ਸਿੱਕਮ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ ਹੈ। ਫੌਜ ਦੇ ਕੁੱਝ ਸੈਨਿਕ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਫੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਿੱਕਿਮ ਵਿੱਚ ਨਾਥੂ ਲਾ-ਗੰਗਟੋਕ ਰੋਡ ‘ਤੇ ਫੌਜ ਦੀ ਇੱਕ ਗੱਡੀ ਖੱਡ ਵਿੱਚ ਡਿੱਗਣ ਨਾਲ ਚਾਰ ਸੈਨਿਕ ਸ਼ਹੀਦ ਹੋ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ ਹਨ।

ਇਸ ਸੰਬੰਧੀ ਸੈਨਾ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਭਾਰਤ-ਚੀਨ ਸਰਹੱਦ ਦੇ ਨੇੜੇ ਗੰਗਟੋਕ ਵਿੱਚ ਸੋਮਗੋ ਝੀਲ ਅਤੇ ਨੱਥੂਲਾ ਨੂੰ ਜੋੜਨ ਵਾਲੀ ਨਵੀਂ ਜਵਾਹਰ ਲਾਲ ਨਹਿਰੂ ਰੋਡ ‘ਤੇ ਵਾਪਰਿਆ ਹੈ। ਇੱਕ ਸੈਨਾ ਅਧਿਕਾਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੁਮਾਉਂ ਰੈਜੀਮੈਂਟ ਦੇ ਛੇ ਜਵਾਨ ਗੰਗਟੋਕ ਜਾ ਰਹੇ ਸਨ ਤਾਂ ਡਰਾਈਵਰ ਨੇ ਟਰੱਕ ਦਾ ਕੰਟਰੋਲ ਗੁਆ ਦਿੱਤਾ ਅਤੇ ਇਹ 600 ਫੁੱਟ ਦੀ ਖੱਡ ਵਿੱਚ ਡਿੱਗ ਗਿਆ, ਜਿਸ ਨਾਲ ਡਰਾਈਵਰ ਅਤੇ 3 ਹੋਰ ਸੈਨਿਕ ਮੌਕੇ ‘ਤੇ ਹੀ ਸ਼ਹੀਦ ਹੋ ਗਏ।

ਫੌਜ, ਬੀ.ਆਰ.ਓ., ਪੁਲਿਸ ਅਧਿਕਾਰੀਆਂ ਅਤੇ ਸਥਾਨਕ ਲੋਕਾਂ ਵੱਲੋਂ ਖਰਾਬ ਮੌਸਮ ਦੇ ਦੌਰਾਨ ਦੁਰਘਟਨਾ ਵਾਲੇ ਖੇਤਰ ‘ਚ ਬਚਾਅ ਕਾਰਜ ਚਲਾਇਆ ਗਿਆ ਅਤੇ ਬਾਕੀ ਸੈਨਿਕਾਂ ਨੂੰ ਗੰਗਟੋਕ ਦੇ ਇੱਕ ਮਿਲਟਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਤਬਦੀਲ ਕਰ ਦਿੱਤਾ ਗਿਆ।

Author