ਚੀਨ ‘ਚ ਇੱਕ ਇਮਾਰਤ ‘ਚ ਅੱਗ ਲੱਗ ਜਾਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਉੱਤਰੀ-ਪੱਛਮੀ ਚੀਨ ਦੇ ਸ਼ਿਨਜਿਆਂਗ ਸੂਬੇ ‘ਚ ਇਕ ਅਪਾਰਟਮੈਂਟ ‘ਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ‘ਚ 9 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਅਧਿਕਾਰੀਆਂ ਮੁਤਾਬਕ ਸੂਬਾਈ ਰਾਜਧਾਨੀ ਉਰੂਮਕੀ ‘ਚ ਵੀਰਵਾਰ ਦੇਰ ਰਾਤ ਇਕ ਅਪਾਰਟਮੈਂਟ ‘ਚ ਅੱਗ ਲੱਗ ਗਈ। ਇਸ ਅੱਗ ‘ਤੇ ਕਾਬੂ ਪਾਉਣ ਲਈ ਫਾਇਰਫਾਈਟਰਜ਼ ਨੂੰ 3 ਘੰਟੇ ਤੋਂ ਵੱਧ ਦਾ ਸਮਾਂ ਲੱਗਾ।

ਮੌਸਮ ਦੇ ਬਦਲਣ ਨਾਲ ਰਾਤ ਨੂੰ ਇੱਥੇ ਤਾਪਮਾਨ ਜ਼ੀਰੋ ਤੋਂ ਹੇਠਾਂ ਚਲਾ ਜਾਂਦਾ ਹੈ। ਅੱਗ ਬੁਝਾਉਣ ਅਤੇ ਰਾਹਤ ਕਾਰਜਾਂ ਵਿੱਚ ਫਾਇਰ ਫਾਈਟਰਾਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਸੂਬਾਈ ਸਰਕਾਰ ਦਾ ਕਹਿਣਾ ਹੈ ਕਿ ਹਾਦਸੇ ‘ਚ ਜ਼ਖਮੀ ਹੋਏ ਸਾਰੇ ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਸਰਕਾਰ ਨੇ ਉਮੀਦ ਜਤਾਈ ਹੈ ਕਿ ਇਹ ਲੋਕ ਜਲਦੀ ਹੀ ਆਪਣੇ ਪਰਿਵਾਰਾਂ ਵਿੱਚ ਸ਼ਾਮਲ ਹੋਣਗੇ।

ਮੀਡੀਆ ਰਿਪੋਰਟ ਅਨੁਸਾਰ ਸਰਕਾਰ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਅੱਗ ਵੈਲਡਿੰਗ ਦੀ ਚੰਗਿਆੜੀ ਨਾਲ ਲੱਗੀ ਸੀ। ਅਧਿਕਾਰੀਆਂ ਮੁਤਾਬਕ ਇਸ ਇਲਾਕੇ ‘ਚ ਸਥਿਤ ਇੰਡਸਟਰੀਅਲ ਟਰੇਡਿੰਗ ਕੰਪਨੀ ‘ਚ ਉਸ ਸਮੇਂ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ। ਉੱਥੋਂ ਨਿਕਲੀ ਚੰਗਿਆੜੀ ਤੋਂ ਸੂਤੀ ਕੱਪੜੇ ਨੂੰ ਅੱਗ ਲੱਗ ਗਈ ਅਤੇ ਹੌਲੀ-ਹੌਲੀ ਇਸ ਨੇ ਵੱਡੇ ਖੇਤਰ ਅਤੇ ਅਪਾਰਟਮੈਂਟ ਨੂੰ ਆਪਣੀ ਲਪੇਟ ਵਿਚ ਲੈ ਲਿਆ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਚੀਨ ਦੇ ਇੱਕ ਅਪਾਰਟਮੈਂਟ ਵਿੱਚ ਅੱਗ ਲੱਗਣ ਕਾਰਨ 38 ਲੋਕਾਂ ਦੀ ਮੌਤ ਹੋ ਗਈ ਸੀ। ਚੀਨ ਵਿੱਚ ਕੁਝ ਦਿਨਾਂ ਵਿੱਚ ਅੱਗ ਲੱਗਣ ਦੀ ਇਹ ਤੀਜੀ ਘਟਨਾ ਹੈ।

ਅਨਯਾਂਗ ਸ਼ਹਿਰ ਵਿਚ ਅੱਗ ਲੱਗਣ ਦੇ ਮਾਮਲੇ ਵਿਚ ਪੁਲਿਸ ਨੇ ਚਾਰ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਸਥਾਨਕ ਅਧਿਕਾਰੀਆਂ ਨੇ ਵੀ ਵਿਆਪਕ ਸੁਰੱਖਿਆ ਜਾਂਚ ਦੇ ਆਦੇਸ਼ ਦਿੱਤੇ ਹਨ।