ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਪਹੁੰਚ ਰਹੇ ਹਨ। ਉਹ ਚੰਡੀਗੜ੍ਹ ਵਿੱਚ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਸਵੇਰੇ 11:20 ਵਜੇ ਦੇ ਕਰੀਬ ਉਹ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਇਮਾਰਤਦਾ ਉਦਘਾਟਨ ਕਰਨਗੇ। 12 ਵਜੇ ਦੇ ਕਰੀਬ ਉਹ ਸੈਕਟਰ-17 ਵਿੱਚ ਨਵੇਂ ਬਣੇ ਅਰਬਨ ਪਾਰਕ ਦਾ ਉਦਘਾਟਨ ਕਰਨਗੇ।

ਇਸ ਦੇ ਨਾਲ ਹੀ ਉਹ ਸੈਕਟਰ-17 ਵਿੱਚ 274 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਦਾ ਉਦਘਾਟਨ ਕਰਨਗੇ। ਜਾਣਕਾਰੀ ਅਨੁਸਾਰ ਅਮਿਤ ਸ਼ਾਹ ਸ਼ਹਿਰ ਦੀਆਂ ਕਈ ਥਾਵਾਂ ‘ਤੇ ਇਨ੍ਹਾਂ ਪ੍ਰਾਜੈਕਟ ਦਾ ਵੈਚੂਅਲੀ ਉਦਘਾਟਨ ਵੀ ਕਰ ਸਕਦੇ ਹਨ।

ਇਨ੍ਹਾਂ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ

ਆਈ.ਸੀ.ਸੀ.ਸੀ ਤੋਂ ਇਲਾਵਾ ਅਮਿਤ ਸ਼ਾਹ ਵੱਲੋਂ 336 ਪੁਲਿਸ ਘਰਾਂ ਲਈ 70 ਕਰੋੜ ਰੁਪਏ ਦਾ ਪ੍ਰਾਜੈਕਟ, ਪਿੰਡਾਂ ਨੂੰ ਨਹਿਰੀ ਪਾਣੀ ਦੇਣ ਲਈ 17 ਕਰੋੜ ਰੁਪਏ ਦਾ ਪ੍ਰਾਜੈਕਟ, ਸੈਕਟਰ-50 ਵਿੱਚ ਕਾਮਰਸ ਕਾਲਜ ਦੇ 15 ਕਰੋੜ ਦੇ ਹੋਸਟਲ ਦੇ ਬਲਾਕ ਦਾ ਉਦਘਾਟਨ, 20 ਕਰੋੜ ਦੀ ਲਾਗਤ ਨਾਲ ਦੋ ਸਰਕਾਰੀ ਕਾਲਜ, ਸੈਕਟਰ 40 ਵਿੱਚ 246 ਪੁਲਿਸ ਘਰਾਂ ਦਾ ਨੀਂਹ ਪੱਥਰ ਸ਼ਾਮਲ ਹਨ।

ਜਾਣਕਾਰੀ ਅਨੁਸਾਰ ਉਨ੍ਹਾਂ ਦੇ ਪ੍ਰੋਗਰਾਮ ਵਿੱਚ ਧਨਾਸ ਸਥਿਤ ਚੰਡੀਗੜ੍ਹ ਪੁਲਿਸ ਕੰਪਲੈਕਸ ਦਾ ਦੌਰਾ ਵੀ ਸ਼ਾਮਲ ਹੈ। ਉਹ ਸੈਕਟਰ 17 ਦੇ ਖੇਡ ਸਟੇਡੀਅਮ ਤੋਂ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਨਗੇ। ਸੁਰੱਖਿਆ ਦੇ ਲਿਹਾਜ਼ ਨਾਲ ਉਨ੍ਹਾਂ ਦੇ ਪ੍ਰੋਗਰਾਮਾਂ ਨੂੰ ਸੀਮਤ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਚੰਡੀਗੜ੍ਹ ਪੁਲਿਸ ਸਮੇਤ ਫਾਇਰ ਬ੍ਰਿਗੇਡ ਨੇ ਵੀ ਰਿਹਰਸਲ ਕੀਤੀ ਸੀ।

ਕੇਂਦਰ ਦੇ ਕਈ ਹੋਰ ਵੱਡੇ ਮੰਤਰੀ ਤੇ ਭਾਜਪਾ ਆਗੂ ਵੀ ਉਨ੍ਹਾਂ ਦੇ ਨਾਲ ਆ ਸਕਦੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਿਤ ਸ਼ਾਹ ਦਾ ਦੌਰਾ ਪਹਿਲਾਂ 25 ਮਾਰਚ ਨੂੰ ਹੋਣਾ ਸੀ ਪਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਕਾਰਨ ਤਰੀਕ ਟਾਲ ਦਿੱਤੀ ਗਈ ਸੀ।

LEAVE A REPLY

Please enter your comment!
Please enter your name here