CBSE 12ਵੀਂ ਦੇ ਵਿਦਿਆਰਥੀਆਂ ਲਈ ਬੋਰਡ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਸੀਬੀਐਸਈ 12ਵੀਂ ਦੇ ਉਨ੍ਹਾਂ ਵਿਦਿਆਰਥੀਆਂ ਲਈ ਬੁਰੀ ਖ਼ਬਰ ਹੈ ਜੋ ਆਨਲਾਈਨ ਕਲਾਸਾਂ ਜਾਂ ਪ੍ਰੀ ਬੋਰਡ ਅਤੇ ਛਮਾਈਂ ਪ੍ਰੀਖਿਆਵਾਂ ਤੋਂ ਗਾਇਬ ਰਹੇ। ਬੋਰਡ ਨੇ ਅਜਿਹੇ ਵਿਦਿਆਰਥੀਆਂ ਨੂੰ ਪ੍ਰਮੋਟ ਨਾ ਕਰਨ ਦਾ ਫੈਸਲਾ ਕੀਤਾ ਹੈ। ਸੀਬੀਐਸਈ ਦੁਆਰਾ ਜਾਰੀ ਕੀਤੇ ਸਰਕੂਲਰ ਵਿੱਚ ਇਹ ਕਿਹਾ ਗਿਆ ਹੈ ਕਿ ਆਨਲਾਈਨ ਕਲਾਸਾਂ ਵਿੱਚ ਸ਼ਾਮਲ ਨਾ ਹੋਣ ਵਾਲੇ ਜਾਂ ਪ੍ਰੀ ਬੋਰਡ ਅਤੇ ਛਮਾਈ ਪ੍ਰੀਖਿਆਵਾਂ ਵਿਚੋਂ ਗਾਇਬ ਰਹਿਣ ਵਾਲੇ ਵਿਦਿਆਰਥੀਆਂ ਨੂੰ ਗੈਰਹਾਜ਼ਰ ਮੰਨਿਆ ਜਾਏਗਾ।
ਇਸ ਸੰਬੰਧੀ ਬੋਰਡ ਤੈਅ ਕਰੇਗਾ ਕਿ ਅਜਿਹੇ ਵਿਦਿਆਰਥੀਆਂ ਨੂੰ ਇਮਤਿਹਾਨ ਦੇਣ ਦਾ ਮੌਕਾ ਮਿਲੇਗਾ ਜਾਂ ਨਹੀਂ। ਹੁਣ ਤੱਕ ਵਿਦਿਆਰਥੀ ਇਹ ਮੰਨ ਰਹੇ ਸਨ ਕਿ ਸਭ ਨੂੰ ਪਾਸ ਕਰ ਦਿੱਤਾ ਜਾਵੇਗਾ। ਅਜਿਹੀ ਸਥਿਤੀ ਵਿੱਚ ਲਾਪ੍ਰਵਾਹੀ ਕਰਨ ਵਾਲੇ ਵਿਦਿਆਰਥੀਆਂ ਲਈ ਇਹ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
CBSE ਵੱਲੋਂ ਸਕੂਲਾਂ ਨੂੰ ਭੇਜੇ ਗਏ ਸਰਕੂਲਰ ਵਿੱਚ ਇਹ ਕਿਹਾ ਗਿਆ ਹੈ ਕਿ ਉਹ ਵਿਦਿਆਰਥੀ ਜੋ ਸਾਲ ਭਰ ਸਕੂਲ ਨਾਲ ਸੰਪਰਕ ਵਿੱਚ ਨਹੀਂ ਸਨ, ਉਹ ਸਕੂਲ ਦੀ ਕਿਸੇ ਵੀ ਪ੍ਰੀਖਿਆ ਵਿੱਚ ਨਹੀਂ ਆਉਂਦੇ ਸਨ ਅਤੇ ਆਨਲਾਈਨ ਕਲਾਸਾਂ ਵਿੱਚ ਵੀ ਸ਼ਾਮਲ ਨਹੀਂ ਹੋਏ, ਉਹ ਗ਼ੈਰਹਾਜ਼ਰ ਮੰਨੇ ਜਾਣਗੇ। ਸੀਬੀਐਸਈ ਦੇ ਸਰਕੂਲਰ ਵਿਚ ਕਿਹਾ ਗਿਆ ਹੈ ਕਿ ਸਕੂਲਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਗ਼ੈਰਹਾਜ਼ਰ ਵਜੋਂ ਦਰਸਾਏ ਗਏ ਵਿਦਿਆਰਥੀਆਂ ਦੇ ਨਤੀਜੇ ਜਾਰੀ ਨਾ ਕੀਤੇ ਜਾਣ।
ਸੀਬੀਐਸਈ ਨੇ 12ਵੀਂ ਦੇ ਅੰਕ ਅਪਲੋਡ ਕਰਨ ਲਈ ਆਪਣੇ ਪੋਰਟਲ ‘ਤੇ ਲਿੰਕ ਨੂੰ ਐਕਟਿਵ ਕਰ ਦਿੱਤਾ ਹੈ। ਸਕੂਲਾਂ ਨੂੰ 5 ਜੁਲਾਈ ਤੱਕ ਥਿਊਰੀ ਦੇ ਅੰਕ ਅਪਲੋਡ ਕਰਨੇ ਪੈਣਗੇ, ਜਦੋਂ ਕਿ 11ਵੀਂ ਦੇ ਅੰਕ ਅਪਲੋਡ ਕਰਨ ਦੀ ਆਖਰੀ ਤਰੀਕ 2 ਜੁਲਾਈ ਸੀ। ਸੀਬੀਐਸਈ 12ਵੀਂ ਬੋਰਡ ਨਤੀਜੇ 31 ਜੁਲਾਈ 2021 ਨੂੰ ਜਾਂ ਇਸ ਤੋਂ ਪਹਿਲਾਂ ਸਾਰਣੀਗਤ ਜਾਰੀ ਕੀਤਾ ਜਾਣਾ ਹੈ।