ਚੰਡੀਗੜ੍ਹ : ਪੰਜਾਬ ਵਿੱਚ ਝੋਨੇ ਦੇ ਸੀਜਨ ਅਤੇ ਗਰਮੀ ਦਾ ਸਿਖਰ ਹੋਣ ਦੇ ਬਾਵਜੂਦ ਖੇਤੀ ਖੇਤਰ ਅਤੇ ਘਰੇਲੂ ਖੇਤਰ ‘ਚ ਲੱਗ ਰਹੇ ਲੰਮੇ ਤੇ ਅਣ ਐਲਾਨੇ ਬਿਜਲੀ ਕੱਟਾਂ ਕਾਰਨ ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਲਾਵਾਰਸ ਛੱਡ ਕੇ ਆਪਣੇ ਸਾਹੀ ਫਾਰਮ ਹਾਊਸ ਵਿੱਚ ਮੌਜਾਂ ਮਾਣ ਰਹੇ ਹਨ। ਲੋਕਾਂ ਅਤੇ ਕਿਸਾਨਾਂ ਦੀ ਹਾਹਾਕਾਰ ਕੈਪਟਨ ਅਮਰਿੰਦਰ ਸਿੰਘ ਦੇ ਕੰਨਾਂ ਤੱਕ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ 3 ਜੁਲਾਈ ਨੂੰ ਆਪ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਵਿੱਚ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਘਿਰਾਓ ਕੀਤਾ ਜਾਵੇਗਾ। ਇਹ ਐਲਾਨ ਵੀਰਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਵਿਖੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਪੰਜਾਬ ਦੇ ਲੋਕਾਂ ਅਤੇ ਕਿਸਾਨ ਸਮੇਤ ਹਰ ਵਰਗ ਨੂੰ ਨਿਰਵਿਘਨ ਅਤੇ ਸਸਤੀ ਬਿਜਲੀ ਮੁਹਈਆ ਕਰਾਈ ਜਾਵੇ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਬੁਲਾਰੇ ਨੀਲ ਗਰਗ ਵੀ ਹਾਜਰ ਸਨ।

ਵਿਧਾਇਕ ਮੀਤ ਹੇਅਰ ਨੇ ਕਿਹਾ, ” ਪੰਜਾਬ ਵਿੱਚ ਸਰਕਾਰ ਨਾ ਦੀ ਕੋਈ ਚੀਜ ਨਹੀਂ ਹੈ । ਅੱਜ ਕਿਸਾਨਾਂ, ਬੇਰੁਜਗਾਰਾਂ, ਮੁਲਾਜਮਾਂ ਸਮੇਤ ਸਾਰੇ ਵਰਗ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਧਰਨੇ ਮੁਜਾਹਰੇ ਕਰ ਰਹੇ ਹਨ। ਹੁਣ ਤਾਂ ਲੋਕਾਂ ਨੂੰ ਬਿਜਲੀ ਲੈਣ ਲਈ ਵੀ ਧਰਨੇ ਲਾਉਣੇ ਪੈ ਰਹੇ ਹਨ। ਬਿਜਲੀ ਦੀ ਸਪਲਾਈ ਨਾ ਮਿਲਣ ਕਾਰਨ ਜਿੱਥੇ ਖੇਤੀ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ, ਉਥੇ ਅੱਤ ਦੀ ਗਰਮੀ ‘ਚ ਬਿਨਾਂ ਬਿਜਲੀ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣਾ ਔਖਾ ਹੋਇਆ ਪਿਆ ਹੈ।” ਉਨ੍ਹਾਂ ਦੋਸ ਲਾਇਆ ਕਿ ਬੇਹੱਦ ਮਹਿੰਗੀ ਅਤੇ ਨਿਕੰਮੀ ਬਿਜਲੀ ਦਾ ਸਭ ਤੋਂ ਵੱਡਾ ਕਾਰਨ ਬਾਦਲ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਗਏ ਗਲਤ ਸਮਝੌਤੇ ਅਤੇ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਸਮਝੌਤੇ ਰੱਦ ਨਾ ਕੀਤੇ ਜਾਣਾ ਹੈ। ਮੀਤ ਹੇਅਰ ਨੇ ਦੋਸ ਲਾਇਆ ਕਿ ਬਾਦਲਾਂ ਵਾਂਗ ਕੈਪਟਨ ਸਰਕਾਰ ਵੀ ਬਿਜਲੀ ਕੰਪਨੀਆਂ ਕੋਲੋਂ ਦਲਾਲੀ ਖਾਣ ਲੱਗੀ ਹੋਈ ਹੈ।

