ਮੋਹਾਲੀ, 20 ਜੂਨ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਤਿੰਨ ਸ਼ਹਿਰਾਂ ਵਿਚ ਵਰਕਿੰਗ ਵੂਮੈਨ ਹੋਸਟਲ (Working Women’s Hostel) ਬਣਾਉਣ ਜਾ ਰਹੀ ਹੈ ।
ਕਿਹੜੇ ਕਿਹੜੇ ਸ਼ਹਿਰਾਂ ਵਿਚ ਬਣਾਉਣ ਦੀ ਹੈ ਯੋਜਨਾ
ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਜੋ ਪੰਜਾਬ ਦੇ ਤਿੰਨ ਸ਼ਹਿਰਾਂ ਵਿਚ ਵਰਕਿੰਗ ਵੂਮੈਨ ਹੋਸਟਲ ਬਣਾਉਣ ਦੀ ਯੋਜਨਾ ਤੇ ਕੰਮ ਕੀਤਾ ਜਾ ਰਿਹਾ ਹੈ ਤਹਿਤ ਪਹਿਲੀ ਲੜੀ ਵਿਚ ਜਲੰਧਰ, ਮੋਹਾਲੀ ਤੇ ਅੰਮ੍ਰਿਤਸਰ ਸ਼ਾਮਲ ਹਨ । ਦੱਸਣਯੋਗ ਹੈ ਕਿ ਉਕਤ ਹੋਸਟਲ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਰਾਹੀਂ ਬਣਾਏ ਜਾ ਰਹੇ ਹਨ ਤਾਂ ਜੋ ਵੱਖ-ਵੱਖ ਸ਼ਹਿਰਾਂ ਵਿੱਚ ਆਪਣੇ ਘਰਾਂ ਤੋਂ ਦੂਰ ਕੰਮ ਕਰਨ ਵਾਲੀਆਂ ਔਰਤਾਂ ਨੂੰ ਸੁਰੱਖਿਅਤ, ਆਰਾਮਦਾਇਕ ਅਤੇ ਕਿਫਾਇਤੀ ਰਿਹਾਇਸ਼ ਪ੍ਰਦਾਨ ਕੀਤੀ ਜਾ ਸਕੇ ।
ਪ੍ਰਾਜੈਕਟ ਤੇ ਆਵੇਗੀ 70 ਕਰੋੜ ਦੀ ਲਾਗਤ
ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਵਿਧਾਇਕ ਕੁਲਵੰਤ ਸਿੰਘ ਦੀ ਮੌਜੂਦਗੀ ਵਿੱਚ ਸੈਕਟਰ 66, ਮੋਹਾਲੀ ਵਿੱਚ ਸੱਤ ਮੰਜ਼ਿਲਾ ਵਰਕਿੰਗ ਵੂਮੈਨ ਹੋਸਟਲ ਦੇ ਨਿਰਮਾਣ ਦਾ ਉਦਘਾਟਨ ਕਰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ‘ਤੇ ਲਗਭਗ 70 ਕਰੋੜ ਦੀ ਲਾਗਤ ਆਵੇਗੀ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਨੂੰ ਜੰਗੀ ਪੱਧਰ ‘ਤੇ ਬਣਾਇਆ ਜਾ ਰਿਹਾ ਹੈ । ਉਨ੍ਹਾਂ ਅੱਗੇ ਕਿਹਾ ਕਿ ਇਹ ਪੰਜਾਬ ਦਾ ਸਭ ਤੋਂ ਵੱਡਾ ਸਰਕਾਰੀ ਖੇਤਰ ਦਾ ਵਰਕਿੰਗ ਵੂਮੈਨ ਹੋਸਟਲ ਹੋਵੇਗਾ, ਜੋ 