ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਮੰਥਲੀ ਪ੍ਰੀਖਿਆਵਾਂ ਦੇ ਪਹਿਲੇ ਦਿਨ ਲਏ ਨੈਸ਼ਨਲ ਅਚੀਵਮੈਂਟ ਸਰਵੇ ਅਧਾਰਿਤ ਪੰਜਵੀਂ ਜਮਾਤ ਦੇ ਪ੍ਰਸ਼ਨ-ਪੱਤਰ ਵਿਚ ਕਾਂਗਰਸ ਸਰਕਾਰ ਦੀਆਂ ਸਰਕਾਰੀ ਸਕੀਮਾਂ ਦਾ ਹੂ-ਬੁ-ਹੂ ਇਸ਼ਤਿਹਾਰ ਛਾਪਣ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਸਖ਼ਤ ਨਿਖੇਧੀ ਕੀਤੀ ਹੈ। ਡੀ. ਟੀ. ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਇਸ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੱਤਾਧਾਰੀ ਪਾਰਟੀ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।

ਆਗੂਆਂ ਨੇ ਸਕੂਲ ਸਿੱਖਿਆ ਸਕੱਤਰ ਵੱਲੋਂ ਪਾਠਕ੍ਰਮ ਨੂੰ ਨਜ਼ਰਅੰਦਾਜ਼ ਕਰਕੇ ਮਨਮਰਜ਼ੀ ਕਰਨ ਅਤੇ ਸੱਤਾਧਾਰੀ ਪਾਰਟੀ ਦੇ ਸਿਆਸੀ ਹਿੱਤ ਪੂਰਨ ਦੀ ਨਿਖੇਧੀ ਕੀਤੀ ਹੈ। ਪ੍ਰੈੱਸ ਸਕੱਤਰ ਪਵਨ ਕੁਮਾਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਿਭਾਗ ਦੇ ਫੇਸਬੁੱਕ ਪੇਜ ਨੂੰ ਜ਼ਬਰੀ ਲਾਈਕ, ਕੁਮੈਂਟ ਅਤੇ ਸ਼ੇਅਰ ਕਰਨ ਅਤੇ ਹੋਰਾਂ ਤੋਂ ਕਰਵਾਉਣ ਦੇ ਹੁਕਮ ਚਾੜ੍ਹੇ ਗਏ ਗਏ ਸਨ।

ਦੂਜੇ ਪਾਸੇ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਨੈਸ਼ਨਲ ਅਚੀਵਮੈਂਟ ਸਰਵੇ, ਜਿਸ ਤੋਂ ਕਿ ਸੂਬਿਆਂ ਦੀ ਸਿੱਖਿਆ ਦੇ ਪੱਧਰ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ, ਨੂੰ ਅਸਲ ਸਕੂਲੀ ਸਿੱਖਿਆ ਤੇ ਪਾਠਕ੍ਰਮ ਦੇ ਤੱਤ ਰੂਪ ਨੂੰ ਖੂਹ ਖਾਤੇ ਪਾ ਕੇ, ਗੈਰ ਸੰਵਿਧਾਨਕ ਢਾਂਚੇ ਰਾਹੀਂ ਕੇਵਲ ਝੂਠੇ ਅੰਕੜਿਆਂ ਦਾ ਜਾਲ ਬੁਣਿਆ ਜਾ ਰਿਹਾ ਹੈ।

ਜਦੋਂ ਕਿ ਬੱਚਿਆਂ ਦੀ ਡੇਢ ਸਾਲ ਦੀ ਪੜ੍ਹਾਈ ਪਹਿਲਾਂ ਹੀ ਲੰਬਾ ਸਮਾਂ ਸਕੂਲ ਬੰਦ ਰਹਿਣ ਕਾਰਨ ਬਹੁਤ ਪੱਛੜ ਚੁੱਕੀ ਹੈ। ਡੀ. ਟੀ. ਐੱਫ਼. ਦੇ ਆਗੂਆਂ ਨੇ ਕਿਹਾ ਕਿ ਇਸ ਸਰਵੇ ਦੀ ਤਿਆਰੀ ਲਈ ਸਿੱਖਿਆ ਸਕੱਤਰ ਦੇ ਹੁਕਮ ਨਾਲ ਅਧਿਕਾਰੀਆਂ ਨੇ ਸਕੂਲ ਸਮੇ ਤੋਂ ਬਾਅਦ, ਛੁੱਟੀ ਵਾਲੇ ਦਿਨ ਅਤੇ ਰਾਤਾਂ ਤੱਕ ਜ਼ੂਮ ਮੀਟਿੰਗਾਂ, ਆਨਲਾਈਨ ਪੇਪਰ ਅਤੇ ਫਿਜ਼ੀਕਲ ਮੀਟਿੰਗਾਂ ਰਾਹੀਂ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਬੁਰੀ ਤਰ੍ਹਾਂ ਕਚੂਮਰ ਕੱਢਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੀਖਿਆਵਾਂ ਨੂੰ ਬਹੁ ਵਿਕਲਪੀ ਉੱਤਰਾਂ ਤੱਕ ਸੀਮਤ ਕਰਕੇ ਵਿਦਿਆਰਥੀਆਂ ਵਿਚ ਰਚਨਾਤਮਕਤਾ ਨੂੰ ਖ਼ਤਮ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here