ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸੂਬੇ ਵਿਚ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਉਣ ਅਤੇ ਸਾਰੀਆਂ ਸਿਹਤ ਸੰਭਾਲ ਸੰਸਥਾਵਾਂ ਸਮੇਤ ਪ੍ਰਾਈਵੇਟ ਹਸਪਤਾਲਾਂ ਵਿਚ ਲੋੜੀਂਦੀ ਮੈਡੀਕਲ ਆਕਸੀਜਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਿਲ੍ਹਿਆਂ ਵਿਚ 75 ਪ੍ਰੈਸ਼ਰ ਸਵਿੰਗ ਐਡਜ਼ੋਰਪਸ਼ਨ (ਪੀ. ਐੱਸ. ਏ.) ਪਲਾਂਟ ਸਥਾਪਿਤ ਕੀਤੇ ਜਾਣਗੇ, ਤਾਂ ਜੋ ਅਤਿ-ਸੰਭਾਵਿਤ ਤੀਜੀ ਕੋਵਿਡ ਲਹਿਰ ਦਾ ਡੱਟ ਕੇ ਮੁਕਾਬਲਾ ਕੀਤਾ ਜਾ ਸਕੇ। ਇਹ ਪ੍ਰਗਟਾਵਾ ਮੁੱਖ ਸਕੱਤਰ ਵਿਨੀ ਮਹਾਜਨ ਨੇ ਇਥੇ ਸੂਬੇ ਦੀਆਂ ਸਿਹਤ ਸੰਭਾਲ ਸੰਸਥਾਵਾਂ ’ਚ ਮੈਡੀਕਲ ਆਕਸੀਜਨ ਦੇ ਪ੍ਰਬੰਧਨ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਸੀਨੀਅਰ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਾਜ ਵਿੱਚ ਪੀ. ਐੱਸ. ਏ. ਦੇ ਸਾਰੇ ਪਲਾਂਟਾਂ ਨੂੰ ਜਲਦ ਕਾਰਜ਼ਸੀਲ ਬਣਾਉਣ ਲਈ ਠੋਸ ਕਦਮ ਚੁੱਕੇ ਜਾਣ।

ਮੁੱਖ ਸਕੱਤਰ ਨੇ ਰਾਜ ਆਕਸੀਜਨ ਪ੍ਰਬੰਧਨ ਗਰੁੱਪ ਦਾ ਵੀ ਗਠਨ ਕੀਤਾ ਹੈ, ਜਿਸ ਦੀ ਅਗਵਾਈ ਪ੍ਰਮੁੱਖ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਜਸਪ੍ਰੀਤ ਤਲਵਾੜ ਕਰ ਰਹੇ ਹਨ ਅਤੇ ਡਾਇਰੈਕਟਰ ਉਦਯੋਗ ਅਤੇ ਵਣਜ ਵਿਭਾਗ ਸੀ. ਸਿਬਿਨ ਅਤੇ ਐੱਮ. ਡੀ. ਪੰਜਾਬ ਸਿਹਤ ਪ੍ਰਣਾਲੀ ਨਿਗਮ ਤਨੂ ਕਸ਼ਯਪ ਅਤੇ ਵਧੀਕ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਅਮਿਤ ਤਲਵਾੜ ਇਸ ਦੇ ਮੈਂਬਰ ਹਨ। ਜਸਪ੍ਰੀਤ ਤਲਵਾੜ ਨੂੰ ਇਸ ਸਬੰਧ ਵਿਚ ਭਾਰਤ ਸਰਕਾਰ ਨਾਲ ਰਾਬਤਾ ਬਣਾਈ ਰੱਖਣ ਲਈ ਸਟੇਟ ਨੋਡਲ ਅਧਿਕਾਰੀ ਵਜੋਂ ਵੀ ਨਿਯੁਕਤ ਕੀਤਾ ਗਿਆ ਹੈ।

ਸੂਬੇ ਵਿਚ ਮੈਡੀਕਲ ਆਕਸੀਜਨ ਦੀ ਉਪਲਬਧਤਾ ਅਤੇ ਲੋੜ ਦਾ ਜਾਇਜ਼ਾ ਲੈਂਦਿਆਂ ਮੁੱਖ ਸਕੱਤਰ ਨੇ ਨਵੇਂ ਬਣੇ ਸਮੂਹ ਨੂੰ ਜਨਤਕ ਅਤੇ ਨਿੱਜੀ ਸਿਹਤ ਸੰਸਥਾਵਾਂ ਵਿਚ ਮੈਡੀਕਲ ਆਕਸੀਜਨ ਦੀ ਅਸਲ ਲੋੜ, ਆਕਸੀਜਨ (ਐੱਲ.ਐੱਮ.ਓ.) ਪਲਾਂਟ, ਪੀ. ਐੱਸ. ਏ. ਪਲਾਂਟ ਅਤੇ ਓ. ਸੀ. ਦੀ ਲੋੜ ਤੋਂ ਇਲਾਵਾ ਲੋੜੀਂਦੀਆਂ ਸਟੋਰੇਜ ਅਤੇ ਟ੍ਰਾਂਸਪੋਰਟ ਸਹੂਲਤਾਂ ਅਤੇ ਐੱਮ.ਓ. ਸਿਲੰਡਰਾਂ ਦੀ ਉਪਲਬਧਤਾ ਬਾਰੇ ਮੁਲਾਂਕਣ ਰਿਪੋਰਟ ਤਿਆਰ ਕਰਨ ਲਈ ਵੀ ਕਿਹਾ।

LEAVE A REPLY

Please enter your comment!
Please enter your name here