ਟੋਰਾਂਟੋ : ਕੈਨੇਡਾ ‘ਚ ਪੈਦਲ ਜਾ ਰਹੇ ਮੁਸਲਿਮ ਪਰਿਵਾਰ ਦੇ ਪੰਜ ਲੋਕਾਂ ਨੂੰ ਇੱਕ ਵਿਅਕਤੀ ਨੇ ਆਪਣੇ ਵਾਹਨ ਨਾਲ ਟੱਕਰ ਮਾਰ ਦਿੱਤੀ। ਘਟਨਾ ‘ਚ ਪਰਿਵਾਰ ਦੇ ਚਾਰ ਮੈਬਰਾਂ ਦੀ ਮੌਤ ਹੋ ਗਈ ਅਤੇ ਇੱਕ ਦਾ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਹੈ। ਇਲਜ਼ਾਮ ਹੈ ਕਿ ਚਾਲਕ ਨੇ ਪਰਿਵਾਰ ਨੂੰ ਮੁਸਲਿਮ ਹੋਣ ਦੇ ਕਾਰਨ ਨਿਸ਼ਾਨਾ ਬਣਾਇਆ। ਘਟਨਾ ਐਤਵਾਰ ਸ਼ਾਮ ਨੂੰ ਵਾਪਰੀ। ਓਂਟਾਰਿਓ ‘ਚ ਪੁਲਿਸ ਨੇ ਦੱਸਿਆ ਕਿ ਪੀੜਿਤਾਂ ‘ਚ 74 ਸਾਲਾ ਮਹਿਲਾ, 46 ਸਾਲਾ ਪੁਰਸ਼, 44 ਸਾਲ ਮਹਿਲਾ ਅਤੇ 15 ਸਾਲਾ ਲੜਕੀ ਸ਼ਾਮਲ ਹੈ। 9 ਸਾਲ ਦਾ ਬੱਚਾ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਹੈ। ਪਰਿਵਾਰ ਨੇ ਨਾਮ ਜ਼ਾਹਰ ਨਾ ਕਰਨ ਦੀ ਅਪੀਲ ਕੀਤੀ ਹੈ। ਇਸ ਸਬੰਧ ‘ਚ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ‘ਤੇ ਚਾਰ ਲੋਕਾਂ ਦੀ ਹੱਤਿਆ ਦਾ ਮਾਮਲਾ ਦਰਜ਼ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਸ਼ੱਕੀ ਨਾਥਾਨੀਲ ਵੇਲਟਮੈਨ (20) ਓਂਟਾਰਿਓ ‘ਚ ਲੰਡਨ ਦਾ ਰਹਿਣ ਵਾਲਾ ਹੈ ਅਤੇ ਉਹ ਪੀੜਿਤਾਂ ਨੂੰ ਨਹੀਂ ਜਾਣਦਾ ਸੀ। ਪੁਲਿਸ ਨੇ ਦੱਸਿਆ ਕਿ ਵਾਹਨ ਨੇ ਇੱਕ ਮੋੜ ’ਤੇ ਪੀੜਿਤਾਂ ਨੂੰ ਕੁਚਲ ਦਿੱਤਾ। ਪੁਲਿਸ ਨੇ ਦੱਸਿਆ ਕਿ ਸ਼ੱਕੀ ਨੂੰ ਨੇੜੇ ਦੇ ਇੱਕ ਮਾਲ ਦੇ ਪਾਰਕਿੰਗ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਲੰਡਨ ਪੁਲਿਸ ਦੇ ਮੁਖੀ ਸਟੀਫਨ ਵਿਲੀਅਮਸ ਨੇ ਕਿਹਾ, ‘ਸਾਡਾ ਮੰਨਣਾ ਹੈ ਕਿ ਪੀੜਿਤਾਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ, ਕਿਉਂਕਿ ਉਹ ਮੁਸਲਮਾਨ ਹਨ। ਕਿਸੇ ਵੀ ਭਾਈਚਾਰੇ ਨੂੰ ਨਫ਼ਰਤ ਦੀ ਭਾਵਨਾ ਨਾਲ ਨਿਸ਼ਾਨਾ ਬਣਾਇਆ ਜਾਵੇ ਤਾਂ ਭਾਈਚਾਰੇ ਵਿਸ਼ੇਸ਼ ਕਰਕੇ ਮੁਸਲਮਾਨਾਂ ਵਿਚ ਡਰ ਅਤੇ ਘਬਰਾਹਟ ਪੈਦਾ ਹੋ ਸਕਦੀ ਹੈ।’