ਸੁਨੀਲ ਲਾਖਾ (ਹੁਸ਼ਿਆਰਪੁਰ) : ਪੁਲਿਸ ਨੂੰ ਖੇਤਾਂ ਵਿਚੋਂ ਇੱਕ ਮਹਿਲਾ ਦੀ ਮ੍ਰਿਤਕ ਦੇਹ ਮਿਲਣ ਦੀ ਸੂਚਨਾ ਮਿਲੀ। ਪੁਲਿਸ ਨੇ ਕਸਬਾ ਬੁਲੋਵਾਲ ਵਿਖੇ ਪਹੁੰਚ ਮਹਿਲਾ ਦੀ ਲਾਸ਼ ਨੂੰ ਬਰਾਮਦ ਕੀਤਾ ਅਤੇ ਪੜਤਾਲ ਕੀਤੀ। ਪੁਲਿਸ ਨੂੰ ਹੈਰਾਨ ਕਰਨ ਵਾਲੇ ਤੱਥ ਮਿਲੇ ਕਿ ਦੋ ਬੱਚਿਆਂ ਦੀ ਮਾਂ ਨੂੰ ਗੋਲੀਆਂ ਮਾਰਕੇ ਕਤਲ ਕੀਤਾ ਗਿਆ ਹੈ। ਪੁਲਿਸ ਨੇ ਇਹ ਵੀ ਸੂਚਨਾ ਦਿੱਤੀ ਕਿ ਮਹਿਲਾ ਦੇ ਸ਼ਰੀਰ ‘ਤੇ 5 ਗੋਲੀਆਂ ਲੱਗਣ ਦੇ ਨਿਸ਼ਾਨ ਹਨ। ਕਤਲ ਕਿਉਂ ਕੀਤਾ ਗਿਆ, ਸਾਰੀ ਭੂਮਿਕਾ ਲੱਭਣ ਲਈ ਪੁਲਿਸ ਵੱਲੋਂ ਲਾਸ਼ ਨੂੰ ਕਬਜੇ ਵਿੱਚ ਲੈ ਕੇ ਹਸਪਤਾਲ ਲਿਜਾਇਆ ਗਿਆ ਅਤੇ ਉਸਦਾ ਪੋਸਟਮਾਰਟਮ ਕਰਵਾਉਣ ਦੀ ਕਵਾਇਦ ਸ਼ੁਰੂ ਕੀਤੀ।

ਮ੍ਰਿਤਕ ਮਹਿਲਾ ਦੇ ਮਾਪਿਆਂ ਨੂੰ ਜਦੋਂ ਸੱਦਾ ਭੇਜਿਆ ਗਿਆ ਤਾਂ ਲਾਸ਼ ਦੇਖ ਕੁੜੀ ਦੀ ਮਾਂ ਜ਼ਮੀਨ ‘ਤੇ ਬੈਠ ਧਾਹਾਂ ਮਾਰ ਰੋਣ ਲੱਗੀ। ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਮ੍ਰਿਤਕ ਮਹਿਲਾ ਦਾ ਪਤੀ ਵਿਦੇਸ਼ ਰਹਿੰਦਾ ਹੈ। ਲੰਮੇ ਸਮੇਂ ਤੋਂ ਦੋਵਾਂ ਵਿਚਾਲੇ ਪਰਿਵਾਰਕ ਤਕਰਾਰ ਚੱਲ ਰਹੀ ਸੀ। ਮ੍ਰਿਤਕ ਮਹਿਲਾ ਦਾ ਪਤੀ ਕੁਵੈਤ ਵਿੱਚ ਨੌਕਰੀ ਕਰਦਾ ਹੈ। ਪੁਲਿਸ ਵੱਲੋਂ ਇਹਨਾਂ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮਹਿਲਾ ਦੀ ਲਾਸ਼ ਖੇਤਾਂ ਤੱਕ ਕਿਵੇਂ ਪਹੁੰਚੀ। ਕੀ ਕਤਲ ਕਿਸੇ ਹੋਰ ਥਾਂ ‘ਤੇ ਕੀਤਾ ਗਿਆ ਅਤੇ ਲਾਸ਼ ਨੂੰ ਇਥੇ ਪਹੁੰਚਾਇਆ ਗਿਆ। ਆਖ਼ਿਰ ਕਤਲ ਕਰਨ ਦੀ ਵਜ੍ਹਾ ਕੀ ਸੀ। ਬਹੁਤ ਸਾਰੇ ਪਹਿਲੂ ਹਨ ਜੋ ਪੁਲਿਸ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ।

ਮ੍ਰਿਤਕ ਮਹਿਲਾ ਦੀ ਲਾਸ਼ ਪਿੰਡ ਬੁਲੋਵਾਲ ਨਜ਼ਦੀਕ ਟਾਂਡਾ ਰੋਡ ਉੱਤੇ ਖੇਤਾਂ ਵਿਚੋਂ ਬਰਾਮਦ ਹੋਈ। ਮੌਕੇ ‘ਤੇ ਫੋਰੈਂਸਿਕ ਟੀਮ ਵੀ ਜਾਂਚ ਦਾ ਹਿੱਸਾ ਬਣੀ। ਫੋਰੈਂਸਿਕ ਟੀਮ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਤਕਰੀਬਨ 7 ਤੋਂ 8 ਗੋਲੀਆਂ ਚਲਾਈਆਂ ਗਈਆਂ ਹਨ। ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਮੌਤ ਤੋਂ ਪਹਿਲਾਂ ਮਰੋਟਕ ਮਹਿਲਾ ਦੀ ਮੁਲਜ਼ਮਾਂ ਨਾਲ ਲੜਾਈ ਵੀ ਹੋਈ ਹੈ। ਉਸਦੇ ਨਿਸ਼ਾਨ ਵੀ ਮਿਲੇ ਹਨ। ਮ੍ਰਿਤਕ ਮਹਿਲਾ ਦਾ ਪੇਕਾ ਪਰਿਵਾਰ ਮੋਗਾ ਵਿਖੇ ਰਹਿੰਦਾ ਹੈ ਅਤੇ 10 ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ। ਔਰਤ ਦੇ ਕਤਲ ਦੇ ਕਾਰਨਾਂ ਦੀ ਪੜਚੋਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

Author