ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਬੀ.ਐੱਸ.ਐੱਫ. ਨੂੰ ਅੰਤਰਰਾਸ਼ਟਰੀ ਸਰਹੱਦ ਤੋਂ ਭਾਰਤੀ ਖੇਤਰ ਅੰਦਰ 50 ਕਿਲੋਮੀਟਰ ਤੱਕ ਵੱਧ ਅਧਿਕਾਰ ਦੇਣ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ‘ਚ ਰਾਜ ਭਵਨ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ ਹੈ। ਇਸ ਦੌਰਾਨ ਮੁਜ਼ਾਹਰਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਹੋਰਨਾਂ ਆਗੂਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਹੈ। ਸੁਖਬੀਰ ਸਿੰਘ ਬਾਦਲ ਨੂੰ ਚੰਡੀਗੜ੍ਹ ਦੇ ਸੈਕਟਰ-3 ਦੇ ਪੁਲਿਸ ਥਾਣੇ ‘ਚ ਲਿਆਂਦਾ ਗਿਆ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਚੰਡੀਗੜ੍ਹ ਦੇ ਸੈਕਟਰ -3 ਦੇ ਪੁਲਿਸ ਥਾਣੇ ਦੇ ਬਾਹਰ ਧਰਨੇ ‘ਤੇ ਬੈਠ ਗਏ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਖੇਤੀ ਕਾਨੂੰਨਾਂ ਅਤੇ ਹੁਣ ਬੀ.ਐੱਸ.ਐੱਫ. ਜ਼ਰੀਏ ਪੰਜਾਬ ਨੂੰ ਪਾਵਰਲੈੱਸ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਕੇਂਦਰ ਸਰਕਾਰ ਨੇ ਬੀ.ਐੱਸ.ਐੱਫ. ਦੇ ਅਧਿਕਾਰ ਖੇਤਰ ਵਿੱਚ ਵਾਧਾ ਕੀਤਾ ਹੈ। ਹੁਣ ਬੀ.ਐੱਸ.ਐੱਫ. ਭਾਰਤ ਦੇ ਸਰਹੱਦੀ ਸੂਬਿਆਂ ਪੰਜਾਬ, ਪੱਛਮੀ ਬੰਗਾਲ, ਅਸਾਮ ਅਤੇ ਤ੍ਰਿਪੁਰਾ ਦੇ ਕੌਮਾਤਰੀ ਸਰਹੱਦ ਤੋਂ 50 ਕਿਲੋਮੀਟਰ ਦੇ ਘੇਰੇ ਵਿੱਚ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਸਕੇਗੀ, ਉਨ੍ਹਾਂ ਦੀ ਤਲਾਸ਼ੀ ਲੈ ਸਕੇਗੀ ਅਤੇ ਇਤਰਾਜ਼ਯੋਗ ਸਾਮਾਨ ਨੂੰ ਜ਼ਬਤ ਵੀ ਕਰ ਸਕੇਗੀ। ਇਸ ਤੋਂ ਪਹਿਲਾਂ ਬੀ.ਐੱਸ.ਐੱਫ. ਨੂੰ ਸਰਹੱਦੀ ਸੂਬਿਆਂ ਪੰਜਾਬ, ਪੱਛਮੀ ਬੰਗਾਲ, ਅਸਾਮ ਤੇ ਤ੍ਰਿਪੁਰਾ ਵਿੱਚ ਸਰਹੱਦ ਤੋਂ ਸਿਰਫ 15 ਕਿਲੋਮੀਟਰ ਅੰਦਰ ਤੱਕ ਹੀ ਕਾਰਵਾਈ ਕਰਨ ਦਾ ਅਧਿਕਾਰ ਸੀ।

LEAVE A REPLY

Please enter your comment!
Please enter your name here