ਕੋਰੋਨਾ ਦੇ ਖ਼ਤਰੇ ਨੂੰ ਦੇਖਦੇ ਹੋਏ ਭਾਰਤ ਬਾਇਓਟੈੱਕ ਵੱਲੋਂ ਕੋਰੋਨਾ ਤੋਂ ਬਚਾਅ ਲਈ ਕੋਵੈਕਸੀਨ ਟੀਕੇ ਦਾ ਪ੍ਰੀਖਣ ਅਗਲੇ ਮਹੀਨੇ ਤੋਂ ਬੱਚਿਆਂ ’ਤੇ ਸ਼ੁਰੂ ਹੋ ਸਕਦਾ ਹੈ। ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ 2 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਪ੍ਰੀਖਣ ਸ਼ੁਰੂ ਕਰਨ ਦੀ ਇਜਾਜ਼ਤ ਮਿਲ ਗਈ ਹੈ। ਭਾਰਤ ਬਾਇਓਟੈੱਕ ਦੇ ਬਿਜ਼ਨਸ ਡਿਵੈਲਪਮੈਂਟ ਅਤੇ ਇੰਟਰਨੈਸ਼ਨਲ ਐਡਵੋਕੇਸੀ ਮੁਖੀ ਡਾਕਟਰ ਰੈਚਿਸ ਇਲਾ ਨੇ ਭਰੋਸਾ ਜਤਾਇਆ ਕਿ ਇਸ ਸਾਲ ਦੀ ਤੀਜੀ ਤਿਮਾਹੀ ’ਚ ਬੱਚਿਆਂ ਦੀ ਵੈਕਸੀਨ ਲਈ ਲਾਇਸੈਂਸ ਮਿਲ ਜਾਵੇਗਾ।

ਫਿੱਕੀ ਲੇਡੀਜ਼ ਆਰਗੇਨਾਈਜ਼ੇਸ਼ਨ, ਹੈਦਰਾਬਾਦ ਦੇ ਮੈਂਬਰਾਂ ਨਾਲ ਵਰਚੁਅਲੀ ਗੱਲਬਾਤ ਕਰਦਿਆਂ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਤੋਂ ਕੋਵੈਕਸੀਨ ਲਈ ਕੰਪਨੀ ਨੂੰ ਤੀਜੀ ਜਾਂ ਚੌਥੀ ਤਿਮਾਹੀ ’ਚ ਪ੍ਰਵਾਨਗੀ ਮਿਲਣ ਦੀ ਸੰਭਾਵਨਾ ਹੈ। ਵੈਕਸੀਨ ਅਸੀਂ ਅਤੇ ਆਈਸੀਐੱਮਆਰ ਨੇ ਰਲ ਕੇ ਬਣਾਈ ਹੈ। ਸਰਕਾਰ ਨੇ 1500 ਕਰੋੜ ਰੁਪਏ ਦੀ ਅਗਾਊਂ ਖ਼ਰੀਦ ਦਾ ਆਰਡਰ ਦਿੱਤਾ ਹੈ। ਅਸੀਂ ਹੁਣ ਬੰਗਲੌਰ ਅਤੇ ਗੁਜਰਾਤ ’ਚ ਵਿਸਥਾਰ ਕਰ ਰਹੇ ਹਾਂ।

ਉਨ੍ਹਾਂ ਕਿਹਾ ਕਿ ਪਹਿਲੀ ਅਤੇ ਦੂਜੀ ਖੁਰਾਕ ਵਿਚਕਾਰ ਦੋ ਤੋਂ ਛੇ ਹਫ਼ਤਿਆਂ ਤੱਕ ਦਾ ਅੰਤਰ ਹੋਣਾ ਚਾਹੀਦਾ ਹੈ। ਇਸ ਦੌਰਾਨ ਜੇਕਰ ਕਿਸੇ ਕਾਰਨ ਦੂਜੀ ਵੈਕਸੀਨ ਲਗਵਾਉਣ ਤੋਂ ਖੁੰਝ ਜਾਓ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ ਅਤੇ ਪਤਾ ਲਗਦੇ ਸਾਰ ਹੀ ਟੀਕਾ ਲਗਵਾ ਲਉ । ਉਨ੍ਹਾਂ ਕਿਹਾ ਕਿ ਦੂਜੀ ਖੁਰਾਕ ਲੈਣ ਦੇ ਤਿੰਨ ਮਹੀਨਿਆਂ ਮਗਰੋਂ ਐਂਟੀ ਬਾਡੀਜ਼ ਵਿਕਸਤ ਹੋ ਜਾਂਦੀਆਂ ਹਨ। ਪਹਿਲੀ ਖੁਰਾਕ ਤੋਂ ਬਾਅਦ ਲੋਕਾਂ ਨੂੰ ਕੋਰੋਨਾ ਹੋਣ ਬਾਰੇ ਉਨ੍ਹਾਂ ਕਿਹਾ ਕਿ ਪਹਿਲੀ ਖੁਰਾਕ ਸਿਰਫ਼ ਅੰਸ਼ਕ ਅਸਰਦਾਈ ਹੁੰਦੀ ਹੈ ਕਿਉਂਕਿ ਇਮਿਊਨ ਪ੍ਰਣਾਲੀ ਵਿਕਸਤ ਹੋਣ ’ਚ ਸਮਾਂ ਲੈਂਦੀ ਹੈ। ਵੈਕਸੀਨਾਂ ਬਾਰੇ ਜ਼ਾਹਿਰ ਕੀਤੇ ਜਾ ਰਹੇ ਸ਼ੰਕਿਆਂ ਬਾਰੇ ਉਨ੍ਹਾਂ ਕਿਹਾ ਕਿ ਇਹ ਸੁਰੱਖਿਅਤ ਹਨ ਅਤੇ ਹਰ ਕਿਸੇ ਨੂੰ ਵੈਕਸੀਨ ਲਗਵਾਉਣੀ ਚਾਹੀਦੀ ਹੈ।

Author