ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਧਮਕੀ ਈਮੇਲ ਰਾਹੀਂ ਦਿੱਤੀ ਗਈ ਹੈ ਅਤੇ ਧਮਕੀ ਦੇਣ ਵਾਲੇ ਨੇ ਖੁਦ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਦੱਸਿਆ ਹੈ।

ਜਾਣਕਾਰੀ ਮੁਤਾਬਕ ਦੋ ਈਮੇਲ ਰਾਹੀਂ ਭੇਜੀਆਂ ਗਈਆਂ ਧਮਕੀਆਂ ਵਿਚ ਕਿਹਾ ਗਿਆ ਹੈ ਕਿ ਜਿਹੋ ਜਿਹਾ ਸਿੱਧੂ ਮੂਸੇਵਾਲਾ ਦਾ ਹਾਲ ਕੀਤਾ ਸੀ, ਉਹੋ ਜਿਹਾ ਹੀ ਉਸਦਾ ਵੀ ਕਰ ਦਿੱਤਾ ਜਾਵੇਗਾ, ਜੇਕਰ ਉਹ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਨੂੰ ਲੈ ਕੇ ਬੋਲਣਾ ਬੰਦ ਨਹੀਂ ਕਰੇਗਾ। ਹਿੰਦੀ ਵਿਚ ਲਿਖੀ ਗਈ ਧਮਕੀ ਭਰੀ ਈਮੇਲ ਵਿਚ ਕਿਹਾ ਗਿਆ ਹੈ ਕਿ ਜਗਰੂਪ ਰੂਪਾ ਤੇ ਮਨੂ ਦਾ ਝੂਠਾ ਐਨਕਾਊਂਟਰ ਵੀ ਉਸੇ (ਬਲਕੌਰ ਸਿੰਘ) ਦੇ ਦਬਾਅ ਦੇ ਕਾਰਨ ਹੀ ਪੰਜਾਬ ਪੁਲਿਸ ਨੇ ਕੀਤਾ ਹੈ।

ਧਮਕੀ ਦੇਣ ਵਾਲੇ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਕਿਹਾ ਕਿ ਲਾਰੈਂਸ, ਜੱਗੂ ਭਗਵਾਨਪੁਰੀਆ ਸਾਡੇ ਭਰਾਵਾਂ ਦੀ ਸੁਰੱਖਿਆ ਬਾਰੇ ਕੁਝ ਵੀ ਬੋਲੇਂਗਾ ਤਾਂ ਪਤਾ ਵੀ ਨਹੀਂ ਲੱਗੇਗਾ। ਤੈਨੂੰ ਮਾਰ ਕੇ ਚਲੇ ਜਾਵਾਂਗੇ। ਤੂੰ ਅਤੇ ਤੇਰਾ ਪੁੱਤਰ ਇਸ ਦੇਸ਼ ਦੇ ਮਾਲਕ ਨਹੀਂ ਹੋ। ਜਿਸ ਨੂੰ ਤੁਸੀਂ ਚਾਹੋਗੇ ਸੁਰੱਖਿਆ ਮਿਲੇਗੀ। ਤੇਰੇ ਪੁੱਤਰ ਨੇ ਸਾਡੇ ਭਰਾਵਾਂ ਨੂੰ ਮਰਵਾਇਆ ਅਤੇ ਅਸੀਂ ਤੇਰੇ ਪੁੱਤਰ ਨੂੰ ਮਾਰਿਆ। ਅਸੀਂ ਭੁੱਲੇ ਨਹੀਂ ਹਾਂ ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਦਾ ਝੂਠਾ ਮੁਕਾਬਲਾ ਹੋਇਆ ਹੈ। ਤੈਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਇਹ ਸਭ ਤੇਰੇ ਦਬਾਅ ਹੇਠ ਹੋਇਆ ਹੈ। ਸੌ ਗੱਲਾਂ ਦੀ ਇੱਕ ਗੱਲ, ਜੇ ਤੂੰ ਜ਼ਿਆਦਾ ਬੋਲੇਂਗਾ ਤਾਂ ਤੇਰਾ ਹਾਲ ਸਿੱਧੂ ਨਾਲੋਂ ਵੀ ਭਿਆਨਕ ਹੋਵੇਗਾ।

ਗੈਂਗ ਦੇ ਮੈਂਬਰਾਂ ਵਲੋਂ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਹੋਇਆ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਚੁੱਪ ਰਹਿਣ ਦੀ ਨਸੀਹਤ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਸਿੱਧੂ ਮੂਸੇਵਾਲਾ ਦੇ ਪਿਤਾ ਵਲੋਂ ਉਕਤ ਈਮੇਲਾਂ ਸਬੰਧੀ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਪੰਜਾਬ ਪੁਲਸ ਦੇ ਸਾਈਬਰ ਸੈੱਲ ਵਲੋਂ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here