ਰੂਸ ਤੋਂ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅੱਜ ਰੂਸ ‘ਚ ਇੱਕ ਭਿਆਨਕ ਜਹਾਜ਼ ਹਾਦਸਾ ਹੋ ਗਿਆ, ਜਿਸ ’ਚ 16 ਯਾਤਰੀਆਂ ਦੀ ਮੌਤ ਹੋ ਗਈ। ਇਸ ਐੱਲ-410 ਰੂਸੀ ਜਹਾਜ਼ ’ਚ ਕੁੱਲ 23 ਯਾਤਰੀ ਸਵਾਰ ਸਨ। ਇਹ ਜਹਾਜ਼ ਟਾਟਰਸਤਾਨ ਗਣਰਾਜ ਕੋਲ ਹਾਦਸਾਗ੍ਰਸਤ ਹੋ ਗਿਆ ਹੈ।

ਇਸ ਹਾਦਸੇ ‘ਚ ਸ਼ਿਕਾਰ ਹੋਏ ਲੋਕਾਂ ‘ਚੋਂ ਬਚਾਅ ਟੀਮ ਨੇ 7 ਲੋਕਾਂ ਨੂੰ ਜ਼ਿੰਦਾ ਬਚਾਅ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 9.30 ਵਜੇ ਵਾਪਰਿਆ। ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਦੱਸਿਆ ਕਿ ਇਸ ਹਾਦਸੇ ’ਚ 16 ਲੋਕਾਂ ਦੀ ਮੌਤ ਹੋ ਗਈ। ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਤਸਵੀਰ ’ਚ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਹਾਜ਼ ਦੇ ਦੋ ਟੁਕੜੇ ਹੋ ਗਏ ਹਨ।

ਜਹਾਜ਼ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਸਥਾਨਕ ਸਿਹਤ ਮੰਤਰਾਲੇ ਨੇ ਕਿਹਾ ਕਿ ਬਚਾਏ ਗਏ 7 ਲੋਕਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ’ਚੋਂ ਇੱਕ ਦੀ ਹਾਲਤ ਬਹੁਤ ਗੰਭੀਰ ਹੈ। ਡਾਕਟਰ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਜਹਾਜ਼ ਰੂਸੀ ਫੌਜ ਅਤੇ ਜਲ ਸੈਨਾ ਦੀ ਮਦਦ ਕਰਨ ਵਾਲੇ ਇੱਕ ਸਵੈਮਸੇਵੀ ਸੰਗਠਨ ਦਾ ਹੈ। ਇਹ ਸੰਗਠਨ ਆਪਣੇ ਆਪ ਨੂੰ ਖੇਡ ਤੇ ਰੱਖਿਆ ਸੰਗਠਨ ਦੱਸਦਾ ਹੈ। ਰੂਸੀ ਅਧਿਕਾਰੀ ਇਸ ਜਹਾਜ਼ ਹਾਦਸੇ ਦੀ ਜਾਂਚ ਕਰ ਰਹੇ ਹਨ।

LEAVE A REPLY

Please enter your comment!
Please enter your name here