ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਸਰਕਾਰੀ ਕੋਟੇ ‘ਚ ਖ਼ਰੀਦੀ ਗਈ ਵੈਕਸੀਨ ਦਵਾਈ ਕਾਂਗਰਸ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਦੇ ਰੋਸ ਵਜੋਂ ਅੱਜ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਮੋਹਾਲੀ ਸਥਿਤ ਰਿਹਾਇਸ਼ ਦਾ ਘਿਰਾਓ ਅਤੇ ਰੋਸ ਪ੍ਰਦਰਸ਼ਨ ਕਰਦਿਆਂ ਮੰਤਰੀ ਦਾ ਪੁਤਲਾ ਸਾੜਿਆ।ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਵਿਧਾਨ ਵਿੱਚ ਵਿਰੋਧੀ ਧਿਰ ਦੀ ਉਪ ਆਗੂ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ, ਅਮਰਜੀਤ ਸਿੰਘ ਸੰਦੋਆ, ਯੂਥ ਵਿੰਗ ਦੇ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਅਤੇ ਸੀਨੀਅਰ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤੀ ਅਤੇ ਉਨ੍ਹਾਂ ਮੰਗ ਕੀਤੀ ਕਿ ਬਲਬੀਰ ਸਿੰਘ ਸਿੱਧੂ ਨੂੰ ਪੰਜਾਬ ਮੰਤਰੀ ਮੰਡਲ ਤੋਂ ਬਰਖ਼ਾਸਤ ਕਰਕੇ ਉਸ ਦੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ।

ਇਸੇ ਦੌਰਾਨ ਪੰਜਾਬ ਪੁਲੀਸ ਰੋਸ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਗਿ੍ਫ਼ਤਾਰ ਕਰਕੇ ਥਾਣੇ ਲੈ ਗਈ। ਆਪ ਵੱਲੋਂ ਬਲਬੀਰ ਸਿੰਘ ਸਿੱਧੂ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਆਪ ਆਗੂਆਂ ਨੇ ਕਿਹਾ ਕਿ ਸਿਹਤ ਮੰਤਰੀ ਕੋਰੋਨਾ ਮਹਾਮਾਰੀ ਤੋਂ ਪੰਜਾਬ ਦੇ ਲੋਕਾਂ ਦੀ ਸਰੱਖਿਆ ਅਤੇ ਇਲਾਜ ਕਰਨ ਵਿੱਚ ਨਿਕੰਮਾ ਸਿੱਧ ਹੋਇਆ ਹੈ ਅਤੇ ਹੁਣ ਸਿਹਤ ਮੰਤਰੀ ਨੇ ਆਮ ਲੋਕਾਂ ਦੇ ਇਲਾਜ ਲਈ ਜ਼ਰੂਰੀ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ ਪੰਜਾਬ ਵਾਸੀਆਂ ਨਾਲ ਧੋਖ਼ਾ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਤੇ ਬਲਬੀਰ ਸਿੰਘ ਸਿੱਧੂ ਨੇ ਕੋਰੋਨਾ ਮਹਾਮਾਰੀ ਨੂੰ ਵੀ ਪੰਜਾਬ ਦੇ ਲੋਕਾਂ ਦੀ ਆਰਥਿਕ ਲੁੱਟ ਕਰਨ ਲਈ ਵਰਤਿਆ ਹੈ। ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਨਾਂਅ ‘ਤੇ 400 ਰੁਪਏ ‘ਚ ਖ਼ਰੀਦੀ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ 1060 ਰੁਪਿਆਂ ਵਿੱਚ ਵੇਚ ਕੇ ਕਰੋੜਾਂ ਰੁਪਏ ਆਪਣੀਆਂ ਜੇਬਾਂ ਵਿੱਚ ਪਾ ਲਏ ਅਤੇ ਆਮ ਲੋਕਾਂ ਨੂੰ ਵੈਕਸੀਨ ਦੇ ਟੀਕੇ ਲਾਉਣ ਵਾਲੇ ਟੀਕਾਕੇਂਦਰ ਇਹ ਕਹਿ ਕੇ ਬੰਦ ਕਰ ਦਿੱਤੇ ਕਿ ਵੈਕਸੀਨ ਦਵਾਈ ਖ਼ਤਮ ਹੋ ਗਈ ਹੈ।

ਆਪ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚੋਂ ਮਾਫੀਆ ਰਾਜ ਖ਼ਤਮ ਕਰਨ ਅਤੇ ਬਾਦਲਾਂ ਵੱਲੋਂ ਕੀਤੇ ਘੁਟਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ, ਪਰ ਕਾਂਗਰਸ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਨੇ ਮਾਫੀਆ ਰਾਜ ਸਥਾਪਤ ਕਰਨ ਦੇ ਨਾਲ ਨਾਲ ਵੈਕਸੀਨ ਘੁਟਾਲਾ ਅਤੇ ਵਜ਼ੀਫਾ ਘੁਟਾਲੇ ਸਮੇਤ ਦਰਜ਼ਨਾਂ ਘੁਟਾਲੇ ਕਰਕੇ ਸਿੱਧ ਕਰ ਦਿੱਤਾ ਕਿ ਕਾਂਗਰਸ ਅਤੇ ਅਕਾਲੀ ਦਲ ਬਾਦਲ ਇੱਕੋ ਸਿੱਕੇ ਦੇ ਦੋ ਪਾਸੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੀ ਘੁਟਾਲਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ। ਅੱਜ ਵੀ ਪੰਜਾਬਵਾਸੀਆਂ ਨੂੰ ਰੇਤ ਮਾਫੀਆ, ਨਕਲੀ ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਫ਼ਸਲਾਂ ਦੀ ਨਕਲੀ ਦਵਾਈ ਮਾਫੀਆ ਵੱਲੋਂ ਲੁੱਟਿਆ ਜਾ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੀਆਂ ਕਰਤੂਤਾਂ ਤੋਂ ਜਾਣੂੰ ਹੋ ਗਏ ਹਨ। ਪੰਜਾਬ ਵਿਧਾਨ ਦੀਆਂ 2022 ‘ਚ ਹੋਣ ਵਾਲੀਆਂ ਚੋਣਾਂ ਵਿੱਚ ਸੂਬੇ ਦੇ ਲੋਕ ਕਾਂਗਰਸ ਪਾਰਟੀ ਕੋਲੋਂ ਵੈਕਸੀਨ ਘੁਟਾਲੇ ਦਾ ਵੀ ਹਿਸਾਬ ਲੈਣਗੇ ਅਤੇ ਸੂਬੇ ਦੀ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣਗੇ। ਇਸ ਸਮੇਂ ਆਪ ਆਗੂ ਨੀਨਾ ਮਿੱਤਲ, ਦੇਵ ਮਾਨ, ਗੋਵਿੰਦਰ ਮਿੱਤਲ, ਤਜਿੰਦਰ ਮਹਿਤਾ, ਰਾਜ ਲਾਲੀ ਗਿੱਲ, ਪ੍ਰਭਜੋਤ ਕੌਰ, ਐਡਵੋਕੇਟ ਦਿਨੇਸ਼ ਚੱਢਾ, ਰਾਮ ਕੁਮਾਰ ਮੁਰਾਰੀ, ਬਲਤੇਜ ਪੰਨੂ, ਚੇਤਨ ਸਿੰਘ ਜੌਡ਼ੇਮਾਜਰਾ, ਅਨੂ ਗੋਗਨਾ, ਹਰਜੋਤ ਸਿੰਘ ਬੈਂਸ, ਅਜੇ ਸਿੰਘ ਲਿਬੜਾ, ਐਡਵੋਕੇਟ ਨਰਿੰਦਰ ਸਿੰਘ ਟਿਵਾਣਾ, ਜਗਮੀਤ ਸਿੰਘ ਬਾਵਾ ਸਹੋਤਾ, ਗੁਰਿੰਦਰ ਸਿੰਘ ਹਰੀਪੁਰ ਸਮੇਤ ਸੈਂਕੜੇ ਵਰਕਰ ਮੌਜੂਦ ਸਨ।

LEAVE A REPLY

Please enter your comment!
Please enter your name here