ਲੁਧਿਆਣਾ : ਅਕਸਰ ਵਾਹਨਾਂ ਦੇ ਆਪਸ ‘ਚ ਟਕਰਾਉਣ ਨਾਲ ਦੁਰਘਟਨਾਵਾਂ ਵਾਪਰਨ ਦੇ ਮਾਮਲੇ ਸਾਹਮਣੇ ਆੳੇੁਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਹਾਦਸਾ ਗਿੱਲ ਨਹਿਰ ਕੋਲ ਵਾਪਰਿਆ ਹੈ। ਐਤਵਾਰ ਦੇਰ ਰਾਤ ਗਿੱਲ ਨਹਿਰ ਪੁਲੀ ਦੇ ਕੋਲ ਆਪਸ ਵਿਚ ਰੇਸ ਲਗਾ ਰਹੀਆਂ ਦੋ ਫਾਰਚੂਨਰ ਕਾਰਾਂ ਦੀ ਰੇਸ ਵਿਚ ਬੁਲੇਟ ਸਵਾਰ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਪੁੱਜੀ ਥਾਣਾ ਡੇਹਲੋਂ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਅਨੁਸਾਰ ਮ੍ਰਿਤਕ ਦੀ ਪਛਾਣ ਪਰਮਿੰਦਰ ਸਿੰਘ ਵਾਸੀ ਦੁੱਗਰੀ ਦੇ ਰੂਪ ਵਿਚ ਹੋਈ ਹੈ।

ਮ੍ਰਿਤਕ ਐਤਵਾਰ ਨੂੰ ਬੁਲੇਟ ਮੋਟਰਸਾਈਕਲ ’ਤੇ ਆਪਣੇ ਘਰ ਜਾ ਰਿਹਾ ਸੀ ਅਤੇ ਜਦ ਗਿੱਲ ਨਹਿਰ ਦੀ ਈਸ਼ਰ ਨਗਰ ਪੁਲੀ ਕੋਲ ਪਹੁੰਚਾ ਤਾਂ ਪਿੱਛੇ ਤੋਂ ਆਪਸ ਵਿਚ ਰੇਸ ਲਗਾ ਰਹੀਆਂ 2 ਤੇਜ਼ ਰਫ਼ਤਾਰ ਕਾਰਾਂ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਇਕ ਕਾਰ 20 ਮੀਟਰ ਤੱਕ ਘੜੀਸ ਕੇ ਮ੍ਰਿਤਕ ਨੂੰ ਆਪਣੇ ਨਾਲ ਲੈ ਗਈ, ਜਦੋਂ ਕਿ ਦੂਜੀ ਫਾਰਚੂਨਰ ਗਿੱਲ ਰੋਡ ਫਲਾਈਓਵਰ ਦੇ ਉੱਪਰ ਖੰਭੇ ਨਾਲ ਜਾ ਟਕਰਾਈ। ਇਸ ਤੋਂ ਬਾਅਦ ਦੋਵੇਂ ਕਾਰਾਂ ਦੇ ਚਾਲਕ ਕਾਰਾਂ ਛੱਡ ਫ਼ਰਾਰ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਦੇ ਅਨੁਸਾਰ ਦੋਵੇਂ ਕਾਰਾਂ ਦੇ ਚਾਲਕਾਂ ਨੇ ਸ਼ਰਾਬ ਪੀ ਰੱਖੀ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।