484 ਔਰਤਾਂ ਨੂੰ ਅਤਿ-ਆਧੁਨਿਕ ਅਤੇ ਸੁਰੱਖਿਅਤ ਰਿਹਾਇਸ਼ ਪ੍ਰਦਾਨ ਕਰੇਗਾ। ਇਨ੍ਹਾਂ ਹੋਸਟਲਾਂ ਵਿੱਚ ਸਿੰਗਲ, ਡਬਲ ਅਤੇ ਡੌਰਮਿਟਰੀ ਕਮਰੇ ਹੋਣਗੇ। ਇਸ ਤੋਂ ਇਲਾਵਾ, ਕੰਮਕਾਜੀ ਔਰਤਾਂ ਨਾਲ ਰਹਿਣ ਵਾਲੇ ਬੱਚਿਆਂ ਲਈ ਕਰੈਚ ਸਹੂਲਤਾਂ ਅਤੇ ਇਨਡੋਰ ਗੇਮਾਂ ਪ੍ਰਦਾਨ ਕੀਤੀਆਂ ਜਾਣਗੀਆਂ ।
ਮੋਹਾਲੀ ਵਿੱਚ ਬਣਾਇਆ ਜਾਣ ਵਾਲਾ ਤੀਜਾ ਕੰਮਕਾਜੀ ਔਰਤਾਂ ਦਾ ਹੋਸਟਲ ਹੈ
ਮੰਤਰੀ ਨੇ ਕਿਹਾ ਕਿ ਇਹ ਮੋਹਾਲੀ ਵਿੱਚ ਬਣਾਇਆ ਜਾਣ ਵਾਲਾ ਤੀਜਾ ਕੰਮਕਾਜੀ ਔਰਤਾਂ ਦਾ ਹੋਸਟਲ ਹੈ। ਮੋਹਾਲੀ ਫੇਜ਼ 1 ਵਿੱਚ ਇਸ ਸਮੇਂ 25.26 ਕਰੋੜ ਦੀ ਲਾਗਤ ਨਾਲ 150 ਸਮਰੱਥਾ ਵਾਲਾ ਇੱਕ ਹੋਸਟਲ ਨਿਰਮਾਣ ਅਧੀਨ ਹੈ । ਇਸੇ ਤਰ੍ਹਾਂ, ਸੈਕਟਰ 79, ਮੋਹਾਲੀ ਵਿੱਚ 12.57 ਕਰੋੜ ਦੀ ਲਾਗਤ ਨਾਲ ਇੱਕ ਹੋਰ 100 ਸਮਰੱਥਾ ਵਾਲਾ ਕੰਮਕਾਜੀ ਔਰਤਾਂ ਦਾ ਹੋਸਟਲ ਵੀ ਬਣਾਇਆ ਜਾ ਰਿਹਾ ਹੈ । ਉਨ੍ਹਾਂ ਅੱਗੇ ਕਿਹਾ ਕਿ ਮੋਹਾਲੀ ਵਿੱਚ ਬਣਾਏ ਜਾ ਰਹੇ ਇਨ੍ਹਾਂ ਤਿੰਨ ਹੋਸਟਲਾਂ ਤੋਂ ਇਲਾਵਾ, ਵਿਭਾਗ 10.11 ਕਰੋੜ ਦੀ ਲਾਗਤ ਨਾਲ ਗਾਂਧੀ ਵਿਨੀਤਾ ਆਸ਼ਰਮ, ਜਲੰਧਰ ਵਿੱਚ 100 ਸਮਰੱਥਾ ਵਾਲਾ ਇੱਕ ਹੋਸਟਲ ਅਤੇ 27.34 ਕਰੋੜ ਦੀ ਲਾਗਤ ਨਾਲ 150 ਸਮਰੱਥਾ ਵਾਲਾ ਕੰਮਕਾਜੀ ਔਰਤਾਂ ਦਾ ਹੋਸਟਲ ਵੀ ਬਣਾ ਰਿਹਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਸਾਰੇ ਪ੍ਰੋਜੈਕਟ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੂਰੇ ਹੋ ਜਾਣਗੇ ।
ਹੋਸਟਲਾਂ ਵਿਚ ਕੀਤੀ ਜਾਵੇਗੀ ਔਰਤਾਂ ਨੂੰ ਮਾਮੂਲੀ ਤੇ ਕਿਫਾਇਤੀ ਕਿਰਾਏ ਤੇ ਰਿਹਾਇਸ਼ ਪ੍ਰਦਾਨ
ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਹੋਸਟਲਾਂ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਬਹੁਤ ਹੀ ਕਿਫਾਇਤੀ ਅਤੇ ਮਾਮੂਲੀ ਕਿਰਾਏ ‘ਤੇ ਰਿਹਾਇਸ਼ ਪ੍ਰਦਾਨ ਕੀਤੀ ਜਾਵੇਗੀ, ਜਿਸ ਨਾਲ ਵਿਦੇਸ਼ਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਕਾਫ਼ੀ ਰਾਹਤ ਮਿਲੇਗੀ । ਉਨ੍ਹਾਂ ਇਹ ਵੀ ਦੱਸਿਆ ਕਿ ਬਠਿੰਡਾ ਵਿੱਚ ਰੈੱਡ ਕਰਾਸ ਇਮਾਰਤ ਵਿੱਚ 100 ਔਰਤਾਂ ਦੀ ਸਮਰੱਥਾ ਵਾਲਾ ਇੱਕ ਕੰਮਕਾਜੀ ਮਹਿਲਾ ਹੋਸਟਲ ਕਿਰਾਏ ਦੇ ਆਧਾਰ ‘ਤੇ ਚਲਾਇਆ ਜਾ ਰਿਹਾ ਹੈ । ਮੀਡੀਆ ਦੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਸੂਬੇ ਦੇ ਕਿਸੇ ਵੀ ਸ਼ਹਿਰ ਵਿੱਚ ਕੰਮਕਾਜੀ ਔਰਤਾਂ ਲਈ ਹੋਸਟਲ ਦੀ ਮੰਗ ਹੈ, ਤਾਂ ਵਿਭਾਗ ਅਜਿਹੀ ਸਹੂਲਤ ਪ੍ਰਦਾਨ ਕਰਨ ਲਈ ਵਚਨਬੱਧ ਹੈ, ਭਾਵੇਂ ਲੋੜ ਅਨੁਸਾਰ ਇਮਾਰਤ ਕਿਰਾਏ ‘ਤੇ ਲੈ ਕੇ ਵੀ ।
ਹੋਸਟਲ ਦਾ ਮਕਸਦ ਔਰਤਾਂ ਨੂੰ ਦੂਰ-ਦਰਾਡੇ ਰਿਹਾਇਸ਼ ਅਤੇ ਸੁਰੱਖਿਆ ਸਬੰਧੀ ਮੁਸ਼ਕਲ ਪੇਸ਼ ਨਾ ਆਉਣਾ ਹੈ
ਉਨ੍ਹਾਂ ਕਿਹਾ ਕਿ ਵਿਭਾਗ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਰੁਜ਼ਗਾਰ ਲਈ ਆਪਣੇ ਘਰਾਂ ਤੋਂ ਦੂਰ ਰਹਿਣ ਵਾਲੀਆਂ ਔਰਤਾਂ ਨੂੰ ਰਿਹਾਇਸ਼ ਅਤੇ ਸੁਰੱਖਿਆ ਸਬੰਧੀ ਕੋਈ ਮੁਸ਼ਕਲ ਨਾ ਆਵੇ । ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੋਹਾਲੀ ਵਰਗੇ ਤੇਜ਼ੀ ਨਾਲ ਵਿਕਾਸਸ਼ੀਲ ਸ਼ਹਿਰ ਵਿੱਚ ਦੂਰ-ਦੁਰਾਡੇ ਇਲਾਕਿਆਂ ਤੋਂ ਆਉਣ ਵਾਲੀਆਂ ਕੰਮਕਾਜੀ ਔਰਤਾਂ ਲਈ ਅਜਿਹੇ ਹੋਸਟਲ ਸੂਬਾ ਸਰਕਾਰ ਦੀ ਔਰਤਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹਨ ।









