ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਬੀਤੇ ਸਾਲ ਸ਼ੁਰੂ ਹੋਏ ਅੰਦੋਲਨ ਨੂੰ ਅੱਜ ਯਾਨੀ 26 ਮਈ ਨੂੰ ਛੇ ਮਹੀਨੇ ਪੂਰੇ ਹੋ ਗਏ ਹਨ। ਇਸ ਮੌਕੇ ‘ਤੇ ਕਿਸਾਨ ਜਥੇਬੰਦੀਆਂ ਨੇ ਘੋਸ਼ਣਾ ਕੀਤੀ ਹੈ ਕਿ ਉਹ ਅੱਜ ਕਾਲ਼ਾ ਦਿਵਸ ਮਨਾਉਣਗੇ। ਕਿਸਾਨ ਜਥੇਬੰਦਆਂ ਨੇ ਅਪੀਲ ਕੀਤੀ ਹੈ ਕਿ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਲੋਕ ਅੱਜ ਆਪਣੇ ਘਰਾਂ, ਵਾਹਨਾਂ, ਦੁਕਾਨਾਂ ‘ਤੇ ਕਾਲ਼ਾ ਝੰਡਾ ਲਗਾਉਣ।

ਕਿਸਾਨ ਮੋਰਚੇ ਵੱਲੋਂ ਕੀਤੇ ਗਏ ਇਸ ਐਲਾਨ ਨੂੰ ਕਾਂਗਰਸ ਸਮੇਤ 14 ਮੁੱਖ ਵਿਰੋਧੀ ਦਲਾਂ ਨੇ ਆਪਣਾ ਸਮਰਥਨ ਦਿੱਤਾ ਹੈ। ਲਗਭਗ 30 ਕਿਸਾਨਾਂ ਦੀਆਂ ਯੂਨੀਅਨਾਂ, ਸੰਯੁਕਤ ਕਿਸਾਨ ਮੋਰਚੇ ਨੇ ਪ੍ਰਦਰਸ਼ਨ ਕਰਨ ਦਾ ਵੀ ਫੈਸਲਾ ਕੀਤਾ ਹੈ, ਹਾਲਾਂਕਿ ਦਿੱਲੀ ਪੁਲਿਸ ਨੇ ਕਿਹਾ ਕਿ ਵਿਰੋਧ ਜਾਂ ਰੈਲੀ ਲਈ ਕੋਈ ਆਗਿਆ ਨਹੀਂ ਦਿੱਤੀ ਗਈ ਅਤੇ ਪ੍ਰਦਰਸ਼ਨਕਾਰੀਆਂ ਵਲੋਂ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਅਤੇ ਕੋਵਿਡ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ।

ਬੀਕੇਯੂ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ- ਅਸੀ ਵੀ ਤਿਰੰਗਾ ਲੈ ਕੇ ਚੱਲ ਰਹੇ ਸੀ। ਹੁਣ 6 ਮਹੀਨੇ ਹੋ ਗਏ ਹਨ ਪਰ ਸਰਕਾਰ ਸਾਡੀ ਨਹੀਂ ਸੁਣ ਰਹੀ। ਇਸ ਲਈ ਕਿਸਾਨ ਕਾਲੇ ਝੰਡੇ ਲਗਾ ਰਹੇ ਹਨ। ਇਹ ਸਭ ਸ਼ਾਂਤੀਪੂਰਨ ਤਰੀਕੇ ਨਾਲ ਕੀਤਾ ਜਾਵੇਗਾ। ਅਸੀ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰ ਰਹੇ ਹਾਂ। ਇੱਥੇ ਕੋਈ ਨਹੀਂ ਆ ਰਿਹਾ, ਲੋਕ ਜਿੱਥੇ ਹਨ ਉੱਥੇ ਝੰਡੇ ਲਗਾ ਰਹੇ ਹਨ। ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਅੱਜ ਮਨਾਏ ਜਾ ਰਹੇ ਬਲੈਕ ਡੇਅ ਦੇ ਮੱਦੇਨਜਰ ਸਿੰਘੂ ਬਾਰਡਰ (ਦਿੱਲੀ – ਹਰਿਆਣਾ ਬਾਰਡਰਾਂ) ‘ਤੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ।