ਬਿਊਰੋ (ਨਵੀਂ ਦਿੱਲੀ) : ਦਿੱਲੀ ਦੇ ਉਪ ਰਾਜਪਾਲ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਮੁਲਤਵੀ ਕਰ ਦਿੱਤਾ। ਦਿੱਲੀ ਸਰਕਾਰ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮੁਲਤਵੀ ਕਰਨ ਲਈ ਅਪੀਲ ਕੀਤੀ ਸੀ। ਇੱਕ ਫਾਈਲ ਤਿਆਰ ਕਰਕੇ ਦਿੱਲੀ ਸਰਕਾਰ ਵੱਲੋਂ ਉਪ ਰਾਜਪਾਲ ਨੂੰ ਭੇਜੀ ਸੀ। ਜਿਸ ਉੱਤੇ ਉਪ ਰਾਜਪਾਲ ਨੇ ਆਪਣੀ ਮੋਹਰ ਲਗ ਦਿੱਤੀ ਹੈ ਅਤੇ ਇਹ ਚੋਣਾਂ 15 ਦਿਨਾਂ ਲਈ ਮੁਲਤਵੀ ਕਰ ਦਿੱਤੀਆਂ ਹਨ। ਦਿੱਲੀ ਵਿੱਚ ਇਸ ਵੇਲੇ ਤਾਲਾਬੰਦੀ ਦਾ ਮਾਹੌਲ ਹੈ ਅਤੇ ਇਹ ਤਾਲਾਬੰਦੀ 26 ਅਪ੍ਰੈਲ ਤੱਕ ਜਾਰੀ ਰਹੇਗੀ।

ਲਗਾਤਾਰ ਵੱਧ ਰਹੇ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਦੇਖਦਿਆਂ ਹੋਇਆ ਦਿੱਲੀ ਸਰਕਾਰ ਵੱਲੋਂ ਫਾਈਲ ਉਪ ਰਾਜਪਾਲ ਨੂੰ ਭੇਜੀ ਸੀ। 25 ਅਪ੍ਰੈਲ 2021 ਨੂੰ ਹੋਣ ਵਾਲਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁਣ ਉਪ ਰਾਜਪਾਲ ਵੱਲੋਂ 15 ਦਿਨ ਲਈ ਮੁਲਤਵੀ ਕਰ ਦਿੱਤੀਆਂ ਹਨ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਵੱਲੋਂ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਇਹ ਚੋਣਾਂ ਮੁਲਤਵੀ ਨਾ ਕੀਤੀਆਂ ਜਾਣ। ਫੂਲਕਾ ਨੇ ਕਿਹਾ ਸੀ ਕਿ ਇਹ ਚੋਣਾਂ ਕੋਵਿਡ ਦੇ ਨਿਯਮਾਂ ਤਹਿਤ ਕਰਵਾ ਲਈਆਂ ਜਾਣੀਆਂ ਚਾਹੀਦੀਆਂ ਹਨ।

ਪਰ ਦਿੱਲੀ ਵਿੱਚ ਜਿਸ ਤਰੀਕੇ ਨਾਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਇੱਕੋ ਵੇਲੇ ਵੱਡਾ ਇਜ਼ਾਫਾ ਹੋਇਆ, ਆਕਸੀਜਨ ਦੀ ਕਮੀ ਨਾਲ ਜੂਝਣਾ ਪੈ ਰਿਹਾ ਉਸ ਨੂੰ ਆਧਾਰ ਬਣਾਕੇ ਇਹ ਅਪੀਲ ਦਿੱਲੀ ਸਰਕਾਰ ਨੇ ਕੀਤੀ ਸੀ। ਐੱਚ.ਐੱਸ.ਫੂਲਕਾ ਨੇ ਕਿਹਾ ਸੀ ਕਿ ਕੋਰੋਨਾ ਦੀਆਂ ਸਾਵਧਾਨੀਆਂ ਵਰਤ ਕੇ ਪੋਲਿੰਗ ਬੂਥ ‘ਤੇ ਜਾ ਕੇ ਵੋਟਾਂ ਪਾਉਣ ਦਾ ਕੰਮ ਨੇਪਰੇ ਚਾੜਿਆ ਜਾ ਸਕਦਾ ਹੈ। ਉਹਨਾਂ ਇਹ ਵੀ ਕਿਹਾ ਸੀ ਕਿ ਇਹ ਧਾਰਮਿਕ ਚੋਣਾਂ ਹਨ ਅਤੇ ਇਹਨਾਂ ਦਾ ਪ੍ਰਚਾਰ ਰਾਜਨੀਤਕ ਚੋਣਾਂ ਵਾਂਗ ਨਾ ਕੀਤਾ ਜਾਵੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਬਹੁਤ ਸਿਆਸੀ ਪਾਰਟੀਆਂ ਵੀ ਪੱਬਾਂ ਭਰ ਹਨ।

ਮਨਜਿੰਦਰ ਸਿੰਘ ਸਿਰਸਾ ਨੇ ਵੀ ਇੱਕ ਆਡੀਓ ਕਲਿੱਪ ਜਾਰੀ ਕੀਤਾ ਅਤੇ ਕਿਹਾ ਕਿ ਚੋਣਾਂ ਭਾਵੇਂ ਮੁਲਤਵੀ ਹੋ ਗਈਆਂ ਹਨ ਪਰ ਸਾਨੂੰ ਆਪਣੀ ਮਾਨਵਤਾ ਦੀ ਸੇਵਾ ਨਹੀਂ ਛੱਡਣੀ ਚਾਹੀਦੀ। ਮਹਾਂਮਾਰੀ ਕਾਰਨ ਇਹਨਾਂ ਚੋਣਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ। ਜਿਸ ਵੀ ਪਰਿਵਾਰ ਨੂੰ ਜੋ ਵੀ ਸਹਾਇਤਾ ਚਾਹੀਦੀ ਹੈ ਉਸ ਤੱਕ ਉਹ ਸਮਾਨ ਪਹੁੰਚਾਇਆ ਜਾਵੇ ਅਤੇ ਜਲਦ ਇਹ ਮਹਾਂਮਾਰੀ ਦਾ ਪ੍ਰਕੋਪ ਖਤਮਹੋਇਵਗਾ ਅਤੇ ਜੀਵਨ ਮੁੜ ਆਪਣੀ ਲੀਹ ‘ਤੇ ਆ ਜਾਵੇਗਾ। ਇਸ ਲਈ ਹੁਣ 25 ਅਪ੍ਰੈਲ 2021 ਨੂੰ ਹੋਣ ਵਾਲਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 15 ਦਿਨਾਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ।