ਰੇਲਵੇ ਵਿਭਾਗ ਨੇ ਇੱਕ ਵੱਡਾ ਐਕਸ਼ਨ ਲਿਆ ਹੈ। ਜਾਣਕਾਰੀ ਅਨੁਸਾਰ ਰੇਲ ਡਿਵੀਜ਼ਨ ਫਿਰੋਜ਼ਪੁਰ ਨੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੇ 11 ਤੇ ਹਿਮਾਚਲ ਪ੍ਰਦੇਸ਼ ਦੇ 2 ਸਟੇਸ਼ਨ ਬੰਦ ਕਰ ਦਿੱਤੇ ਹਨ। ਹੁਣ ਇਨ੍ਹਾਂ ਸਟੇਸ਼ਨਾਂ ‘ਤੇ ਰੇਲ ਗੱਡੀਆਂ ਨਹੀਂ ਰੁਕਣਗੀਆਂ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼ ਤੇ ਪੰਜਾਬ ਵਿੱਚ ਇੱਕ-ਇੱਕ ਧਾਰਮਿਕ ਸਟੇਸ਼ਨ ਵੀ ਸ਼ਾਮਲ ਹੈ। ਇਨ੍ਹਾਂ ਵਿੱਚ ਇੱਕ 63 ਸਾਲ ਪੁਰਾਣੇ ਰੇਲਵੇ ਸਟੇਸ਼ਨ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਰੇਲਵੇ ਵਿਭਾਗ ਦੇ ਇਸ ਫੈਸਲੇ ਤੋਂ ਉਕਤ ਸਟੇਸ਼ਨਾਂ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਕਾਫੀ ਨਾਰਾਜ਼ ਹਨ। ਵਿਭਾਗ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਹ ਸਟੇਸ਼ਨ ਤਰਨ ਤਾਰਨ, ਅੰਮ੍ਰਿਤਸਰ, ਫ਼ਿਰੋਜ਼ਪੁਰ, ਲੁਧਿਆਣਾ ਤੇ ਪਠਾਨਕੋਟ ਰੇਲ ਸੈਕਸ਼ਨਾਂ ‘ਤੇ ਬਣੇ ਹਨ।

ਰੇਲਵੇ ਵਿਭਾਗ ਅਨੁਸਾਰ ਪੰਜਾਬ ਵਿੱਚ ਪੈਂਦੇ ਰੇਲਵੇ ਸਟੇਸ਼ਨ ਵਹੀਂਪੋਈ, ਦੁਖਣ ਵਾਰਨ, ਭਲੋਜਲਾ, ਘੰਡਰਾਂ, ਜੰਡੋਕ, ਚੌਂਤਰਾ ਭਟੇਡ (ਹਿਮਾਚਲ ਪ੍ਰਦੇਸ਼), ਕੋਟਲਾ ਗੁਜਰਾਂ, ਸੰਗਰਾਣਾ ਸਾਹਿਬ (ਗੁਰਦੁਆਰਾ), ਭਨੋਹਡ ਪੰਜਾਬ, ਵਾਰਪਾਲ (ਜੀਆਰਵੀ), ਮਾਲਮੋਹਰੀ, ਬੈਜਨਾਥ ਮੰਦਰ (ਹਿਮਾਚਲ ਪ੍ਰਦੇਸ਼) ਤੇ ਮੰਧਾਲੀ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।

ਇਸਦੇ ਨਾਲ ਹੀ ਜਿਨ੍ਹਾਂ ਲੋਕਾਂ ਨੇ ਟਿਕਟ ਵੇਚਣ ਦਾ ਠੇਕਾ ਲਿਆ ਸੀ, ਉਨ੍ਹਾਂ ਨੂੰ ਸਟੇਸ਼ਨ ਬੰਦ ਕਰਨ ਲਈ ਪੱਤਰ ਜਾਰੀ ਕੀਤਾ ਗਿਆ ਹੈ। ਕਈ ਸਟੇਸ਼ਨ ਬਹੁਤ ਪੁਰਾਣੇ ਹਨ, ਉਨ੍ਹਾਂ ਨੂੰ ਵੀ ਰੇਲਵੇ ਨੇ ਬੰਦ ਕਰ ਦਿੱਤਾ ਹੈ। ਇਨ੍ਹਾਂ ਸਟੇਸ਼ਨਾਂ ਦੇ ਨਾਲ-ਨਾਲ ਕਈ ਪਿੰਡ ਪੈਂਦੇ ਹਨ, ਇਸ ਲਈ ਇੱਥੋਂ ਦੇ ਪਿੰਡ ਵਾਸੀ ਸਟੇਸ਼ਨ ਦੇ ਬੰਦ ਹੋਣ ਤੋਂ ਨਾਰਾਜ਼ ਹਨ ਕਿਉਂਕਿ ਹੁਣ ਉਕਤ ਸਟੇਸ਼ਨਾਂ ‘ਤੇ ਗੱਡੀਆਂ ਨਹੀਂ ਰੁਕਣਗੀਆਂ।

ਫ਼ਿਰੋਜ਼ਪੁਰ ਤੇ ਲੁਧਿਆਣਾ ਦੇ ਵਿਚਕਾਰ ਭਨੋਹੜ ਸਟੇਸ਼ਨ ਸਥਿਤ ਹੈ, ਜੋ ਲੋਕਾਂ ਦੀ ਸਹੂਲਤ ਲਈ 8 ਦਸੰਬਰ 1958 ਨੂੰ ਬਣਾਇਆ ਗਿਆ ਸੀ। ਇੱਥੋਂ ਦੇ ਜ਼ਿਆਦਾਤਰ ਨੌਜਵਾਨ ਫੌਜ ਵਿੱਚ ਨੌਕਰੀ ਕਰਦੇ ਹਨ। ਇੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਸਟੇਸ਼ਨ ਨੂੰ ਬਣੇ 63 ਸਾਲ ਹੋ ਗਏ ਹਨ। ਰੇਲਵੇ ਡਿਵੀਜ਼ਨ ਫਿਰੋਜ਼ਪੁਰ ਨੇ ਸਾਲ 2002 ਵਿੱਚ ਉਕਤ ਸਟੇਸ਼ਨ ਨੂੰ ਢਾਹੁਣਾ ਸ਼ੁਰੂ ਕੀਤਾ ਸੀ।

ਪਿੰਡ ਵਾਸੀਆਂ ਅਨੁਸਾਰ ਇੱਥੋਂ ਰੋਜ਼ਾਨਾ ਸੌ ਦੇ ਕਰੀਬ ਲੋਕ ਰੇਲ ਗੱਡੀਆਂ ਵਿੱਚ ਸਫ਼ਰ ਕਰਦੇ ਹਨ। ਕੋਵਿਡ-19 ਦੌਰਾਨ ਦੋ ਸਾਲਾਂ ਤੋਂ ਟ੍ਰੇਨਾਂ ਬੰਦ ਸਨ ਅਤੇ ਹੁਣ ਵੀ ਸਾਰੀਆਂ ਟ੍ਰੇਨਾਂ ਨਹੀਂ ਚੱਲ ਰਹੀਆਂ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਰੇਲਵੇ ਬਹੁਤ ਵੱਡਾ ਅਦਾਰਾ ਹੈ, ਇਸ ਨੂੰ ਅਜਿਹੇ ਸਟੇਸ਼ਨਾਂ ਤੋਂ ਕਮਾਈ ਨਹੀਂ ਕਰਨੀ ਚਾਹੀਦੀ ਸਗੋਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਲੋਕਾਂ ਦੀ ਮੰਗ ਹੈ ਕਿ ਸਾਰੇ ਬੰਦ ਪਏ ਸਟੇਸ਼ਨਾਂ ਨੂੰ ਦੁਬਾਰਾ ਚਾਲੂ ਕੀਤਾ ਜਾਵੇ ਤੇ ਰੇਲਾਂ ਦਾ ਸਟਾਪੇਜ ਪੱਕਾ ਕੀਤਾ ਜਾਵੇ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਦਿੱਲੀ ਵਿੱਚ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ। ਉਕਤ ਸਟੇਸ਼ਨ ਨੂੰ ਬੰਦ ਕਰਨ ਦੇ ਹੁਕਮ ਅਜੇ ਕੁਮਾਰ, ਡਿਵੀਜ਼ਨਲ ਕਮਰਸ਼ੀਅਲ ਮੈਨੇਜਰ, ਰੇਲ ਡਵੀਜ਼ਨ, ਫਿਰੋਜ਼ਪੁਰ ਵੱਲੋਂ ਜਾਰੀ ਕੀਤੇ ਗਏ ਹਨ। ਸਾਰੇ ਸਟੇਸ਼ਨਾਂ ਨੂੰ ਪੱਤਰ ਭੇਜ ਕੇ ਬੰਦ ਕਰਨ ਲਈ ਕਿਹਾ ਗਿਆ ਹੈ।