ਲਖਨਊ : ਕੋਰੋਨਾ ਕਾਰਨ ਹੁਣ ਤੱਕ ਦੇਸ਼ ਅੰਦਰ ਅਨੇਕਾਂ ਮੌਤਾਂ ਹੋ ਗਈਆਂ ਹਨ। ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਤੋਂ ਬਚਣ ਲਈ ਰਾਜ ਸਰਕਾਰ ਪ੍ਰਬੰਧਾਂ ਵਿੱਚ ਰੁੱਝੀ ਹੋਈ ਸੀ, ਹੁਣ ਸੀਵਰੇਜ ਦੇ ਪਾਣੀ ਵਿੱਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਣ ਕਾਰਨ ਰਾਜਧਾਨੀ ਲਖਨਊ ਵਿੱਚ ਹਲਚਲ ਪੈਦਾ ਹੋ ਗਈ ਹੈ। ਲਖਨਊ ਪੀਜੀਆਈ ਨੇ ਪਾਣੀ ਦੇ ਨਮੂਨੇ ਦੀ ਜਾਂਚ ਕੀਤੀ। ਜਿਸ ਤੋਂ ਬਾਅਦ ਪਾਣੀ ਵਿਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋ ਗਈ ਹੈ।

ਪੀਜੀਆਈ ਮਾਈਕਰੋਬਾਇਓਲੋਜੀ ਵਿਭਾਗ ਦੇ ਮੁੱਖੀ ਡਾ: ਉਜਵਲਾ ਘੋਸ਼ਾਲ ਨੇ ਦੱਸਿਆ ਕਿ ਦੇਸ਼ ਵਿੱਚ ਸੀਵਰੇਜ ਦੇ ਨਮੂਨੇ ਦੀ ਸ਼ੁਰੂਆਤ ਆਈਸੀਐਮਆਰ-ਡਬਲਯੂਐਚਓ ਦੁਆਰਾ ਕੀਤੀ ਗਈ ਸੀ। ਐਸਜੀਪੀਆਈ ਲੈਬ ਵਿੱਚ ਸੀਵਰੇਜ ਦੇ ਨਮੂਨੇ ਵਾਲੇ ਪਾਣੀ ਵਿੱਚ ਵਾਇਰਸ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸੀਵਰੇਜ ਦੇ ਨਮੂਨੇ ਲਖਨਊ ਵਿਚ ਖਦਰਾ ਦੇ ਰੁਕਪੁਰ, ਘੰਟਾ ਘਰ ਅਤੇ ਮਾਛੀ ਮੁਹੱਲੇ ਦੇ ਨਾਲਿਆਂ ਤੋਂ ਲਏ ਗਏ ਸਨ। ਇਹ ਉਹ ਜਗ੍ਹਾ ਹੈ ਜਿੱਥੇ ਪੂਰੇ ਮੁਹੱਲੇ ਦਾ ਸੀਵਰੇਜ ਇਕ ਜਗ੍ਹਾ ‘ਤੇ ਡਿੱਗਦਾ ਹੈ।

ਇਸ ਨਮੂਨੇ ਦੀ ਜਾਂਚ 19 ਮਈ ਨੂੰ ਕੀਤੀ ਗਈ ਅਤੇ ਰੁਕਪੁਰ ਦੇ ਸੀਵਰੇਜ ਦੇ ਨਮੂਨੇ ਵਿਚ ਕੋਰੋਨਾ ਵਾਇਰਸ ਪਾਇਆ ਗਿਆ। ਸਾਰੀ ਸਥਿਤੀ ਆਈ. ਸੀ .ਐਮ. ਆਰ ਅਤੇ ਡਬਲਯੂਐਚਓ ਨੂੰ ਦੱਸੀ ਗਈ ਹੈ। ਘੋਸ਼ਾਲ ਨੇ ਕਿਹਾ ਕਿ ਫਿਲਹਾਲ ਇਹ ਮੁੱਢਲਾ ਅਧਿਐਨ ਹੈ। ਭਵਿੱਖ ਵਿੱਚ ਇਸਦਾ ਵਿਸਥਾਰ ਨਾਲ ਅਧਿਐਨ ਕੀਤਾ ਜਾਵੇਗਾ।

ਡਾ: ਉਜਵਲਾ ਘੋਸ਼ਾਲ ਨੇ ਦੱਸਿਆ ਕਿ ਸੀਵਰੇਜ ਰਾਹੀਂ ਪਾਣੀ ਦਰਿਆਵਾਂ ਤੱਕ ਪਹੁੰਚਦਾ ਹੈ। ਅਜਿਹੀ ਸਥਿਤੀ ਵਿਚ ਇਸ ਗੱਲ ਦਾ ਅਧਿਐਨ ਕੀਤਾ ਜਾਵੇਗਾ ਕਿ ਇਸ ਨਾਲ ਆਮ ਲੋਕਾਂ ਨੂੰ ਕਿੰਨਾ ਨੁਕਸਾਨ ਹੋਵੇਗਾ।