ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ
ਚੰਡੀਗੜ੍ਹ : ਪੰਜਾਬ ਵਿੱਚ ਹੋਏ ਫ਼ਤਿਹ ਕਿੱਟ ਖ਼ਰੀਦ ਘੁਟਾਲੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਚ ਅਧਿਕਾਰੀਆਂ ਨੂੰ ਕਲੀਨ ਚਿੱਟ ਦੇਣ ਦੇ ਫ਼ੈਸਲੇ ’ਤੇ ਟਿੱਪਣੀ ਕਰਦਿਆਂ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਅਤੇ ਆਪ ਦੇ ਸੀਨੀਅਰ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਦਾ ਫ਼ੈਸਲੇ ਤੋਂ ਭਾਵ ਹੈ ‘ਆਪੇ ਨੀ ਮੈਂ ਰੱਜੀ ਪੁਜੀ, ਆਪੇ ਨੀ ਮੇਰੇ ਬੱਚੇ ਜੀਣ।’ ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਜੇ ਫ਼ਤਿਹ ਕਿੱਟ ਖ਼ਰੀਦ ਪ੍ਰਕ੍ਰਿਆ ਵਿੱਚ ਘੁਟਾਲਾ ਨਹੀਂ ਹੋਇਆ ਤਾਂ ਸਰਕਾਰ ਨੇ ਰਾਸ਼ਟਰੀ ਸਿਹਤ ਮਿਸ਼ਨ ਦੇ ਡਾਇਰੈਕਟਰ (ਵਿੱਤੀ) ਨੀਰਜ ਸਿੰਗਲਾ ਨੂੰ ਕਿਉਂ ਬਰਖਾਸਤ ਕੀਤਾ ਸੀ? ਚੀਮਾ ਨੇ ਕਿਹਾ ਕਿ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਕਾਂਗਰਸ ਸਰਕਾਰ ਨੇ ਫ਼ਤਿਹ ਕਿੱਟ ਦਾ ਟੈਂਡਰ ਕੱਪੜੇ ਬਣਾਉਣ ਵਾਲੀ ਕੰਪਨੀ ਨੂੰ ਦਿੱਤਾ ਕਿਉਂਕਿ ਟੈਂਡਰ ਪ੍ਰਾਪਤ ਕਰਨ ਵਾਲੀ ਕੰਪਨੀ ਤਾਂ ਮੈਡੀਕਲ ਉਪਕਰਨ ਬਣਾਉਣ ਦਾ ਕੋਈ ਲਾਇਸੈਂਸ ਹੀ ਨਹੀਂ ਹੈ।
ਪਰ ਇਸ ਕੰਪਨੀ ਦੇ ਮਾਲਕਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬਹੁਤ ਜ਼ਿਆਦਾ ਨੇੜਤਾ ਹੈ। ਇਸੇ ਲਈ ਸਰਕਾਰ ਨੇ ਵਾਰ ਵਾਰ ਟੈਂਡਰ ਜਾਰੀ ਕਰਕੇ 837 ਰੁਪਏ ਵਾਲੀ ਫ਼ਤਿਹ ਕਿੱਟ 1338 ਰੁਪਏ ਵਿੱਚ ਮਹਿੰਗੇ ਮੁੱਲ ’ਚ ਖ਼ਰੀਦ ਕੇ ਪੰਜਾਬ ਵਾਸੀਆਂ ਦੀ ਜੇਬਾਂ ’’ਤੇ ਡਾਕਾ ਮਾਰਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀ ਸਫ਼ਾਈ ਕਿ ਪੰਜਾਬ ਸਰਕਾਰ ਦੀ ਕਿਸੇ ਵੀ ਗਲਤ ਕੰਮ ਵਿੱਚ ਸ਼ਮੂਲੀਅਤ ਨਹੀਂ ਹੈ ਬਾਰੇ ਟਿੱਪਣੀ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਸਾਰੇ ਗਲਤ ਕੰਮ ਹੀ ਕੀਤੇ ਹਨ। ਕੋਰੋਨਾ ਵੈਕਸੀਨ ਨਿੱਜੀ ਹਸਪਤਾਲਾਂ ਨੂੰ ਵੇਚਣਾ, ਫਤਿਹ ਕਿੱਟ ਖ਼ਰੀਦ ਘੁਟਾਲਾ, ਦਲਿਤ ਵਰਗ ਦੇ ਵਿਦਿਆਰਥੀਆਂ ਦੇ ਵਜ਼ੀਫ਼ਾ ਰਕਮ ਵਿੱਚ ਭ੍ਰਿਸ਼ਟਾਚਾਰ ਕੈਪਟਨ ਦੇ ਮੰਤਰੀਆਂ ਨੇ ਕੀਤਾ ਹੈ, ਜਦੋਂ ਕਿ ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਚਿੱਟਾ ਮਾਫੀਆ ਅਤੇ ਕੇਬਲ ਮਾਫੀਆ ਕੈਪਟਨ ਸਰਕਾਰ ਵਿੱਚ ਬਾਦਸਤੂਰ ਚੱਲ ਰਹੇ ਹਨ।
ਉਨ੍ਹਾਂ ਕਿਹਾ ਕਿ ਫ਼ਤਿਹ ਕਿੱਟ ਖ਼ਰੀਦ ਘੁਟਾਲੇ ’ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਿਨਾ ਸਿਹਤ ਮੰਤਰੀ ਅਤੇ ਚਹੇਤੇ ਅਧਿਕਾਰੀਆਂ ਨੂੰ ਕਲੀਟ ਚਿੱਟ ਦੇਣਾ ਮੁੱਖ ਮੰਤਰੀ ਦਾ ਫੁਰਮਾਨ ਹੈ ਇਨਸਾਫ਼ ਨਹੀਂ। ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸੀਆਂ ਦੇ ਭ੍ਰਿਸ਼ਟਾਚਾਰ ਅਤੇ ਧੱਕੇਸ਼ਾਹੀ ਦਾ ਹਿਸਾਬ ਲੈਣ ਲਈ ਤਿਆਰ ਬੈਠੇ ਹਨ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ।