ਤੇਜ਼ ਆਏ ਤੂਫ਼ਾਨ ਨੇ ਪੰਜਾਬ ‘ਚ 2 ਲੋਕਾਂ ਦੀ ਲਈ ਜਾਨ

0
93

ਪੰਜਾਬ ਅਤੇ ਹਰਿਆਣਾ ਵਿੱਚ ਬੀਤੀ ਰਾਤ ਮੁੜ ਆਏ ਮੀਂਹ ਅਤੇ ਹਨੇਰੀ ਨੇ ਕਾਫ਼ੀ ਨੁਕਸਾਨ ਪਹੁੰਚਾਇਆ ਹੈ।ਜਿਸ ਕਾਰਨ ਦੋਵਾਂ ਸੂਬਿਆਂ ਵਿੱਚ ਸੈਂਕੜੇ ਦਰੱਖ਼ਤ ਉਖੜ ਗਏ ਅਤੇ ਕਈ ਥਾਵਾਂ ‘ਤੇ ਬਿਜਲੀ ਸਪਲਾਈ ਠੱਪ ਰਹੀ। ਪਾਵਰਕੌਮ ਕੋਲ ਬਿਜਲੀ ਸਪਲਾਈ ਬੰਦ ਰਹਿਣ ਦੀਆਂ ਬੀਤੀ ਰਾਤ 72 ਹਜ਼ਾਰ ਦੇ ਕਰੀਬ ਸ਼ਿਕਾਇਤਾਂ ਪਹੁੰਚੀਆਂ ਹਨ।

ਤੇਜ਼ ਹਨੇਰੀ ਨੇ ਕਈ ਘਰਾਂ ਦੀਆਂ ਛੱਤਾਂ ਅਤੇ ਸ਼ੈੱਡ ਉਡਾ ਦਿੱਤੇ ਅਤੇ ਮੀਂਹ ਕਾਰਨ ਦੀਵਾਰਾਂ ਡਿੱਗ ਗਈਆਂ।ਮੀਂਹ ਤੇ ਝੱਖੜ ਕਾਰਨ ਪੰਜਾਬ ਵਿੱਚ ਦੋ ਮੌਤਾਂ ਹੋ ਗਈਆਂ ਹਨ, ਜਦੋਂਕਿ ਤਿੰਨ ਜਣੇ ਜ਼ਖ਼ਮੀ ਹੋ ਗਏ ਹਨ। ਤੇਜ਼ ਹਨੇਰੀ ਨਾਲ ਦਰੱਖਤ ਡਿੱਗਣ ਕਾਰਨ ਸੜਕਾਂ ਕੰਢੇ ਖੜ੍ਹੇ ਵਾਹਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਸਬਜ਼ੀਆਂ ਦੀ ਫ਼ਸਲ ਵੀ ਨੁਕਸਾਨੀ ਗਈ ਹੈ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਬੀਤੀ ਰਾਤ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ।ਹਨੇਰੀ ਕਾਰਨ ਸਮਾਣਾ ਦੇ ਪਿੰਡ ਕੁਲਾਰਾਂ ਵਿੱਚ ਕੰਧ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ, ਜਦੋਂਕਿ ਪਿੰਡ ਜਮਾਲਪੁਰ ਵਿੱਚ ਘਰ ਦੀ ਛੱਤ ਡਿੱਗ ਗਈ। ਜਿਸ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ।

ਇਸਤੋਂ ਇਲਾਵਾ ਘੱਗਾ ਦੇ ਪਿੰਡ ਗੁਰਦਿਆਲਪੁਰਾ ਵਿੱਚ ਇੱਕ ਔਰਤ ਦੀ ਘਰ ਦਾ ਗੇਟ ਡਿੱਗਣ ਕਾਰਨ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਹਨੇਰੀ ਕਰਕੇ ਖੇਤਾਂ ਵਿੱਚ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ। ਦਰੱਖਤ ਉਖੜਨ ਕਾਰਨ ਪੂਰਾ ਦਿਨ ਸੜਕੀ ਆਵਾਜਾਈ ਪ੍ਰਭਾਵਿਤ ਰਹੀ, ਜਿਸ ਨੂੰ ਕਾਫ਼ੀ ਮੁਸ਼ੱਕਤ ਮਗਰੋਂ ਸ਼ੁਰੂ ਕਰਵਾਇਆ ਜਾ ਸਕਿਆ।

LEAVE A REPLY

Please enter your comment!
Please enter your name here