ਭਾਰਤੀ ਪਹਿਲਵਾਨ ਸੁਮਿਤ ਮਲਿਕ ਜੋ ਕਿ ਇੱਕ ਵਧੀਆ ਖਿਡਾਰੀ ਹੈ । ਉਹ ਡੋਪ ਟੈਸਟ ‘ਚ ਫੇਲ੍ਹ ਹੋ ਗਿਆ ਹੈ। ਓਲੰਪਿਕ ਟਿਕਟ ਹਾਸਲ ਕਰਨ ਵਾਲੇ ਭਾਰਤੀ ਪਹਿਲਵਾਨ ਸੁਮਿਤ ਮਲਿਕ ਨੂੰ ਬੁਲਗਾਰੀਆ ’ਚ ਕੁਆਲੀਫਾਇਰ ਦੌਰਾਨ ਡੋਪ ਟੈਸਟ ’ਚ ਫੇਲ੍ਹ ਹੋਣ ਤੋਂ ਬਾਅਦ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਲਗਾਤਾਰ ਦੂਸਰਾ ਓਲੰਪਿਕ ਹੈ ਜਦੋਂ ਖੇਡਾਂ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਡੋਪ ਟੈਸਟ ਫੇਲ੍ਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਤੋਂ ਪਹਿਲਾਂ 2016 ਰੀਓ ਓਲੰਪਿਕ ਤੋਂ ਕੁਝ ਹਫ਼ਤੇ ਪਹਿਲਾਂ ਨਰਸਿੰਘ ਪੰਚਮ ਯਾਦਵ ਵੀ ਡੋਪ ਟੈਸਟ ’ਚੋਂ ਫੇਲ੍ਹ ਹੋ ਗਿਆ ਸੀ। ਰਾਸ਼ਟਰਮੰਡਲ ਖੇਡਾਂ (2018) ਦੇ ਸੋਨ ਤਗਮਾ ਜੇਤੂ ਮਲਿਕ ਨੇ 125 ਕਿਲੋ ਵਰਗ ’ਚ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ ਪਰ ਡੋਪ ਟੈਸਟ ’ਚੋਂ ਫੇਲ੍ਹ ਹੋਣ ਤੋਂ ਬਾਅਦ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਓਲੰਪਿਕ ’ਚ ਹਿੱਸਾ ਲੈਣ ਦਾ ਉਸ ਦਾ ਸੁਫ਼ਨਾ ਲਗਪਗ ਟੁੱਟ ਗਿਆ ਜਾਪਦਾ ਹੈ।

ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਕੱਤਰ ਵਿਨੋਦ ਤੋਮਰ ਨੇ ਦੱਸਿਆ, ‘‘ਸਾਨੂੰ ਵੀਰਵਾਰ ਨੂੰ United World Wrestling ਦੀ ਈਮੇਲ ਮਿਲੀ, ਜਿਸ ਵਿੱਚ ਦੱਸਿਆ ਗਿਆ ਹੈ ਕਿ ਸੁਮਿਤ ਡੋਪ ਟੈਸਟ ’ਚੋਂ ਫੇਲ੍ਹ ਹੋ ਗਿਆ ਹੈ ਅਤੇ ਉਸ ਨੂੰ ਆਰਜ਼ੀ ਤੌਰ ’ਤੇ ਮੁਅੱਤਲ ਕੀਤਾ ਜਾਂਦਾ ਹੈ।