ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਦੇਸ਼ ਦੇ ਹੁਕਮਰਾਨ ਕਰੋਨਾ ਦੀ ਆੜ ‘ਚ ਕਿਸਾਨੀ ਸੰਘਰਸ਼ ਨੂੰ ਖ਼ਤਮ ਕਰਨ ਦੀ ਚਾਲਾਂ ਚੱਲ ਰਹੇ ਹਨ ਪਰ ਮੋਦੀ ਸਰਕਾਰ ਸੁਣ ਲੈਣ ਕਿ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਬਾਰਡਰਾਂ ’ਤੇ ਡਟੇ ਦੇਸ਼ ਦੇ ਕਿਸਾਨ ਕੋਰੋਨਾ ਮਹਾਂਮਾਰੀ ਤੋਂ ਡਰ ਕੇ ਭੱਜਣ ਵਾਲੇ ਨਹੀਂ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਆਗੂ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਨ ਪਰ ਪ੍ਰਧਾਨ ਮੰਤਰੀ ਖ਼ੁਦ ਗੱਲਬਾਤ ਕਰਨ ਤੋਂ ਭੱਜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਪ੍ਰਧਾਨ ਦਫ਼ਤਰ ਅਤੇ ਨਿਵਾਸ ਤੋਂ ਥੋੜ੍ਹੇ ਹੀ ਫਰਕ ਨਾਲ ਧਰਨੇ ’ਤੇ ਬੈਠੇ ਹਨ ਪਰ ਪ੍ਰਧਾਨ ਮੰਤਰੀ ਸ਼ਾਇਦ ਬੇਪ੍ਰਵਾਹ ਹੋ ਗਏ ਹਨ ਜਿਨ੍ਹਾਂ ਨੂੰ ਕਿਸਾਨਾਂ ਦੀ ਪੁਕਾਰ ਸੁਣਾਈ ਨਹੀਂ ਦੇ ਰਹੀ ਹੈ ਤੇ ਉਹ ਪਿੱਠ ਦਿਖਾ ਕੇ ਭੱਜ ਰਹੇ ਹਨ।

ਰਾਕੇਸ਼ ਟਿਕੈਤ ਨੇ ਸਪਸ਼ਟ ਸ਼ਬਦਾਂ ਕਿਹਾ ਕਿ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਘਰਾਂ ਨੂੰ ਨਹੀਂ ਮੁੜਨਗੇ ਅਤੇ 26 ਮਈ ਨੂੰ ਕਾਲਾ ਦਿਨ ਮਨਾਇਆ ਜਾਵੇਗਾ। ਇਸ ਦਿਨ ਦਿੱਲੀ ਦੀਆਂ ਹੱਦਾਂ ’ਤੇ ਧਰਨੇ ਉੱਤੇ ਬੈਠੇ ਕਿਸਾਨ ਕਾਲੇ ਕੱਪੜੇ ਪਹਿਨਣਗੇ ਤੇ ਪਿੰਡਾਂ ਵਿਚਲੇ ਕਿਸਾਨਾਂ ਨੂੰ ਵੀ ਵੀ ਕਾਲੇ ਕੱਪੜੇ ਪਾ ਕੇ ਰੋਸ ਪ੍ਰਗਟਾਉਣਾ ਚਾਹੀਦਾ ਹੈ। ਸੰਸਦ ਦੇ ਘਿਰਾਓ ਬਾਰੇ ਪੁੱਛੇ ਜਾਣ ’ਤੇ ਟਿਕੈਤ ਨੇ ਕਿਹਾ ਕਿ ਜਲਦੀ ਹੀ ਅਜਿਹਾ ਕੋਈ ਐਕਸ਼ਨ ਹੋ ਸਕਦਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਹਰ 26 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਬਾਰੇ ਕੋਈ ਵੱਡਾ ਐਲਾਨ ਹੁੰਦਾ ਰਹੇਗਾ। ਉਨ੍ਹਾਂ ਕਿਹਾ ਕਿ ਜੋ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਧਾਰਮਿਕ ਝੰਡਾ ਲਹਿਰਾਉਣਾ ਕੋਈ ਅਪਰਾਧ ਨਹੀਂ ਹੈ। ਲਾਲ ਕਿਲ੍ਹਾ ਕਿਸੇ ਦੀ ਕੋਈ ਨਿੱਜੀ ਜਾਇਦਾਦ ਨਹੀਂ ਬਲਕਿ ਇਸ ’ਤੇ ਪੂਰੇ ਦੇਸ਼ ਵਾਸੀਆਂ ਦਾ ਹੱਕ ਹੈ।

ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਰੋਨਾ ਦੀ ਆੜ ਹੇਠ ਕਿਸਾਨੀ ਸੰਘਰਸ਼ ਨੂੰ ਦਬਾਉਣ ਬਾਰੇ ਸੋਚਣਾ ਬੰਦ ਕਰਕੇ ਮਹਾਂਮਾਰੀ ਦਾ ਇਲਾਜ ਲੱਭਣਾ ਚਾਹੀਦਾ ਹੈ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਤੇ ਜੱਟ ਮਹਾ ਸਭਾ ਚੰਡੀਗੜ੍ਹ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ, ਪ੍ਰੋ. ਮੇਹਰ ਸਿੰਘ ਮੱਲ੍ਹੀ, ਕਿਸਾਨ ਆਗੂ ਨਛੱਤਰ ਸਿੰਘ ਬੈਦਵਾਨ, ਸਾਬਕਾ ਪ੍ਰਧਾਨ ਗੁਰਮੀਤ ਸਿੰਘ ਸੋਹਾਣਾ, ਕਾਂਗਰਸ ਆਗੂ ਸਤਵਿੰਦਰ ਸਿੰਘ ਚੈੜੀਆਂ, ਅਕਾਲੀ ਦਲ ਦੇ ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ ਬੈਦਵਾਨ, ਸਾਬਕਾ ਕੌਂਸਲਰ ਕਮਲਜੀਤ ਕੌਰ, ਨੰਬਰਦਾਰ ਹਰਸੰਗਤ ਸਿੰਘ ਅਤੇ ਹਰਬੀਰ ਸਿੰਘ ਢੀਂਡਸਾ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here