ਚੰਡੀਗੜ੍ਹ: ਪੈਟਰੋਲ ਤੇ ਡੀਜ਼ਲ ਦੇ ਮੁੱਲ ਐਤਵਾਰ ਨੂੰ ਇੱਕ ਵਾਰ ਫਿਰ ਵਧਕੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੁਣ ਮਈ ਦੇ ਮਹੀਨੇ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਵਿੱਚ 12 ਦਿਨ ਦਾ ਵਾਧਾ ਹੋਇਆ ਹੈ। ਪੈਟਰੋਲ ਇਸ ਮਹੀਨੇ 3.24 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 2.94 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।
ਇੰਡੀਅਨ ਆਇਲ ਤੋਂ ਮਿਲੀ ਜਾਣਕਾਰੀ ਅਨੁਸਾਰ ਪੈਟਰੋਲ ਦੀ ਕੀਮਤ ਵਿੱਚ 15-17 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ ਵਿਚ 25-29 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਮੁੰਬਈ ਤੇ ਜੈਪੁਰ ‘ਚ, ਪੈਟਰੋਲ ਦੀ ਪ੍ਰਤੀ ਲੀਟਰ ਦੀ ਕੀਮਤ 100 ਦੇ ਨੇੜੇ ਪਹੁੰਚ ਗਈ ਹੈ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕੱਚੇ ਤੇਲ ਤੋਂ ਇਲਾਵਾ ਕਈ ਕਾਰਨਾਂ ਕਰਕੇ ਪ੍ਰਭਾਵਿਤ ਹੁੰਦੀਆਂ ਹਨ। ਇਸ ਦਾ ਕਾਰਨ ਕੇਂਦਰ ਅਤੇ ਸੂਬਿਆਂ ਵਲੋਂ ਲਏ ਜਾਣ ਵਾਲੇ ਟੈਕਸ ਅਤੇ ਆਵਾਜਾਈ ‘ਤੇ ਵੀ ਨਿਰਭਰ ਕਰਦਾ ਹੈ। ਵਰਤਮਾਨ ਵਿੱਚ, ਆਟੋ ਬਾਲਣ ‘ਤੇ ਕੁੱਲ ਟੈਕਸ ਉਨ੍ਹਾਂ ਦੀ ਅਧਾਰ ਕੀਮਤ ਤੋਂ ਤਿੰਨ ਗੁਣਾ ਹੈ। ਪੈਟਰੋਲ ਅਤੇ ਡੀਜ਼ਲ ਦਾ ਅਧਾਰ ਮੁੱਲ ਲਗਪਗ 33 ਰੁਪਏ ਪ੍ਰਤੀ ਲੀਟਰ ਹੈ, ਪਰ ਆਮ ਲੋਕਾਂ ਨੂੰ ਕਰੀਬ 90 ਰੁਪਏ ਦੇਣੇ ਪੈਂਦੇ ਹਨ।
ਕੋਰੋਨਾ ਕਾਲ ‘ਚ ਕੇਂਦਰ ਸਰਕਾਰ ਨੇ ਪੈਟਰੋਲ ‘ਤੇ ਐਕਸਾਈਜ਼ ਡਿਊਟੀ ਵਿਚ 17 ਰੁਪਏ ਅਤੇ ਡੀਜ਼ਲ ‘ਤੇ 16 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ। ਕੇਂਦਰ ਸਰਕਾਰ ਪੈਟਰੋਲ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਵਜੋਂ ਫਿਲਹਾਲ ਪੈਟਰੋਲ ‘ਤੇ ਕੁੱਲ 32.90 ਰੁਪਏ ਅਤੇ ਡੀਜ਼ਲ ‘ਤੇ 31.80 ਰੁਪਏ ਪ੍ਰਤੀ ਲੀਟਰ ਵਸੂਲ ਰਹੀ ਹੈ।