ਮੀਤ ਹੇਅਰ ਨੇ ਬਾਦਲਾਂ ਵੱਲੋਂ ਕੀਤੇ ਗਲਤ ਬਿਜਲੀ ਸਮਝੌਤਿਆਂ ਬਾਰੇ ਖੁਲਾਸਾ ਕਰਦਿਆਂ ਦੱਸਿਆ ਕਿ ਸਮਝੌਤਿਆਂ ਦੀਆਂ ਮੱਦਾਂ ਵਿੱਚ ਲਿਖਿਆ ਹੈ ਕਿ ਜੇਕਰ ਕੋਈ ਵੀ ਪ੍ਰਾਈਵੇਟ ਥਰਮਲ ਪਲਾਂਟ ਸਾਲ ਦੇ 365 ਦਿਨਾਂ ਵਿਚੋਂ 91 ਦਿਨ ਬੰਦ ਰੱਖੇ ਜਾਂਦੇ ਹਨ ਤਾਂ ਸਰਕਾਰ ਥਰਮਲ ਪ੍ਰਬੰਧਕਾਂ ਖਲਿਾਫ ਕੋਈ ਕਾਰਵਾਈ ਨਹੀਂ ਕਰ ਸਕਦੀ। ਇਸੇ ਕਾਰਨ ਹੀ ਹੁਣ ਜਦੋਂ ਬਿਜਲੀ ਦੀ ਸਭ ਤੋਂ ਵੱਧ ਮੰਗ ਹੈ ਤਾਂ ਪ੍ਰਾਈਵੇਟ ਥਰਮਲ ਪਲਾਂਟ ਆਪਣੀ ਮਰਜ਼ੀ ਨਾਲ ਹੀ ਬਿਜਲੀ ਮੁਹੱਈਆ ਕਰਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਸਾਲ ਵਿਚੋਂ 73 ਦਿਨ ਲਗਾਤਾਰ ਵੀ ਥਰਮਲ ਪਲਾਂਟ ਬੰਦ ਰੱਖਦੇ ਹਨ ਤਾਂ ਸਰਕਾਰ ਵੱਲੋਂ ਥਰਮਲ ਪ੍ਰਬੰਧਕਾਂ ਨੂੰ ਨਿਰਧਾਰਤ ਕੀਤਾ ਫਿਕਸ ਚਾਰਜ ਦੇਣਾ ਪਵੇਗਾ। ਹੁਣ ਤਕ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਫਿਕਸ ਚਾਰਜ ਵਜੋਂ 20, 000 ਕਰੋੜ ਰੁਪਏ ਦੇ ਦਿੱਤੇ ਹਨ, ਜਿਨਾਂ ਵਿਚੋਂ 5900 ਕਰੋੜ ਰੁਪਏ ਬਿਜਲੀ ਦੀ ਵਰਤੋਂ ਨਾ ਕਰਨ ਦੇ ਬਾਵਜੂਦ ਦਿੱਤੇ ਗਏ ਹਨ।

ਆਪ ਆਗੂ ਨੇ ਦੱਸਿਆ ਕਿ ਹੁਣ ਜਦੋਂ ਝੋਨੇ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਬਿਜਲੀ ਦੀ ਸਭ ਤੋਂ ਜਅਿਾਦਾ ਲੋੜ ਹੈ ਤਾਂ ਤਲਵੰਡੀ ਸਾਬੋ ਪ੍ਰਾਈਵੇਟ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਬੰਦ ਪਏ ਹਨ, ਇਸ ਪਲਾਂਟ ਦਾ 660 ਮੈਗਾਵਾਟ ਦਾ ਪਹਿਲਾ ਯੂਨਿਟ 8 ਮਾਰਚ ਨੂੰ ਬੰਦ ਕਰ ਦਿੱਤਾ ਸੀ ਜਦੋਂ ਕਿ ਦੂਸਰਾ ਯੂਨਿਟ 25 ਜੂਨ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਬਿਜਲੀ ਪ੍ਰਾਪਤੀ ਲਈ 97 ਫੀਸਦੀ ਨਿਰਭਰਤਾ ਪ੍ਰਾਈਵੇਟ ਥਰਮਲ ਪਲਾਂਟਾਂ ਉਤੇ ਹੈ, ਕੇਵਲ 3 ਫੀਸਦੀ ਹੀ ਬਿਜਲੀ ਸਰਕਾਰੀ ਪਲਾਂਟਾਂ ਤੋਂ ਪ੍ਰਾਪਤ ਕੀਤੀ ਜਾ ਰਹੀ ਹੈ। ਪਰ ਇਸ3 ਫੀਸਦੀ ਬਿਜਲੀ ਲਈ ਵੀ ਸਰਕਾਰੀ ਥਰਮਲ ਪਲਾਂਟ ਪ੍ਰਾਈਵੇਟ ਥਰਮਲ ਪਲਾਂਟਾਂ ਨਾਲੋਂ ਕਿਤੇ ਵੱਧ ਕਾਰਗਰ ਸਿੱਧ ਹੋ ਰਹੇ ਹਨ।

LEAVE A REPLY

Please enter your comment!
Please enter your name here