਧਾਰਾ 5 ਤਹਿਤ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਆਪਣੇ ਨੋਟੀਫਿਕੇਸ਼ਨ ਨੰਬਰ 3/25/23-ਐਸ ਟੀ ਈ 4/293 ਮਿਤੀ 05.07.2023 ਦੁਆਰਾ ਚਾਈਨਾ ਡੋਰ ਦੀ ਵਰਤੋਂ ਨੂੰ ਰੋਕਣ ਲਈ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਹਨ।
ਵਾਤਾਵਰਣ ਇੰਜਨੀਅਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਜ਼ਿਲ੍ਹਾ ਐਸ.ਏ.ਐਸ.ਨਗਰ, ਰਣਤੇਜ ਸ਼ਰਮਾ ਨੇ ਕਿਹਾ ਕਿ ਪਤੰਗ ਉਡਾਉਣ ਦੀ ਇਜਾਜ਼ਤ ਕੇਵਲ ਸੂਤੀ ਧਾਗੇ ਨਾਲ ਹੀ ਹੋਵੇਗੀ, ਜੋ ਕਿ ਕਿਸੇ ਵੀ ਤਿੱਖੇ/ਧਾਤੂ ਕੱਚ ਦੇ ਹਿੱਸੇ/ਚਿਪਕਣ ਵਾਲੇ/ਧਾਗੇ ਨੂੰ ਮਜ਼ਬੂਤ ਕਰਨ ਵਾਲੀ ਸਮੱਗਰੀ ਤੋਂ ਮੁਕਤ ਹੋਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਪਾਬੰਦੀ ਦੇ ਬਾਵਜੂਦ ਪਤੰਗ ਉਡਾਉਣ ਲਈ ਚੀਨੀ ਡੋਰ, ਨਾਈਲੋਨ/ਸਿੰਥੈਟਿਕ ਧਾਗੇ ਆਦਿ ਦੀ ਵਰਤੋਂ ਕਾਰਨ ਗੰਭੀਰ ਹਾਦਸਿਆਂ, ਮਨੁੱਖੀ ਸੱਟਾਂ ਅਤੇ ਮਾਸੂਮ ਪੰਛੀਆਂ ਅਤੇ ਜਾਨਵਰਾਂ ਦੀ ਮੌਤ ਦੇ ਮਾਮਲੇ ਅਜੇ ਵੀ ਸਾਹਮਣੇ ਆ ਰਹੇ ਹਨ।
ਵਾਤਾਵਰਣ (ਸੁਰੱਖਿਆ) ਐਕਟ, 1986 ਦੀ ਧਾਰਾ 5 ਦੇ ਅਧੀਨ ਜਾਰੀ ਕੀਤੇ ਗਏ ਨਿਰਦੇਸ਼ਾਂ ਦੀ ਉਲੰਘਣਾ ਜਾਂ ਇਸ ਅਧੀਨ ਬਣਾਏ ਗਏ ਨਿਯਮਾਂ ਦੀ ਉਲੰਘਣਾ ਉਕਤ ਐਕਟ ਦੀ ਧਾਰਾ 15 ਅਧੀਨ ਸਜ਼ਾਯੋਗ ਹੋਵੇਗੀ, ਜਿਸ ਵਿੱਚ ਪੰਜ ਸਾਲ ਤੱਕ ਦੀ ਕੈਦ ਅਤੇ/ਜਾਂ ਜੁਰਮਾਨਾ ਸ਼ਾਮਲ ਹੈ, ਹੋ ਸਕਦਾ ਹੈ।
ਇਸ ਤੋਂ ਇਲਾਵਾ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਨਾਲੋ ਨਾਲ ਵੀ ਹੋ ਸਕਦੇ ਹਨ।
ਇਸ ਮਾਮਲੇ ਵਿੱਚ ਪੰਜਾਬ ਰਾਜ ਦੇ ਸਾਰੇ ਕਾਰਜਕਾਰੀ ਮੈਜਿਸਟ੍ਰੇਟ, ਪੰਜਾਬ ਸਰਕਾਰ ਦੇ ਮਾਲ ਵਿਭਾਗ ਦੇ ਤਹਿਸੀਲਦਾਰ ਰੈਂਕ ਦੇ ਅਧਿਕਾਰੀ ਜਾਂ ਇਸ ਤੋਂ ਉੱਚ ਅਧਿਕਾਰੀ, ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਦੇ ਜੰਗਲੀ ਜੀਵ ਇੰਸਪੈਕਟਰ ਰੈਂਕ ਦੇ ਜਾਂ ਇਸ ਤੋਂ ਉੱਪਰ ਦੇ ਅਧਿਕਾਰੀ, ਪੰਜਾਬ ਪੁਲਿਸ ਦੇ ਇੰਸਪੈਕਟਰ ਪੱਧਰ ਜਾਂ ਉਸ ਤੋਂ ਉੱਪਰ ਦੇ ਅਧਿਕਾਰੀ, ਪੰਜਾਬ ਰਾਜ ਦੀਆਂ ਮਿਉਂਸਪਲ ਬਾਡੀਜ਼ ਦੇ ਕਲਾਸ ਸੀ ਅਤੇ ਇਸ ਤੋਂ ਉੱਪਰ ਦੇ ਅਧਿਕਾਰੀਆਂ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਅਤੇ ਸਹਾਇਕ ਵਾਤਾਵਰਣ ਇੰਜੀਨੀਅਰ ਰੈਂਕ ਅਤੇ ਉੱਚ ਅਧਿਕਾਰੀਆਂ ਨੂੰ ਉਲੰਘਣਾ ਕਰਨ ਵਾਲੇ ਵਿਰੁੱਧ ਕਾਰਵਾਈ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ।
ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਪਾਬੰਦੀਸ਼ੁਦਾ ਚਾਈਨਾ ਡੋਰ (ਧਾਗੇ) ਦੀ ਵਰਤੋਂ ਤੋਂ ਬਚਣ ਅਤੇ ਆਪਣੇ ਰਿਸ਼ਤੇਦਾਰਾਂ/ਦੋਸਤਾਂ ਨੂੰ ਸੁਚੇਤ ਕਰਨ ਅਤੇ ਜੇਕਰ ਕੋਈ ਵੀ ਇਸ ਦੀ ਵਰਤੋਂ ਕਰਦਾ ਪਾਇਆ ਜਾਂਦਾ ਹੈ ਤਾਂ ਜ਼ਿਲ੍ਹਾ ਕੰਟਰੋਲ ਰੂਮ (ਡੀ.ਸੀ. ਦਫ਼ਤਰ) ਦੇ ਸੰਪਰਕ ਨੰਬਰ 0172-2219506 ‘ਤੇ ਜਾਣਕਾਰੀ ਦੇਣ।