ਪੰਜਾਬ ਕਾਂਗਰਸ ਪਾਰਟੀ ‘ਚ ਚੱਲ ਰਿਹਾ ਘਮਾਸਾਨ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਇਹ ਤਕਰਾਰ ਵੱਧਦੀ ਹੀ ਜਾ ਰਹੀ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਚੱਲ ਰਹੇ ਪੰਜਾਬ ਕਾਂਗਰਸ ਦੇ ਘਮਾਸਾਨ ਦਰਮਿਆਨ ਇਕ ਨਵਾਂ ਹੰਗਾਮਾ ਉਸ ਵੇਲੇ ਖੜ੍ਹਾ ਹੋ ਗਿਆ ਜਦੋਂ ਮੁੱਖ ਮੰਤਰੀ ਦੇ ਅਫ਼ਸਰ ਆਨ ਸਪੈਸ਼ਲ ਡਿਊਟੀ ਅੰਕਿਤ ਬਾਂਸਲ ਨੇ ਕਾਂਗਰਸ ਹਾਈਕਮਾਨ ਨੂੰ ਇਕ ਤਰ੍ਹਾਂ ਚੁਣੌਤੀ ਭਰੇ ਸ਼ਬਦਾਂ ਵਿਚ ਨਸੀਹਤ ਦੇ ਦਿੱਤੀ। ਅੰਕਿਤ ਨੇ ਆਪਣੀ ਫੇਸਬੁੱਕ ਵਾਲ ’ਤੇ ਪੋਸਟ ਅਪਲੋਡ ਕਰਕੇ ਲਿਖਿਆ ਹੈ ਕਿ ਇਹ ਉਹੀ ਹਾਈਕਮਾਨ ਹੈ, ਜਿਸ ਨੇ ਕੈਪਟਨ ਦੀ ਸ਼ਖਸੀਅਤ ਨੂੰ ਘੱਟ ਕਰਕੇ 10 ਸਾਲ ਤਕ ਪਾਰਟੀ ਨੂੰ ਪੰਜਾਬ ’ਚ ਸੱਤਾ ਤੋਂ ਬਾਹਰ ਰੱਖਿਆ ਸੀ।

ਇਸ ਬਾਰੇ ਉਨ੍ਹਾਂ ਸਵਾਲੀਆ ਅੰਦਾਜ਼ ਵਿਚ ਲਿਖਿਆ ਕਿ ਪੰਜਾਬ ਵਿਚ ਕਾਂਗਰਸ ਨੂੰ ਕਿਸ ਨੇ ਮੁੜ-ਸੁਰਜੀਤ ਕੀਤਾ? ਉਨ੍ਹਾਂ ਕਾਂਗਰਸ ਹਾਈਕਮਾਨ ਦੇ ਨੇਤਾਵਾਂ ਨੂੰ ਯਾਦ ਕਰਵਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੀ ਪੰਜਾਬ ‘ਚ ਮੁੜ ਤੋਂ ਕਾਂਗਰਸ ਦਾ ਰਾਜ ਸਥਾਪਿਤ ਕੀਤਾ ਹੈ । ਇਸਦੇ ਨਾਲ ਹੀ ਅੰਕਿਤ ਨੇ ਲਿਖਿਆ ਕਿ ਜਿਹੜੇ ਲੋਕ ਸੁਫ਼ਨਿਆਂ ਦੀ ਜ਼ਮੀਨ ’ਤੇ ਖੜ੍ਹੇ ਹਨ, ਉਨ੍ਹਾਂ ਨੂੰ ਅਸੀਂ ਮੁੜ ਧੂੜ ਚਟਾਵਾਂਗੇ। ਅਸੀਂ ਆਪਣੇ ਕਪਤਾਨ ਨਾਲ ਖੜ੍ਹੇ ਹਾਂ।

