ਮੁੰਬਈ – ਬੰਬਈ ਹਾਈਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਕਿਹਾ ਕਿ ਮਹਾਂਮਾਰੀ ਦੌਰਾਨ ਲਾਗੂ ਕੋਵਿਡ-19 ਪ੍ਰੋਟੋਕੋਲਜ਼ ਦੀ ਉਲੰਘਣਾ ਕਰਨ ਵਾਲੀਆਂ ਸਿਆਸੀ ਰੈਲੀਆਂ ਨੂੰ ਰੋਕਣਾ ਚਾਹੀਦਾ ਹੈ।

ਮੁੱਖ ਜੱਜ ਦੀਪਾਂਕਰ ਦੱਤਾ ਅਤੇ ਜਸਟਿਸ ਜੀ. ਐੱਸ. ਕੁਲਕਰਨੀ ’ਤੇ ਆਧਾਰਿਤ ਬੈਂਚ ਨੇ ਪੁੱਛਿਆ ਕਿ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਵੱਡੀਆਂ ਰੈਲੀਆਂ ’ਤੇ ਰੋਕ ਦੇ ਬਾਵਜੂਦ ਇਸ ਮਹੀਨੇ ਦੇ ਸ਼ੁਰੂ ਵਿਚ ਨਵੀ ਮੁੰਬਈ ਵਿਖੇ ਇਕ ਹਵਾਈ ਅੱਡੇ ਦੇ ਨਾਂ ਨੂੰ ਲੈ ਕੇ ਆਯੋਜਿਤ ਰੈਲੀ ਸਮੇਤ ਹੋਰਨਾਂ ਰੈਲੀਆਂ ਦੀ ਆਗਿਆ ਕਿਵੇਂ ਦਿੱਤੀ ਗਈ?

ਇਸ ਸੰਬੰਧ ‘ਚ ਬੈਂਚ ਨੇ ਕਿਹਾ ਕਿ ਜੇਕਰ ਸੂਬਾ ਭਵਿੱਖ ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿਚ ਅਸਮਰੱਥ ਰਿਹਾ ਤਾਂ ਅਦਾਲਤ ਨੂੰ ਦਖਲ ਦੇਣਾ ਪਏਗਾ ਅਤੇ ਅਜਿਹੀ ਕਿਸੇ ਵੀ ਸਿਆਸੀ ਰੈਲੀ ’ਤੇ ਰੋਕ ਲਾਉਣੀ ਪਵੇਗੀ। ਹਾਈਕੋਰਟ ਨੇ ਸੂਬੇ ਦੇ ਐਡਵੋਕੇਟ ਜਨਰਲ ਆਸ਼ੂਤੋਸ਼ ਨੂੰ ਕਿਹਾ ਕਿ ਮਹਾਰਾਸ਼ਟਰ ਸਰਕਾਰ ਕੋਵਿਡ-19 ਪ੍ਰੋਟੋਕੋਲਜ਼ ਦੀ ਉਲੰਘਣਾ ਕਰਨ ਵਾਲੀ ਕਿਸੇ ਵੀ ਸਿਆਸੀ ਰੈਲੀ ਨੂੰ ਰੋਕਣ ਲਈ ਸਰਗਰਮ ਹੋ ਜਾਏ। ਜੇ ਉਹ ਇੰਝ ਨਹੀਂ ਕਰੇਗੀ ਤਾਂ ਸਾਨੂੰ ਕਰਨਾ ਪਏਗਾ। ਇਸ ਭਿਆਨਕ ਮਹਾਂਮਾਰੀ ਦੌਰਾਨ ਸਿਆਸੀ ਰੈਲੀਆਂ ਨਹੀਂ ਹੋ ਸਕਦੀਆਂ।