ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨਾਂ ਦਾ ਅੰਦੋਲਨ ਪਿਛਲੇ ਸੱਤ ਮਹੀਨਿਆਂ ਤੋਂ ਜਾਰੀ ਹੈ । ਉਹ ਲੰਬੇ ਸਮੇਂ ਤੋਂ ਹੀ ਇਸਦਾ ਵਿਰੋਧ ਕਰ ਰਹੇ ਹਨ ਕਿ ਇਹ ਖੇਤੀਬਾੜੀ ਕਾਨੂੰਨ ਕਿਸਾਨਾਂ ਲਈ ਸਹੀ ਨਹੀਂ ਹਨ ਪਰ ਇਸਦੇ ਬਾਵਜੂਦ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਤਿਆਰ ਨਹੀਂ ਹੈ। ਇਸ ਲਈ ਹੀ ਰੋਸ ਪ੍ਰਗਟ ਕਰਦੇ ਹੋਏ ਕਿਸਾਨ ਅੱਜ ਦੇਸ਼ ਭਰ ਵਿੱਚ ‘ਖੇਤੀਬਾੜੀ ਬਚਾਓ, ਲੋਕਤੰਤਰ ਬਚਾਓ’ ਦਿਵਸ ਮਨਾਉਣਗੇ ।

ਆਪਣੇ ਨਿਰਧਾਰਤ ਪ੍ਰੋਗਰਾਮ ਦੇ ਤਹਿਤ ਕਿਸਾਨ ਦੇਸ਼ ਦੇ ਸਾਰੇ ਸੂਬਿਆਂ ਦੇ ਰਾਜ ਭਵਨ ਤੇ ਧਰਨਾ ਪ੍ਰਦਰਸ਼ਨ ਕਰਨਗੇ । ਇਸਦੇ ਨਾਲ ਹੀ ਕਿਸਾਨ ਰਾਜਪਾਲ ਦੇ ਜ਼ਰੀਏ ਰਾਸ਼ਟਰਪਤੀ ਦੇ ਨਾਮ ਮੀਮੋ ਵੀ ਸੌਂਪਣਗੇ । ਕੁੰਡਲੀ ਬਾਰਡਰ ਸਣੇ ਹੋਰ ਧਰਨਾ ਸਥਾਨਾਂ ਤੋਂ 32 ਕਿਸਾਨ ਸੰਗਠਨ ਚੰਡੀਗੜ੍ਹ ਰਾਜ ਭਵਨ ਪਹੁੰਚਣਗੇ ਅਤੇ ਉੱਥੇ ਹਰਿਆਣਾ-ਪੰਜਾਬ ਦੇ ਕਿਸਾਨ ਵੱਖ-ਵੱਖ ਮੀਮੋ ਦੇਣਗੇ।

ਸੰਯੁਕਤ ਕਿਸਾਨ ਮੋਰਚੇ ਦੇ ਮੈਬਰ ਬਲਬੀਰ ਸਿੰਘ ਰਾਜੇਵਾਲ, ਦਰਸ਼ਨਪਾਲ, ਜਗਜੀਤ ਸਿੰਘ ਡੱਲੇਵਾਲ, ਗੁਰਨਾਮ ਸਿੰਘ ਚਢੂਨੀ, ਯੋਗੇਂਦਰ ਯਾਦਵ, ਯੁੱਧਵੀਰ ਸਿੰਘ ਨੇ ਕਿਹਾ ਕਿ ਇਹ ਦਿਨ ਐਮਰਜੈਂਸੀ ਦੇ 46 ਸਾਲ ਪੂਰੇ ਹੋਣ ਦੇ ਤੌਰ ‘ਤੇ ਵੀ ਮਨਾਇਆ ਜਾ ਰਿਹਾ ਹੈ, ਕਿਉਂਕਿ ਉਦੋਂ ਨਾਗਰਿਕਾਂ ਦੇ ਲੋਕਤੰਤਰੀ ਅਧਿਕਾਰਾਂ ‘ਤੇ ਰੋਕ ਲਗਾਈ ਗਈ ਸੀ ਅਤੇ ਮੌਜੂਦਾ ਸਮੇਂ ਵਿੱਚ ਵੀ ਅਜਿਹੀ ਹੀ ਪਾਬੰਦੀ ਲਗਾਈ ਜਾ ਰਹੀ ਹੈ।

ਇਸ ਸੰਬੰਧੀ ਕਿਸਾਨ ਆਗੂ ਨੇ ਕਿਹਾ ਕਿ ਹੁਣ ਤੱਕ ਬਣਾਏ ਪ੍ਰੋਗਰਾਮ ਦੇ ਅਨੁਸਾਰ 5000 ਕਿਸਾਨ ਚੰਡੀਗੜ੍ਹ ਬਾਰਡਰ ਤੋਂ ਰਾਜ ਭਵਨ ਤੱਕ ਮਾਰਚ ਕਰਨਗੇ । ਹਾਲਾਂਕਿ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਕਿਸਾਨਾਂ ਦੀ ਇਹ ਗਿਣਤੀ ਵੱਧ ਕੇ 7000 ਤੱਕ ਪਹੁੰਚ ਸਕਦੀ ਹੈ । ਸਾਡੀ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੁਲਿਸ ਤੋਂ ਮੰਗ ਹੈ ਕਿ ਉਹ ਕਿਸਾਨਾਂ ਨੂੰ ਰਾਜ ਭਵਨ ਤੱਕ ਮਾਰਚ ਕਰਨ ਦਾ ਰਸਤਾ ਪ੍ਰਦਾਨ ਕਰਨ। ਮਾਰਚ ਦੌਰਾਨ ਕਿਸਾਨ ਪੂਰੀ ਤਰ੍ਹਾਂ ਸ਼ਾਂਤੀ ਬਣਾਏ ਰੱਖਣਗੇ।

ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੰਦੋਲਨ ਕਰਨ ਰਹੀਆਂ 32 ਕਿਸਾਨ ਜੱਥੇਬੰਦੀਆਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸਦੇ ਮੱਦੇਨਜ਼ਰ ਯੂ.ਟੀ. ਪੁਲਿਸ ਨੇ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਵੇਖਦੇ ਹੋਏ ਸਾਰੇ ਥਾਣਿਆਂ ਦੀ ਪੁਲਿਸ ਨੂੰ ਅਲਰਟ ਕਰ ਦਿੱਤਾ ਹੈ । ਸ਼ਹਿਰ ਦੀਆਂ ਸਰਹੱਦਾਂ ‘ਤੇ ਬੈਰੀਕੇਡਿੰਗ ਕਰ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਮੁੱਲਾਂਪੁਰ ਬੈਰੀਅਰ, ਜੀਰਕਪੁਰ ਬੈਰੀਅਰ, ਹਾਉਸਿੰਗ ਬੋਰਡ ਚੌਕ ਦੀਆਂ ਸਰਹੱਦਾਂ ਸਮੇਤ 13 ਸੜਕਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।

LEAVE A REPLY

Please enter your comment!
Please enter your name here