ਗੂਗਲ ਇਕ ਅਜਿਹੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਮਾਡਲ ’ਤੇ ਕੰਮ ਕਰ ਰਹੀ ਹੈ, ਜਿਸ ਨਾਲ ਇਸ ਪਲੇਟਫਾਰਮ ’ਤੇ 100 ਭਾਰਤੀ ਭਾਸ਼ਾਵਾਂ ਵਿਚ ਸਰਚ ਕਰਨ ਦੀ ਸਹੂਲਤ ਮਿਲੇਗੀ। ਭਾਰਤ ਦੌਰੇ ’ਤੇ ਪਹੁੰਚੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਸੋਮਵਾਰ ਨੂੰ ਗੂਗਲ ਫਾਰ ਇੰਡੀਆ ਪ੍ਰੋਗਰਾਮ ਵਿਚ ਇਹ ਗੱਲ ਕਹੀ।

ਪਿਚਾਈ ਨੇ ਕਿਹਾ ਕਿ ਭਾਰਤ ਦਾ ਤਕਨੀਕੀ ਬਦਲਾਅ ਕਾਫੀ ਅਸਧਾਰਣ ਹੈ ਅਤੇ ਗੂਗਲ ਛੋਟੇ ਕਾਰੋਬਾਰਾਂ ਤੇ ਸਟਾਰਟਅਪ ਦੀ ਮਦਦ ਕਰ ਰਿਹਾ ਹੈ। ਇਸ ਤੋਂ ਇਲਾਵਾ ਸਾਈਬਰ ਸਿਕਿਓਰਿਟੀ ਵਿਚ ਨਿਵੇਸ਼, ਕੌਸ਼ਲ ਟ੍ਰੇਨਿੰਗ, ਖੇਤੀ ਤੇ ਸਿਹਤ ਖੇਤਰ ਵਿਚ ਏਆਈ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਗੂਗਲ ਨੇ ਜੁਲਾਈ 2020 ਵਿਚ ਭਾਰਤ ਵਿਚ 10 ਅਰਬ ਡਾਲਰ ਜਾਂ 75 ਹਜ਼ਾਰ ਕਰੋੜ ਰੁਪਏ ਦੇ ਇੰਡੀਆ ਡਿਜੀਟਾਈਜ਼ੇਸ਼ਨ ਫੰਡ (ਆਈਡੀਐੱਫ) ਦਾ ਐਲਾਨ ਕੀਤਾ ਸੀ। ਪਿਚਾਈ ਨੇ ਕਿਹਾ ਕਿ ਅਸੀਂ ਇਸ ਫੰਡ ਜ਼ਰੀਏ ਭਾਰਤ ਦੇ ਉੱਨਤ ਡਿਜੀਟਲ ਭਵਿੱਖ ਨਿਰਮਾਣ ਵਿਚ ਮਦਦ ਕਰ ਰਹੇ ਹਾਂ।

ਪਿਚਾਈ ਨੇ ਕਿਹਾ ਕਿ ਲੋਕ ਜਿਸ ਤਰ੍ਹਾਂ ਨਾਲ ਆਪਣੇ ਭਾਈਚਾਰਿਆਂ ਨੂੰ ਬਿਹਤਰ ਬਣਾਉਣ ਲਈ ਤਕਨੀਕ ਦਾ ਪ੍ਰਯੋਗ ਕਰ ਰਹੇ ਹਨ, ਉਸ ਤੋਂ ਉਹ ਕਾਫੀ ਹੈਰਾਨ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਨੂੰ ਲੈ ਕੇ ਪਿਚਾਈ ਨੇ ਕਿਹਾ ਕਿ ਪੀਐੱਮ ਮੋਦੀ ਦੇ ਡਿਜੀਟਲ ਇੰਡੀਆ ਵਿਜ਼ਨ ਦੀ ਮਦਦ ਨਾਲ ਪੂਰੇ ਭਾਰਤ ਵਿਚ ਪ੍ਰਗਤੀ ਨੂੰ ਗਤੀ ਮਿਲੀ ਹੈ।

ਉਨ੍ਹਾਂ ਕਿਹਾ ਕਿ ਭਾਰਤ ਇਕ ਵੱਡੀ ਨਿਰਯਾਤ ਅਰਥ-ਵਿਵਸਥਾ ਬਣੇਗਾ। ਅਜਿਹੇ ਵਿਚ ਭਾਰਤ ਨੂੰ ਨਾਗਰਿਕਾਂ ਦੀ ਸੁਰੱਖਿਆ ਤੇ ਕੰਪਨੀਆਂ ਨੂੰ ਆਪਣੇ ਢਾਂਚੇ ਦੇ ਨਾਲ ਨਵਾਚਾਰ ਕਰਨ ਵਿਚ ਸਮਰੱਥ ਬਣਾਉਣ ਵਿਚਾਲੇ ਸੰਤੁਲਨ ਬਣਾਉਣ ਦੀ ਜ਼ਰੂਰਤ ਹੈ। ਗੂਗਲ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਸੰਜੇ ਗੁਪਤਾ ਨੇ ਕਿਹਾ ਕਿ ਆਈਡੀਐੱਫ ਨਿਵੇਸ਼ ਦੇ ਤਹਿਤ ਅਸੀਂ ਔਰਤਾਂ ਦੀ ਅਗਵਾਈ ਵਾਲੇ ਮੁੱਢਲੇ ਪੱਧਰ ਦੇ ਸਟਾਰਟਅਪ ’ਤੇ ਧਿਆਨ ਕੇਂਦਰਿਤ ਕਰਾਂਗੇ।

ਗੂਗਲ ਫਾਰ ਇੰਡੀਆ ਪ੍ਰੋਗਰਾਮ ਵਿਚ ਸੋਮਵਾਰ ਨੂੰ ਕੇਂਦਰੀ ਸੂਚਨਾ ਤਕਨੀਕੀ ਤੇ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਣਵ ਨੇ ਉਮੀਦ ਪ੍ਰਗਟਾਈ ਹੈ ਕਿ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ ਤੇ ਦੂਰਸੰਚਾਰ ਬਿੱਲ ਸੰਸਦ ਦੇ ਆਗਾਮੀ ਮੌਨਸੂਨ ਸੈਸ਼ਨ ਵਿਚ ਪਾਸ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਇੰਡੀਆ ਐਕਟ ਨਾਲ ਜੁੜਿਆ ਇਕ ਹੋਰ ਬਿੱਲ ਇਕ ਮਹੀਨੇ ਦੇ ਅੰਦਰ ਜਨਤਕ ਸਲਾਹ ਲਈ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੂਰਸੰਚਾਰ ਬਿੱਲ ਵਿਚ ਗਾਹਕਾਂ ਦੀ ਸੁਰੱਖਿਆ ਤੇ ਕੇਂਦਰਿਤ ਹਲਕੇ ਨਿਯਮ-ਕਾਨੂੰਨ ਜੋੜੇ ਜਾਣਗੇ।