ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਦੋ ਜੇਲ੍ਹ ਵਾਰਡਰ ਅਤੇ ਪੀਏਪੀ ਦੇ ਇੱਕ ASI ਨੂੰ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਲਾਸ਼ੀ ਦੌਰਾਨ ਅੰਡਰ ਟਰਾਈਲ ਤਿੰਨ ਨਸ਼ਾ ਤਸ਼ਕਰਾਂ ਤੋਂ ਮੋਬਾਇਲ ਵੀ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਦਿੱਤੀ। ਉਨ੍ਹਾਂ ਕਿਹਾ ਕਿ ਚੈਕਿੰਗ ਦੌਰਾਨ ਜੇਲ੍ਹ ਵਾਰਡਰ ਨਰੇਸ਼ ਕੁਮਾਰ ਤੇ ਰਾਜੀਵ ਕੁਮਾਰ ਅਤੇ ASI ਨੂੰ ਨਸ਼ੀਲੇ ਪਦਾਰਥਾਂ ਨਾਲ ਫੜ੍ਹਿਆ ਗਿਆ ਹੈ। FIR ਦਰਜ ਕਰਕੇ ਸਾਰਿਆਂ ਨੂੰ STF ਹਵਾਲੇ ਕਰ ਦਿੱਤਾ ਗਿਆ। ਦੋਵੇਂ ਹੈੱਡ ਵਾਰਡਰਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ PWD ਪ੍ਰੋਜੈਕਟਾਂ ਦਾ ਲਿਆ ਜਾਇਜ਼ਾ

ਐਤਵਾਰ ਨੂੰ ਐਸਐਸਪੀ ਦੀਪਕ ਪਾਰਿਕ ਤੇ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਦੀ ਅਗਵਾਈ ਵਿੱਚ 350 ਪੁਲਿਸ ਤੇ ਜੇਲ੍ਹ ਮੁਲਾਜ਼ਮਾਂ ਨੇ ਪਟਿਆਲਾ ਜੇਲ੍ਹ ਵਿੱਚ ਕਰੀਬ 4 ਘੰਟੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਸਾਰੇ ਸੇਲ ਅਤੇ ਬੈਰਕ ਦੀ ਤਲਾਸ਼ੀ ਲਈ ਗਈ। ਮੁਹਿੰਮ ਵਿੱਚ ਐਸਪੀ (ਸਿਟੀ), ਐਸਪੀ (ਟ੍ਰੈਫਿਕ), 20 ਥਾਣਿਆਂ ਦੇ ਮੁੱਖੀ, ਵੱਖ ਵੱਖ ਡੀਐਸਪੀ ਵੀ ਸ਼ਾਮਲ ਸਨ।