ਅਮਰਪ੍ਰੀਤ ਸਿੰਘ ਦਿਓਲ ਵਲੋਂ ਨਵਜੋਤ ਸਿੱਧੂ ਖ਼ਿਲਾਫ਼ ਗ਼ਲਤ ਜਾਣਕਾਰੀ ਫੈਲਾਉਣ ਦੇ ਲਗਾਏ ਦੋਸ਼ਾਂ ਤੋਂ ਬਾਅਦ ਸਿੱਧੂ ਨੇ ਵੀ ਜਵਾਬੀ ਹਮਲਾ ਬੋਲਿਆ ਹੈ। ਇਸ ਹਮਲੇ ਵਿਚ ਨਵਜੋਤ ਸਿੱਧੂ ਨੇ ਨਾ ਸਿਰਫ ਏ.ਜੀ. ਦਿਓਲ ਨੂੰ ਨਿਸ਼ਾਨੇ ’ਤੇ ਲਿਆ ਹੈ ਸਗੋਂ ਪੰਜਾਬ ਸਰਕਾਰ ’ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਨੇ ਏ. ਜੀ. ਨੂੰ ਦਿਓਲ ਨੂੰ ਸਵਾਲ ਪੁੱਛਿਆ ਹੈ ਕਿ ‘ਕੀ ਮੈਂ ਇਹ ਜਾਣ ਸਕਦਾ ਹਾਂ ਕਿ ਜਦੋਂ ਤੁਸੀਂ ਮੁੱਖ ਮੁਲਜ਼ਮਾਂ ਦੀ ਪੈਰਵੀ ਕਰ ਰਹੇ ਸੀ ਅਤੇ ਉਨ੍ਹਾਂ ਨੂੰ ਬਲੈਂਕੇਟ ਬੇਲ ਦਵਾ ਰਹੇ ਸੀ, ਉਦੋਂ ਕਿਸ ਦੇ ਹਿੱਤਾਂ ਲਈ ਕੰਮ ਕਰ ਰਹੇ ਸੀ ਅਤੇ ਹੁਣ ਕਿਸ ਦੇ ਹਿੱਤਾਂ ਲਈ ਕੰਮ ਕਰ ਰਹੇ ਹੋ? ਕੀ ਤੁਸੀਂ ਉਨ੍ਹਾਂ ਲਈ ਕੰਮ ਕਰ ਰਹੇ ਹੋ ਜਿਨ੍ਹਾਂ ਨੇ ਆਪਣੇ ਸਿਆਸੀ ਹਿੱਤਾਂ ਲਈ ਤੁਹਾਨੂੰ ਇਸ ਸੰਵਿਧਾਨਕ ਦਫ਼ਤਰ ਵਿਚ ਨਿਯੁਕਤ ਕੀਤਾ ਹੈ।’

ਇਸ ਦੇ ਨਾਲ ਹੀ ਸਿੱਧੂ ਨੇ ਅੱਗੇ ਕਿਹਾ ਕਿ ‘ਮਿਸਟਰ ਏ. ਜੀ. ਪੰਜਾਬ, ਇਨਸਾਫ਼ ਅੰਨ੍ਹਾ ਹੈ ਪਰ ਪੰਜਾਬ ਦੇ ਲੋਕ ਨਹੀਂ। ਸਾਡੀ ਕਾਂਗਰਸ ਪਾਰਟੀ ਬੇਅਦਬੀ ਮਾਮਲੇ ਵਿਚ ਨਿਆਂ ਦੇਣ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ ਜਿਸ ਵਿਚ ਤੁਸੀਂ ਮੁੱਖ ਸਾਜ਼ਿਸ਼ਕਰਤਾਵਾਂ, ਮੁਲਜ਼ਮਾਂ ਲਈ ਹਾਈਕੋਰਟ ਵਿਚ ਪੇਸ਼ ਹੋਏ ਅਤੇ ਸਾਡੀ ਸਰਕਾਰ ’ਤੇ ਗੰਭੀਰ ਇਲਜ਼ਾਮ ਲਗਾਏ। ਅੱਜ ਤੁਸੀਂ ਸੱਤਾ ਵਿਚ ਉਸੇ ਸਿਆਸੀ ਪਾਰਟੀ ਦੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਹੋ ਤੇ ਮੇਰੇ ’ਤੇ ਗ਼ਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਗਾ ਰਹੇ ਹੋ। ਜਦੋਂ ਕਿ ਮੈਂ ਬੇਅਦਬੀ ਦੇ ਕੇਸਾਂ ਵਿਚ ਇਨਸਾਫ਼ ਲਈ ਲੜ ਰਿਹਾ ਹਾਂ ਪਰ ਤੁਸੀਂ ਮੁਲਜ਼ਮਾਂ ਨੂੰ ਜ਼ਮਾਨਤਾਂ ਦਵਾ ਰਹੇ ਹੋ।’

ਇਸ ਤੋਂ ਪਹਿਲਾਂ ਪੰਜਾਬ ਦੇ ਏ. ਜੀ. (ਐਡਵੋਕੇਟ ਜਨਰਲ) ਅਮਰਪ੍ਰੀਤ ਸਿੰਘ ਦਿਓਲ ਨੇ ਨਵਜੋਤ ਸਿੱਧੂ ’ਤੇ ਪਹਿਲਾ ਵੱਡਾ ਹਮਲਾ ਬੋਲਦਿਆਂ ਆਖਿਆ ਸੀ ਕਿ ਨਵਜੋਤ ਸਿੰਘ ਸਿੱਧੂ ਆਪਣੇ ਸਿਆਸੀ ਫਾਇਦੇ ਲਈ ਗ਼ਲਤ ਜਾਣਕਾਰੀ ਫੈਲਾਅ ਰਹੇ ਹਨ। ਦਿਓਲ ਨੇ ਆਖਿਆ ਸੀ ਕਿ ਸਰਕਾਰ ਅਤੇ ਮੇਰੇ ਦਰਮਿਆਨ ਕੀਤੇ ਜਾਣ ਵਾਲੇ ਕੰਮਾਂ ਵਿਚ ਨਵਜੋਤ ਸਿੱਧੂ ਰੋੜਾ ਬਣ ਰਹੇ ਹਨ।

ਨਵਜੋਤ ਸਿੱਧੂ ਵਲੋਂ ਲਗਾਏ ਜਾ ਰਹੇ ਦੋਸ਼ਾਂ ਤੋਂ ਬਾਅਦ ਏ. ਜੀ. ਏ. ਪੀ. ਐੱਸ. ਦਿਓਲ ਦਾ ਇਹ ਪਹਿਲਾ ਅਤੇ ਵੱਡਾ ਬਿਆਨ ਸੀ। ਦਰਅਸਲ ਜਦੋਂ ਤੋਂ ਏ. ਪੀ.ਐੱਸ. ਦਿਓਲ ਨੂੰ ਏ. ਜੀ. ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਹੈ, ਉਸੇ ਦਿਨ ਤੋਂ ਸਿੱਧੂ ਖੁੱਲ੍ਹ ਕੇ ਉੁਨ੍ਹਾਂ ਦਾ ਵਿਰੋਧ ਕਰਦੇ ਰਹੇ ਹਨ। ਸਿੱਧੂ ਦਾ ਕਹਿਣਾ ਹੈ ਦਿਓਲ ਉਹੀ ਵਕੀਲ ਹਨ, ਜਿਨ੍ਹਾਂ ਨੇ ਸੁਮੇਧ ਸਿੰਘ ਸੈਣੀ ਨੂੰ ਬੇਲ ਦਿਵਾਈ ਸੀ। ਫਿਰ ਦਿਓਲ ਨੂੰ ਏ. ਜੀ. ਦੇ ਅਹੁਦੇ ’ਤੇ ਤਾਇਨਾਤ ਕਿਵੇਂ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here