ਹਾਕੀ ਖਿਡਾਰੀਆਂ ਲਈ ਖੁਸ਼ਖਬਰੀ ਹੈ। ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਐਸਟ੍ਰੋਟਰਫ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦਾ ਉਦਘਾਟਨ ਸ਼ਨੀਵਾਰ ਸ਼ਾਮ ਨੂੰ ਰਾਜ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਕੀਤਾ। ਹਾਕੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਖੇਡਾਂ ਅਤੇ ਯੂਥ ਮਾਮਲਿਆਂ ਦੇ ਮੰਤਰੀ ਨੇ ਅੱਜ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਐਸਟ੍ਰੋਟਰਫ ਲਗਾਉਣ ਲਈ ਇਕ ਵੱਡੇ ਪ੍ਰਾਜੈਕਟ ਦਾ ਉਦਘਾਟਨ ਕੀਤਾ, ਜਿਸ ਨੂੰ 4.50 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਵੇਗਾ ।

ਵਿਧਾਇਕ ਜਲੰਧਰ ਵੈਸਟ ਸੁਸ਼ੀਲ ਰਿੰਕੂ ਅਤੇ ਮੇਅਰ ਜਗਦੀਸ਼ ਰਾਜ ਰਾਜਾ ਦੇ ਨਾਲ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਇਹ ਸਟੇਡੀਅਮ ਐਸਟ੍ਰੋਟਰਫ ਪ੍ਰਾਜੈਕਟ ਦੇ ਮੁਕੰਮਲ ਹੋਣ ਦੇ ਨਾਲ-ਨਾਲ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਇਕ ਹੋਰ ਹਾਕੀ ਸਟੇਡੀਅਮ, ਜਿਸ ਵਿਚ ਐਸਟ੍ਰੋਟਰਫ, ਫਲੱਡ ਲਾਈਟਾਂ ਅਤੇ ਹੋਰ ਬੁਨਿਆਦੀ ਢਾਂਚੇ ਨਾਲ ਲੈਸ ਬਰਲਨਰ ਪਾਰਕ ਵਿਖੇ ਜਲਦ ਬਣ ਕੇ ਤਿਆਰ ਹੋਵੇਗਾ। ਇਸ ਮਹੱਤਵਪੂਰਨ ਪ੍ਰਾਜੈਕਟ ਦੀ ਸ਼ੁਰੂਆਤ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਹਾਕੀ ਖਿਡਾਰੀਆਂ ਲਈ ਇੱਥੇ ਐਸਟ੍ਰੋਟਰਫ ਦੇ ਸੱਤ ਮਹੀਨਿਆਂ ਦੇ ਅੰਦਰ ਬਣਨ ਤੋਂ ਬਾਅਦ ਅਤਿਆਧੁਨਿਕ ਖੇਡ ਸਹੂਲਤਾਂ ਮਿਲਣਗੀਆਂ। ਮੰਤਰੀ ਨੇ ਕਿਹਾ ਕਿ ਮੈਦਾਨ ਦਾ ਨਿਰਮਾਣ ਯੂ. ਐੱਸ. ਏ. ਦੀ ਕੰਪਨੀ ਫੀਲਡ ਟੁਰਫ ਵਲੋਂ ਕੀਤਾ ਗਿਆ ਸੀ, ਜਿਸ ਨੇ ਹੈਦਰਾਬਾਦ ਦੀ ਗ੍ਰੇਟ ਸਪੋਰਟਸ ਟੈਕ ਸਥਾਪਤ ਕੀਤੀ ਹੋਵੇਗੀ ।

ਖੇਡ ਮੰਤਰੀ ਨੇ ਕਿਹਾ ਕਿ ਖੇਡਾਂ ਨੂੰ ਉਤਸ਼ਾਹਤ ਕਰਨ ਅਤੇ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਲਈ ਹਰ ਸੰਭਵ ਕੋਸ਼ਿਸ਼ ਰਾਜ ਦੇ ਖੇਡ ਵਿਭਾਗ ਵਲੋਂ ਕੀਤੀ ਜਾ ਰਹੀ ਹੈ। ਇਸ ਲਈ ਰਾਜ ਸਰਕਾਰ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨਾਮਵਰ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਤੋਂ ਇਲਾਵਾ ਪੁਰਸਕਾਰ ਦੀ ਰਕਮ ਵਿਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਵਿਚ ਉੱਚ ਪੱਧਰੀ ਖੇਡ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਸ ਮੌਕੇ ਹਾਜ਼ਰ ਪ੍ਰਮੁੱਖ ਲੋਕਾਂ ਵਿਚ ਐੱਸ. ਡੀ. ਐੱਮ. ਜੈ ਇੰਦਰ ਸਿੰਘ, ਸਕੱਤਰ ਸੁਰਜੀਤ ਹਾਕੀ ਸੁਸਾਇਟੀ ਇਕਬਾਲ ਸਿੰਘ ਸੰਧੂ, ਸੁਰਿੰਦਰ ਭਾਪਾ, ਤੈਰਾਕੀ ਕੋਚ ਉਮੇਸ਼ ਸ਼ਰਮਾ, ਏ.ਡੀ.ਸੀ.ਪੀ. ਜਗਜੀਤ ਸਰੋਆ ਆਦਿ ਸ਼ਾਮਲ ਸਨ।