ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਇੱਕ ਵਾਰ ਫਿਰ ਤੋਂ ਮੁਸ਼ਕਿਲਾਂ ‘ਚ ਹਨ। ਹੁਣ ਉਨ੍ਹਾਂ ਨੇ ਆਪਣਾ ਪਾਸਪੋਰਟ ਰੀਨਿਊ ਨਾ ਹੋਣ ਨੂੰ ਲੈ ਕੇ ਬੰਬੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਦਰਅਸਲ ਬੀਤੇ ਕੁਝ ਦਿਨਾਂ ‘ਚ ਕੰਗਣਾ ਰਣੌਤ ਕਈ ਵਿਵਾਦਾਂ ‘ਚ ਆਈ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਦੇ ਖਿਲਾਫ਼ ਕਈ ਮਾਮਲੇ ਦਰਜ਼ ਹਨ। ਅਦਾਕਾਰਾ ਦੇ ਖਿਲਾਫ ਬਾਂਦਰਾ ਪੁਲਿਸ ਨੇ ਦੇਸ਼ਧ੍ਰੋਹ ਅਤੇ ਜਾਣ ਬੁਝਕੇ ਨਫ਼ਰਤ ਫੈਲਾਉਣ ਦਾ ਵੀ ਮਾਮਲਾ ਦਰਜ਼ ਕੀਤਾ ਹੋਇਆ ਹੈ। ਅਜਿਹੇ ‘ਚ ਰੀਜ਼ਨਲ ਪਾਸਪੋਰਟ ਦਫ਼ਤਰ ਨੇ ਕੰਗਣਾ ਰਣੌਤ ਦਾ ਪਾਸਪੋਰਟ ਰੀਨਿਊ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ।

ਜਿਸ ਦੇ ਚੱਲਦਿਆਂ ਉਨ੍ਹਾਂ ਨੇ ਬੰਬੇ ਹਾਈਕੋਰਟ ਦਾ ਰੁਖ਼ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਮੰਗਲਵਾਰ ਨੂੰ ਸੁਣਵਾਈ ਵੀ ਹੋਣੀ ਹੈ। ਖ਼ਬਰਾਂ ਅਨੁਸਾਰ ਕੰਗਣਾ ਰਣੌਤ ਨੇ ਕੋਰਟ ‘ਚ ਮੰਗ ਦਰਜ਼ ਕੀਤੀ ਹੈ। ਇਸ ਮੰਗ ‘ਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਇੱਕ ਅਦਾਕਾਰਾ ਹੈ, ਇਸ ਲਈ ਉਨ੍ਹਾਂ ਨੂੰ ਪ੍ਰੋਫੈਸ਼ਨਲ ਮੀਟਿੰਗ ਲਈ ਦੇਸ਼ ਅਤੇ ਵਿਦੇਸ਼ ਦੀ ਯਾਤਰਾ ਕਰਨੀ ਪੈਂਦੀ ਹੈ। ਅਜਿਹੇ ‘ਚ ਉਨ੍ਹਾਂ ਨੂੰ 15 ਜੂਨ ਤੋਂ 10 ਅਗਸਤ ਤੱਕ ਬੁਡਾਪੇਸਟ ਅਤੇ ਹੰਗਰੀ ਜਾਣਾ ਹੈ।

ਕੰਗਣਾ ਰਣੌਤ ਦੀ ਫ਼ਿਲਮ ‘ਧਾਕੜ’ ਦੇ ਸੈਕਿੰਡ ਸ਼ੈਡਿਊਲ ਦੀ ਸ਼ੂਟਿੰਗ ਬਾਕੀ ਹੈ ਪਰ ਉਸ ਖ਼ਿਲਾਫ਼ ਐੱਫ. ਆਈ. ਆਰ. ਦਰਜ਼ ਹੋਣ ਕਾਰਨ ਪਾਸਪੋਰਟ ਵਿਭਾਗ ਨੇ ਉਸ ਦਾ ਪਾਸਪੋਰਟ ਰੀਨਿਊ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਪਟੀਸ਼ਨ ’ਚ ਅੱਗੇ ਕਿਹਾ ਗਿਆ ਹੈ ਕਿ ਕੰਗਨਾ ਰਣੌਤ ਨੇ ਪਹਿਲਾਂ ਹੀ ਪ੍ਰੋਫੈਸ਼ਨਲ ਕਮਿਟਮੈਂਟਸ ਕੀਤੀਆਂ ਹੋਈਆਂ ਹਨ। ਵਿਦੇਸ਼ ’ਚ ਸ਼ੂਟਿੰਗ ਲਈ ਉਸ ਦੇ ਪ੍ਰੋਡਕਸ਼ਨ ਹਾਊਸ ਨੇ ਵੱਡਾ ਨਿਵੇਸ਼ ਕੀਤਾ ਹੈ, ਜਿਥੇ ਉਸ ਨੂੰ ਹਿੱਸਾ ਲੈਣਾ ਜ਼ਰੂਰੀ ਹੈ। ਇਸ ਲਈ ਜ਼ਰੂਰੀ ਹੈ ਕਿ ਉਸ ਦਾ ਪਾਸਪੋਰਟ ਰੀਨਿਊ ਕੀਤਾ ਜਾਵੇ।

LEAVE A REPLY

Please enter your comment!
Please enter your name here