ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਸਥਿਤ ਗੁਰੂ ਨਾਨਕ ਦੇਵ ਸੁਪਰਸਪੈਸ਼ਲਿਟੀ ਬਲਾਕ ਵਿੱਚ ਦਿਲ ਦੇ ਰੋਗੀ ਮਰੀਜ਼ ਦੇ ਪੇਸਮੇਕਰ ਪਾਉਣ ਦਾ ਕੰਮ ਸਫ਼ਲਤਾਪੂਰਵਕ ਕੀਤਾ ਗਿਆ। ਰਾਜਿੰਦਰਾ ਹਸਪਤਾਲ ਦੇ ਸੁਪਰਸਪੈਸ਼ਲਿਟੀ ਵਾਰਡ ਵਿੱਚ ਆਪਣੀ ਕਿਸਮ ਦਾ ਇਹ ਪਹਿਲਾ ਸਫ਼ਲ ਪ੍ਰੋਸਿਜਰ ਹੈ। ਜੋ ਕਿ ਪਹਿਲਾਂ ਸਿਰਫ਼ ਵੱਡੇ ਅਤੇ ਨਿੱਜੀ ਹਸਪਤਾਲਾਂ ਵਿੱਚ ਹੀ ਉਪਲਬਧ ਸੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਮੈਡੀਕਲ ਪਟਿਆਲਾ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਕੁਮਾਰ ਸਿੰਗਲਾ ਅਤੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਨੇ ਦੱਸਿਆ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਕੋਵਿਡ ਵਾਰਡ ਵਿੱਚ ਇੱਕ ਕੋਰੋਨਾ ਪੀੜ੍ਹਤ ਮਰੀਜ਼ ਦੀ ਦਿਲ ਦੀ ਗਤੀ ਘੱਟ ਕੇ 30 ਮਿੰਟ ਰਹਿ ਗਈ ਸੀ ਜਿਸ ਦਾ ਕੋਵਿਡ ਆਈ.ਸੀ.ਯੂ. ਵਾਰਡ ਵਿੱਚ ਆਪ੍ਰੇਸ਼ਨ ਕਰਕੇ ਆਰਜੀ ਤੌਰ ‘ਤੇ ਪੇਸਮੇਕਰ ਲਗਾਇਆ ਗਿਆ ਸੀ।
ਇਸ ਨਾਲ ਮਰੀਜ਼ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋਣ ਲੱਗਾ। ਉਹਨਾਂ ਦੱਸਿਆ ਕਿ ਇਸ ਮਰੀਜ਼ ਦੇ ਕੋਵਿਡ ਨੈਗੇਟਿਵ ਹੋਣ ਉਪਰੰਤ ਪੱਕੇ ਤੌਰ ‘ਤੇੇ ਪੇਸਮੇਕਰ ਲੱਗਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹ ਆਪ੍ਰੇਰਸ਼ਨ ਦਿਲ ਦੇ ਮਾਹਰ ਡਾ. ਗੌਤਮ ਸਿੰਗਲ, ਡਾ. ਅਨੁਮੀਤ ਬੱਗਾ, ਐਨਸਥਸਿਿਸਆ ਵਿਭਾਗ ਨਾਲ ਮਿਲ ਕੇ ਕੀਤਾ ਅਤੇ ਆਯੁਸ਼ਮਾਨ ਭਾਰਤ ਸਕੀਮ ਤਹਿਤ ਮਰੀਜ਼ ਦਾ ਸਾਰਾ ਇਲਾਜ ਮੁਫ਼ਤ ਕੀਤਾ ਗਿਆ।
ਇਸ ਕੰਮ ਲਈ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਨੇ ਰਾਜਿੰਦਰਾ ਕਾਲਜ ਦੀ ਇਸ ਪ੍ਰਾਪਤੀ ‘ਤੇ ਸਮੂਹ ਟੀਮ ਨੂੰ ਵਧਾਈ ਦਿੱਤੀ। ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਰਾਜਿੰਦਰਾ ਕਾਲਜ ਦੀ ਸਮੂਹ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦਵਾਉਣ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਸਾਰਥਕ ਯਤਨਾਂ ਦਾ ਨਤੀਜਾ ਹੈ।