ਬੀਤੀ ਰਾਤ ਇਲਾਕੇ ਵਿੱਚ ਆਏ ਤੇਜ਼ ਤੂਫ਼ਾਨ ਨੇ ਜਿੱਥੇ ਆਮ ਜਨ ਜੀਵਨ ਪ੍ਰਭਾਵਤ ਕੀਤਾ। ਉਥੇ ਹੀ ਹਲਕਾ ਜਲਾਲਾਬਾਦ ਦੇ ਪਿੰਡ ਤੇਲੂਪੁਰਾ ਦੇ ਕਿਸਾਨ ਗੁਰਚਰਨ ਸਿੰਘ ਲਈ ਇਹ ਤੂਫ਼ਾਨ ਤਬਾਹੀ ਦਾ ਮੰਜ਼ਰ ਬਣ ਕੇ ਵਰ੍ਹਿਆ।ਇਸ ਤੂਫ਼ਾਨ ਨੇ ਕਈ ਬੇਜ਼ੁਬਾਨਾਂ ਦੀ ਜਾਨ ਲੈ ਲਈ ਹੈ।
ਜਾਣਕਾਰੀ ਦੇ ਅਨੁਸਾਰ ਇੱਕ ਬਰਾਂਡੇ ਅੰਦਰ ਪਸ਼ੂ ਬੰਨੇ੍ਹ ਹੋਏ ਸਨ। ਬੀਤੀ ਰਾਤ ਆਏ ਤੇਜ਼ ਤੂਫ਼ਾਨ ਨੇ ਇਸ ਬਰਾਂਡੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਅਤੇ ਅੰਦਰ ਬੰਨ੍ਹੇ ਹੋਏ ਪਸ਼ੂ ਥੱਲੇ ਆ ਗਏ। ਇਸ ਦੌਰਾਨ ਦੋ ਪਸ਼ੂਆਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ।ਇਸ ਤੋਂ ਇਲਾਵਾ ਤਿੰਨ ਪਸ਼ੂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਅੱਜ ਸਵੇਰੇ ਪਿੰਡ ਵਾਸੀਆਂ ਦੀ ਮੱਦਦ ਨਾਲ ਜ਼ਖ਼ਮੀ ਹੋਏ ਪਸ਼ੂਆਂ ਨੂੰ ਬਾਹਰ ਕੱਢਿਆ ਗਿਆ ।
ਇਸ ਮੌਕੇ ਜਾਣਕਾਰੀ ਦਿੰਦਿਆਂ ਪੀੜ਼ਤ ਕਿਸਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਆਏ ਤੇਜ਼ ਤੂਫ਼ਾਨ ਨੇ ਜਿਥੇ ਉਨ੍ਹਾਂ ਦਾ ਮਾਲੀ ਨੁਕਸਾਨ ਕੀਤਾ ਹੈ। ਉਥੇ ਉਨ੍ਹਾਂ ਦਾ ਪੁੱਤਰ ਅੰਮ੍ਰਿਤਪਾਲ ਸਿੰਘ ਵੀ ਇਸ ਤੂਫਾਨ ਦੀ ਲਪੇਟ ਵਿੱਚ ਆ ਗਿਆ ਅਤੇ ਉਹ ਜ਼ਖ਼ਮੀ ਹੋ ਗਿਆ ।ਜਿਸਨੂੰ ਇਲਾਜ ਦੇ ਲਈ ਮੁਕਤਸਰ ਦੇ ਇਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ।
ਕਿਸਾਨ ਦਾ ਕਹਿਣਾ ਹੈ ਕਿ ਉਸ ਦਾ ਕਰੀਬ ਤਿੰਨ ਤੋਂ ਚਾਰ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ।ਜਿਸ ਕਰਕੇ ਉਸ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਆਏ ਤੂਫਾਨ ਨੇ ਉਨ੍ਹਾਂ ਦੇ ਪਿੰਡ ਦੇ ਗੁਰਚਰਨ ਸਿੰਘ ਨੂੰ ਕਾਫੀ ਪ੍ਰਭਾਵਤ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਹੋਏ ਇਸ ਨੁਕਸਾਨ ਵਿੱਚ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਜਿਸ ਕਰਕੇ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਸਦਾ ਉਹ ਤੁਰੰਤ ਜਾਇਜ਼ਾ ਕਰਵਾਉਣ ਤੇ ਉਕਤ ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਵੇ ।