ਅੰਮ੍ਰਿਤਸਰ : ਸੱਤਾਧਾਰੀ ਪਾਰਟੀ ਕਾਂਗਰਸ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਸ਼ਹਿ ‘ਤੇ ਬਿਆਸ ਦਰਿਆ ‘ਤੇ ਪੁੱਲ ਦੇ ਕੋਲ ਕਥਿਤ ਤੌਰ ‘ਤੇ ਗ਼ੈਰਕਾਨੂੰਨੀ ਮਾਈਨਿੰਗ ਹੋਣ ਦਾ ਇਲਜ਼ਾਮ ਲਗਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਰਸਾ ਸਿੰਘ ਵਲਟੋਹਾ ਅਤੇ ਅਮਰਪਾਲ ਸਿੰਘ ਬੋਨੀ ਦੇ ਖਿਲਾਫ ਧਾਰਾ – 269, 270, 188 ਅਤੇ 341 ਦੇ ਤਹਿਤ ਥਾਣਾ ਬਿਆਸ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਬੁੱਧਵਾਰ ਨੂੰ ਸੁਖਬੀਰ ਸਿੰਘ ਬਾਦਲ ਨੇ ਕੁਝ ਮੰਤਰੀਆਂ ਅਤੇ ਕਾਰਜ ਕਰਤਾਵਾਂ ਦੇ ਨਾਲ ਬਿਆਸ ਦਰਿਆ ‘ਤੇ ਪੁੱਲ ਦੇ ਕੋਲ ਕਥਿਤ ਤੌਰ ‘ਤੇ ਗ਼ੈਰਕਾਨੂੰਨੀ ਮਾਇਨਿੰਗ ਹੋਣ ਦਾ ਦਾਅਵਾ ਕੀਤਾ ਸੀ।
ਉਨ੍ਹਾਂ ਦੇ ਇਸ ਦਾਅਵੇ ਨੂੰ ਰੇਤ ਮਾਈਨਿੰਗ ਦੇ ਠੇਕੇਦਾਰਾਂ ਨੇ ਝੂਠਾ ਅਤੇ ਬਦਨਾਮ ਕਰਨ ਵਾਲਾ ਦੱਸਿਆ। ਇਨ੍ਹਾਂ ਠੇਕੇਦਾਰਾਂ ਨੇ ਡੀਜੀਪੀ ਪੰਜਾਬ ਦੇ ਨਾਮ ਪੱਤਰ ਲਿਖ ਕੇ ਇਸ ਸੰਬੰਧ ‘ਚ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਪੱਤਰ ‘ਚ ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ, ਕਪੂਰਥਲਾ ਅਤੇ ਤਰਨਤਾਰਨ ਜ਼ਿਲ੍ਹਿਆਂ ‘ਚ ਰੇਤ ਦੀ ਮਾਇਨਿੰਗ ਨਿਯਮਾਂ ਦੇ ਅਨੁਸਾਰ ਹੀ ਕੀਤੀ ਜਾ ਰਹੀ ਹੈ। ਇਸ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਥਾਣਾ ਬਿਆਸ ‘ਚ ਮਾਮਲਾ ਦਰਜ ਕੀਤਾ ਗਿਆ ਹੈ।