ਬਚਪਨ ‘ਚ ਖੇਡਣਾ ਹਰ ਬੱਚੇ ਨੂੰ ਪਸੰਦ ਹੁੰਦਾ ਹੈ। ਪਰ ਇਹ ਖੇਡ ਹੀ ਇੱਕ ਬੱਚੇ ਲਈ ਮੌਤ ਦਾ ਕਾਰਨ ਬਣ ਗਈ। ਘਰ ’ਚ ਝੂਲਾ ਝੂਲਦੇ ਹੋਏ 8 ਸਾਲਾਂ ਦੀ ਮਾਸੂਮ ਬੱਚੀ ਦੇ ਗਲੇ ਵਿਚ ਝੂਲੇ ਦੀ ਰੱਸੀ ਫਸਣ ਕਾਰਨ ਉਸ ਦਾ ਦਮ ਘੁੱਟ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਘਟਨਾ ਸਮੇਂ ਬੱਚੇ ਦੀ ਮਾਤਾ ਘਰ ’ਚ ਸੌਂ ਰਹੀ ਸੀ, ਜਿਸ ਨੂੰ ਪੌਣੇ ਘੰਟੇ ਬਾਅਦ ਪਤਾ ਲੱਗਾ ਕਿ ਉਸ ਦੀ ਕੁੜੀ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਪਿੰਡ ਜਗਤਪੁਰਾ ਵਿਚ 8 ਸਾਲ ਦੀ ਬੱਚੀ ਮੁਸਕਾਨ ਦੇ ਨਾਲ ਖੇਡ-ਖੇਡ ਵਿਚ ਦੁਖਦਾਈ ਹਾਦਸਾ ਵਾਪਰ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਬੱਚੀ ਦਾ ਪਿਤਾ ਤਰਸੇਮ ਰੋਜ਼ਾਨਾ ਵਾਂਗ ਕੰਮ ’ਤੇ ਗਿਆ ਹੋਇਆ ਸੀ।

ਦੁਪਹਿਰ ਨੂੰ ਖਾਣਾ ਖਾਣ ਤੋਂ ਬਾਅਦ ਮੁਸਕਾਨ ਦੀ ਮਾਂ ਉਸ ਨੂੰ ਸਵਾਉਣ ਲਈ ਕਮਰੇ ਵਿਚ ਆਵਾਜ਼ਾਂ ਦਿੰਦੀ ਰਹੀ। ਮੁਸਕਾਨ ਨੇ ਕਿਹਾ ਕਿ ਉਹ ਘਰ ਦੇ ਜੰਗਲੇ ਨਾਲ ਬੰਨ੍ਹੀ ਰੱਸੀ ਨਾਲ ਬਣਾਇਆ ਝੂਲਾ ਝੂਲੇਗੀ। ਇਸ ਦੌਰਾਨ ਮੁਸਕਾਨ ਦੀ ਮਾਂ ਨੂੰ ਗਹਿਰੀ ਨੀਂਦ ਆ ਗਈ, ਜਿਸ ਦੌਰਾਨ ਇਹ ਦੁਖਦਾਇਕ ਹਾਦਸਾ ਵਾਪਰ ਗਿਆ।

ਪੌਣੇ ਘੰਟੇ ਬਾਅਦ ਜਦੋਂ ਬੱਚੀ ਦੀ ਮਾਤਾ ਦੀ ਅੱਖ ਖੁੱਲ੍ਹੀ ਤਾਂ ਉਸ ਦੀ ਕੋਈ ਆਵਾਜ਼ ਨਾ ਸੁਣ ਕੇ ਕਮਰੇ ਤੋਂ ਬਾਹਰ ਨਿਕਲੀ ਤਾਂ ਬਾਹਰ ਦਾ ਮੰਜਰ ਦੇਖ ਕੇ ਉਸ ਦੀਆਂ ਚੀਕਾਂ ਨਿਕਲ ਗਈਆਂ। ਝੂਲੇ ਦੀ ਰੱਸੀ ਬੱਚੀ ਦੇ ਗਲੇ ’ਚ ਫਸੀ ਹੋਈ ਸੀ ਅਤੇ ਉਹ ਹਵਾ ’ਚ ਲਟਕ ਰਹੀ ਸੀ। ਬੱਚੀ ਨੂੰ ਤੁਰੰਤ ਗੁਆਂਢੀਆਂ ਦੀ ਮਦਦ ਨਾਲ ਸਥਾਨਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

LEAVE A REPLY

Please enter your comment!
Please enter your name here