ਨਵੀਂ ਦਿੱਲੀ : ਭਾਰਤੀ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਅੰਗਰੇਜ਼ੀ ਚਿਕਿਤਸਾ ਪ੍ਰਣਾਲੀ (ਐਲੋਪੈਥੀ) ਖ਼ਿਲਾਫ਼ ਕੀਤੀਆਂ ਟਿੱਪਣੀਆਂ ਲਈ ਯੋਗ ਗੁਰੂ ਬਾਬਾ ਰਾਮਦੇਵ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਆਈ.ਐੱਮ.ਏ. ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਲਿਖੇ ਪੱਤਰ ‘ਚ ਕਿਹਾ ਕਿ ਯੋਗ ਗੁਰੂ ਵਲੋਂ ਐਲੋਪੈਥੀ ਖ਼ਿਲਾਫ਼ ਬੇਤੁਕੇ ਬਿਆਨ ਦਾਗ਼ ਕੇ ਲੋਕਾਂ ਨੂੰ ਕੁਰਾਹੇ ਪਾਉਣ ਦੇ ਨਾਲ ਵਿਗਿਆਨਿਕ ਮੈਡੀਸਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਡਾਕਟਰਾਂ ਦੀ ਸਿਖਰਲੀ ਜਥੇਬੰਦੀ ਨੇ ਇੱਕ ਬਿਆਨ ‘ਚ ਕਿਹਾ ਕਿ ਬੇਤੁਕੇ ਬਿਆਨਾਂ ਲਈ ਰਾਮਦੇਵ ਖ਼ਿਲਾਫ਼ ਮਹਾਂਮਾਰੀ ਰੋਗ ਐਕਟ ਤਹਿਤ ਕੇਸ ਦਰਜ ਕੀਤਾ ਜਾਵੇ। ਆਈ.ਐੱਮ.ਏ. ਨੇ ਆਪਣੇ ਜਵਾਬ ਦਾਅਵੇ ‘ਚ ਸੋਸ਼ਲ ਮੀਡੀਆ ‘ਤੇ ਘੁੰਮ ਰਹੀ ਵੀਡੀਓ ਦਾ ਹਵਾਲਾ ਵੀ ਦਿੱਤਾ, ਜਿਸ ‘ਚ ਰਾਮਦੇਵ ਐਲੋਪੈਥੀ ਦੀ ਨਿੰਦਾ ਕਰ ਰਹੇ ਹਨ। ਦੂਜੇ ਪਾਸੇ ਪਤੰਜਲੀ ਯੋਗਪੀਠ ਨੇ ਕਿਹਾ ਕਿ ਬਾਬਾ ਰਾਮਦੇਵ ਵਟਸਐਪ ‘ਤੇ ਪਏ ਇਕ ਸੰਦੇਸ਼ ਨੂੰ ਪੜ੍ਹ ਰਹੇ ਸਨ, ਜਦੋਂਕਿ ਆਧੁਨਿਕ ਇਲਾਜ ਪ੍ਰਣਾਲੀ ਜਾਂ ਡਾਕਟਰਾਂ ਪ੍ਰਤੀ ਉਨ੍ਹਾਂ ਦੀ ਕੋਈ ਗਲਤ ਧਾਰਨਾ ਨਹੀਂ ਹੈ।