ਨਵੀਂ ਦਿੱਲੀ : ਦਿੱਲੀ ‘ਚ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ‘ਚ ਕਿਸਾਨਾਂ ਵੱਲੋਂ ਤਿੰਨਾਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ। ਇਸ ਪੱਤਰ ‘ਚ ਮੋਰਚੇ ਨੇ ਕਿਸਾਨਾਂ ਨਾਲ ਮੁੜ ਗੱਲਬਾਤ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ ਤੇ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ’ਤੇ ਕਿਹਾ ਜੇਕਰ ਮੋਦੀ ਸਰਕਾਰ ਨੇ ਹੁੰਗਾਰਾ ਨਾ ਭਰਿਆ ਤਾਂ ਕਿਸਾਨਾਂ ਵੱਲੋਂ ਅੰਦੋਲਨ ਦੇ ਅਗਲੇ ਪੜਾਅ ਬਾਰੇ ਗੰਭੀਰਤਾ ਨਾਲ ਸੋਚਿਆ ਜਾਵੇਗਾ।
ਪੱਤਰ ਵਿੱਚ ਕਿਸਾਨ ਆਗੂਆਂ ਨੇ ਲਿਖਿਆ, ‘ਜੇਕਰ ਤੁਹਾਡੀ ਸਰਕਾਰ ਵੱਲੋਂ 25 ਮਈ ਤੱਕ ਕੋਈ ਠੋਸ ਤੇ ਸਕਾਰਾਤਮਕ ਹੁੰਗਾਰਾ ਨਹੀਂ ਮਿਲਦਾ ਤਾਂ ਅਸੀਂ 26 ਮਈ ਨੂੰ ਕੌਮੀ ਪੱਧਰ ਦੇ ਵਿਰੋਧ ਪ੍ਰਦਰਸ਼ਨਾਂ ਨਾਲ ਅਗਲੇ ਪੜਾਅ ਬਾਰੇ ਐਲਾਨ ਕਰਨ ਦੇ ਪਾਬੰਦ ਹੋਵਾਂਗੇ।’ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਮੋਰਚਾ ਸਰਕਾਰ ਦਾ ਧਿਆਨ ਭਟਕਾਉਣਾ ਨਹੀਂ ਚਾਹੁੰਦਾ ਹਾਲਾਂਕਿ ਕਿਸਾਨ ਹਰ ਰੋਜ਼ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਹੁਣ ਤੱਕ ਬਹੁਤ ਸਾਰੇ ਕਿਸਾਨ ਸਾਥੀ ਜਾਨ ਗੁਆ ਚੁੱਕੇ ਹਨ। ਡਾ. ਦਰਸ਼ਨ ਪਾਲ ਨੇ ਕਿਹਾ ਕਿ ਕੇਂਦਰ ਸਰਕਾਰ 11 ਗੇੜਾਂ ਦੀ ਗੱਲਬਾਤ ਕਰਨ ਦੇ ਬਾਵਜੂਦ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੱਢ ਸਕੀ ਤੇ 22 ਜਨਵਰੀ 2021 ਮਗਰੋਂ ਗੱਲਬਾਤ ਦੇ ਦਰਵਾਜ਼ੇ ਵੀ ਬੰਦ ਕਰ ਦਿੱਤੇ। ਇਸ ਦੇ ਨਾਲ ਹੀ ਸਰਕਾਰ ਤੋਂ ਪੇਂਡੂ ਖੇਤਰ ਦੇ ਲੋਕਾਂ ਅਤੇ ਆਮ ਨਾਗਰਿਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਠੋਸ ਕਦਮ ਚੁੱਕਣ ਦੀ ਵੀ ਮੰਗ ਕੀਤੀ ਗਈ ਹੈ। ਸੰਯੁਕਤ ਕਿਸਾਨ ਮੋਰਚੇ ਨੇ ਇਸ ਚਿੱਠੀ ਵਿੱਚ ਮੁੱਖ ਤੌਰ ‘ਤੇ ਕਿਸਾਨੀ-ਅੰਦੋਲਨ ‘ਤੇ ਸਰਕਾਰ ਦੇ ਰਵੱਈਏ ਦਾ ਜ਼ਿਕਰ ਕੀਤਾ ਹੈ।