ਮੁੰਬਈ : ਅਦਾਕਾਰਾ ਸੰਭਾਵਨਾ ਸੇਠ ਦੇ ਕੋਰੋਨਾ ਪੀੜਤ ਪਿਤਾ ਦੀ 8 ਮਈ ਨੂੰ ਦਿੱਲੀ ਦੇ ਹਸਪਤਾਲ ‘ਚ ਮੌਤ ਹੋ ਗਈ ਸੀ ਪਰ ਪਿਤਾ ਦੀ ਮੌਤ ਦੇ 13 ਦਿਨਾਂ ਬਾਅਦ ਹਸਪਤਾਲ ਵਿੱਚ ਸੰਭਾਵਨਾ ਸੇਠ ਵਲੋਂ ਕੀਤੇ ਗਏ ਹੰਗਾਮੇ ਦੀ ਵੀਡੀਓ ਸਾਹਮਣੇ ਆਈ ਹੈ, ਜੋ ਹੁਣ ਵਾਇਰਲ ਹੋ ਰਹੀ ਹੈ। ਇਸ ‘ਚ ਉਹ ਪਿਤਾ ਦੇ ਇਲਾਜ਼ ਵਿੱਚ ਲਾਪਰਵਾਹੀ ਵਰਤਣ ਤੇ ਸਟਾਫ ਵੱਲੋਂ ਬਤਮੀਜ਼ੀ ਕਰਨ ਦੇ ਇਲਜ਼ਾਮ ਲਗਾ ਰਹੀ ਹੈ।

ਇਸ ਵੀਡੀਓ ਨੂੰ ਸੰਭਾਵਨਾ ਸੇਠ ਨੇ ਖੁਦ ਸ਼ੇਅਰ ਕੀਤਾ ਹੈ। ਜਿਸ ਵਿੱਚ ਉਹ ਆਪਣੇ ਪਿਤਾ ਦੀ ਹਾਲਤ ਦਿਖਾ ਰਹੀ ਹੈ ਤੇ ਚੀਕ-ਚੀਕ ਕੇ ਕਹਿ ਰਹੀ ਹੈ ਕਿ ਕੋਈ ਉਸ ਦੇ ਪਿਤਾ ਨੂੰ ਦੇਖੇ, ਉਨ੍ਹਾਂ ਦੀ ਆਕਸੀਜ਼ਨ ਦਾ ਲੈਵਲ ਘੱਟ ਹੈ ਪਰ ਕੋਈ ਵੀ ਸੰਭਾਵਨਾ ਸੇਠ ਦੇ ਨੇੜੇ ਆਉਂਦਾ ਨਜ਼ਰ ਨਹੀਂ ਆਇਆ।

ਇਸ 8 ਮਿੰਟ ਦੇ ਵੀਡੀਓ ਦੇ ਬਾਰੇ ਵਿਚ, ਸੰਭਾਵਨਾ ਸੇਠ ਨੇ ਕਿਹਾ ਕਿ ਉਸ ਦੇ ਕੋਰੋਨਾ ਨਾਲ ਪੋਜੀਟਿਵ ਪਿਤਾ ਦੀ ਇਸ ਹੰਗਾਮੇ ਦੇ 2 ਘੰਟਿਆਂ ਬਾਅਦ ਹੀ ਮੌਤ ਹੋ ਗਈ ਸੀ। ਸੰਭਾਵਨਾ ਨੇ ਕਿਹਾ ਕਿ ਉਸ ਦੇ ਪਿਤਾ ਦੀ ਮੌਤ ਕੋਰੋਨਾ ਤੋਂ ਨਹੀਂ ਹੋਈ, ਬਲਕਿ ਉਸ ਦੇ ਪਿਤਾ ਦੀ ਡਾਕਟਰੀ ਵਲੋਂ ਠੀਕ ਢੰਗ ਨਾਲ ਇਲਾਜ਼ ਨਾ ਹੋਣ ਕਾਰਨ ਹੋਈ ਹੈ। ਜਿਸ ਦੀ ਕੀਮਤ ਹਸਪਤਾਲ ਨੂੰ ਦੇਣੀ ਪਵੇਗੀ। ਸੰਭਾਵਨਾ ਦੇ ਵਕੀਲ ਹਸਪਤਾਲ ਖਿਲਾਫ ਕਾਨੂੰਨੀ ਕਾਰਵਾਈ ਕਰਨ ਤੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਣ ਦੀ ਤਿਆਰੀ ਕਰ ਰਹੇ ਹਨ।