ਇਸ ਪੋਸਟ ਉਪਰੰਤ ਕਾਂਗਰਸ ਵਿਚ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਪੰਜਾਬ ਸਰਕਾਰ ਵਿਚ ਸੱਤਾ ਦਾ ਸੁੱਖ ਦੇਣ ਲਈ ਮੁੱਖ ਮੰਤਰੀ ਦੇ ਓ. ਐੱਸ. ਡੀ. ਦੇ ਅਹੁਦੇ ਨਾਲ ਨਿਵਾਜਿਆ ਗਿਆ ਹੋਵੇ ਅਤੇ ਜਿਹੜੇ ਲੋਕ ਪਿਛਲੇ ਸਾਢੇ 4 ਸਾਲਾਂ ਤੋਂ ਸਰਕਾਰੀ ਸੁੱਖ-ਸਹੂਲਤਾਂ ਪ੍ਰਾਪਤ ਕਰ ਰਹੇ ਹੋਣ, ਅਜਿਹੇ ਲੋਕ ਸਿਆਸੀ ਤੌਰ ’ਤੇ ਖੁੱਲ੍ਹੇ ਆਮ ਕਾਂਗਰਸ ਹਾਈਕਮਾਨ ਖ਼ਿਲਾਫ਼ ਬਗਾਵਤੀ ਬੋਲ, ਬੋਲ ਕੇ ਪਾਰਟੀ ਨੂੰ ਕਿਸ ਹੈਸੀਅਤ ਨਾਲ ਚੈਲੰਜ ਕਰ ਸਕਦੇ ਹਨ।

ਮੁੱਖ ਮੰਤਰੀ ਦੇ ਓ. ਐੱਸ. ਡੀ. ਵੱਲੋਂ ਹਾਈਕਮਾਨ ਨੂੰ ਇਕ ਤਰ੍ਹਾਂ ਕੀਤੇ ਗਏ ਚੈਲੰਜ ਦਾ ਮਾਮਲਾ ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਤਕ ਪਹੁੰਚ ਗਿਆ ਹੈ, ਜਿਸ ਉਪਰੰਤ ਓ. ਐੱਸ. ਡੀ. ’ਤੇ ਕਾਰਵਾਈ ਦੀ ਤਲਵਾਰ ਲਟਕ ਗਈ ਹੈ। ਆਲ ਇੰਡੀਆ ਯੂਥ ਕਾਂਗਰਸ ਦੇ ਬੁਲਾਰੇ ਗੌਤਮ ਸੇਠ ਨੇ ਵੇਣੂਗੋਪਾਲ ਨੂੰ ਇਸ ਪੋਸਟ ਸੰਬੰਧੀ ਸ਼ਿਕਾਇਤ ਦਿੰਦਿਆਂ ਕਿਹਾ ਕਿ ਕਾਂਗਰਸ ਵਿਚ ਹਾਈਕਮਾਨ ਸੁਪਰੀਮ ਅਤੇ ਸਤਿਕਾਰਯੋਗ ਹੈ।

ਕਾਂਗਰਸੀ ਨੇਤਾਵਾਂ ਵਿਚ ਮਤਭੇਦ ਅਤੇ ਮੁੱਦਿਆਂ ਦੀ ਲੜਾਈ ਹੋ ਸਕਦੀ ਹੈ ਪਰ ਹਾਈਕਮਾਨ ਖ਼ਿਲਾਫ਼ ਲਿਖੀ ਪੋਸਟ ਦੀ ਜਿੰਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਜਾਵੇ, ਘੱਟ ਹੈ। ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਵੇਣੂਗੋਪਾਲ ਦੇ ਨੋਟਿਸ ਵਿਚ ਲਿਆਂਦਾ ਗਿਆ ਹੈ। ਆਸ ਹੈ ਕਿ ਇਸ ਤਰ੍ਹਾਂ ਦੀ ਪੋਸਟ ਦਾ ਪਾਰਟੀ ਸਖ਼ਤ ਨੋਟਿਸ ਲਵੇਗੀ ਅਤੇ ਓ. ਐੱਸ. ਡੀ. ’ਤੇ ਕਾਰਵਾਈ ਕਰੇਗੀ।

Author