ਅਫ਼ਗਾਨਿਸਤਾਨ : ਅਫ਼ਗਾਨਿਸਤਾਨ ‘ਚ ਹਾਲਾਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਤਾਲਿਬਾਨ ਨੇ ਕਾਬੁਲ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ, ਜਿਸ ਦੇ ਨਾਲ ਪੂਰੇ ਸ਼ਹਿਰ ਵਿੱਚ ਅਰਾਜਕਤਾ ਫੈਲ ਗਈ ਹੈ। ਲੋਕ ਜਾਨ ਬਚਾਉਣ ਲਈ ਇਧਰ -ਉਧਰ ਭੱਜਦੇ ਹੋਏ ਵੇਖੇ ਗਏ ਹਨ। ਉਥੇ ਹੀ ਇਸ ਵਿੱਚ ਅਫ਼ਗਾਨਿਸਤਾਨ ਵਿੱਚ ਫਸੇ ਕਰੀਬ 1650 ਭਾਰਤੀਆਂ ਨੇ ਕਾਬੁਲ ਸਥਿਤ ਭਾਰਤੀ ਦੂਤਾਵਾਸ ਵਿੱਚ ਮਦਦ ਦੀ ਗੁਹਾਰ ਲਗਾਈ ਹੈ। ਵਿਦੇਸ਼ ਮੰਤਰਾਲੇ ਨੇ ਅਫ਼ਗਾਨਿਸਤਾਨ ਵਿੱਚ ਫਸੇ ਭਾਰਤੀਆਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਕਰੀਬ 1650 ਭਾਰਤੀਆਂ ਨੇ ਵਤਨ ਵਾਪਸੀ ਲਈ ਅਪਲਾਈ ਕੀਤਾ ਹੈ।

ਦੱਸ ਦਈਏ ਕਿ, ਭਾਰਤ ਨੇ ਪਿਛਲੇ ਦਿਨ ਕਰੀਬ 150 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਇਹਨਾਂ ਵਿੱਚ ਜ਼ਿਆਦਾਤਰ ਭਾਰਤੀ ਦੂਤਾਵਾਸ ਵਿੱਚ ਕੰਮ ਕਰਨ ਵਾਲੇ ਲੋਕ ਹੀ ਹਨ। ਹੁਣ ਹੋਰ ਹਿੱਸਿਆਂ ਵਿੱਚ ਫਸੇ ਭਾਰਤੀ ਕਰਮਚਾਰੀ ਅਤੇ ਹੋਰ ਲੋਕਾਂ ਨੂੰ ਕੱਢਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੇ ਅਫ਼ਗਾਨਿਸਤਾਨ ਵਿੱਚ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਭਾਰਤ ਆਉਣ ਦੀ ਇੱਛਾ ਰੱਖਣ ਵਾਲੇ ਅਫ਼ਗਾਨ ਨਾਗਰਿਕਾਂ ਦੀਆਂ ਅਰਜ਼ੀਆਂ ‘ਤੇ ਜਲਦੀ ਫੈਸਲਿਆਂ ਲਈ ਵੀਜ਼ੇ ਦੀ ਨਵੀਂ ਸ਼੍ਰੇਣੀ ਦੀ ਘੋਸ਼ਣਾ ਕੀਤੀ। ਗ੍ਰਹਿ ਮੰਤਰਾਲੇ ਦੇ ਇੱਕ ਬੁਲਾਰੇ ਨੇ ਕਿਹਾ, “ਅਫ਼ਗਾਨਿਸਤਾਨ ਵਿੱਚ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਵੀਜ਼ਾ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਹੈ। ਭਾਰਤ ਵਿੱਚ ਦਾਖਲੇ ਲਈ ਵੀਜ਼ਾ ਅਰਜ਼ੀਆਂ ਤੇ ਤੇਜ਼ੀ ਨਾਲ ਫੈਸਲਾ ਲੈਣ ਲਈ ‘ਈ-ਐਮਰਜੈਂਸੀ ਅਤੇ ਹੋਰ ਵੀਜ਼ਾ’ ਦੀ ਇੱਕ ਨਵੀਂ ਸ਼੍ਰੇਣੀ ਬਣਾਈ ਗਈ ਹੈ।”

ਜ਼ਿਕਰਯੋਗ ਹੈ ਕਿ, ਹਜ਼ਾਰਾਂ ਅਫ਼ਗਾਨ ਨਾਗਰਿਕ ਸੋਮਵਾਰ ਨੂੰ ਕਾਬੁਲ ਦੇ ਮੁੱਖ ਹਵਾਈ ਅੱਡੇ ‘ਤੇ ਪਹੁੰਚੇ। ਉਨ੍ਹਾਂ ਵਿਚੋਂ ਕੁੱਝ ਤਾਲਿਬਾਨ ਤੋਂ ਬਚਕੇ ਭੱਜਣ ਲਈ ਇਨ੍ਹੇ ਬੇਚੈਨ ਸਨ ਕਿ ਉਹ ਫੌਜ ਦੇ ਇੱਕ ਜਹਾਜ਼ ‘ਤੇ ਚੜ੍ਹ ਗਏ ਅਤੇ ਜਦੋਂ ਉਸ ਨੇ ਉਡਾਣ ਭਰੀ ਤਾਂ ਹੇਠਾਂ ਡਿੱਗਣ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਹਫੜਾ -ਦਫੜੀ ਦੀ ਸਥਿਤੀ ਵਿੱਚ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here