ਮਰਹੂਮ ਅਮਰੀਕੀ ਅਦਾਕਾਰ, ਗਾਇਕ ਅਤੇ ਮਿਊਜ਼ੀਸ਼ੀਅਨ ਐਲਵਿਸ ਪ੍ਰੈਸਲੀ ਦੀ ਇਕਲੌਤੀ ਧੀ ਲੀਜ਼ਾ ਮੈਰੀ ਪ੍ਰੈਸਲੀ ਹੁਣ ਇਸ ਦੁਨੀਆ ਵਿਚ ਨਹੀਂ ਰਹੀ। ਉਨ੍ਹਾਂ ਨੂੰ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਲਾਸ ਏਂਜਲਸ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਉਹ 54 ਸਾਲਾਂ ਦੀ ਸੀ। ਉਨ੍ਹਾਂ ਦੀ ਮੌਤ ਨਾਲ ਕਲਾ ਜਗਤ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਗੀਤ ਹਰ ਪੀੜ੍ਹੀ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਵਿਚ ਬਹੁਤ ਮਕਬੂਲ ਸਨ। ਮੈਰੀ ਪ੍ਰੈਸਲੇ ਆਪਣੀ ਪ੍ਰਤਿਭਾ ਦੇ ਨਾਲ-ਨਾਲ ਹੋਰ ਕਾਰਨਾਂ ਕਰਕੇ ਵੀ ਜਾਣੀ ਜਾਂਦੀ ਸੀ।

ਗ੍ਰੇਸਲੈਂਡ ਹਵੇਲੀ ਦੀ ਸੀ ਮਾਲਕਨ

1 ਫਰਵਰੀ, 1968 ਨੂੰ ਪੈਦਾ ਹੋਈ ਲੀਜ਼ਾ ਮੈਮਫਿਸ ‘ਚ ਗ੍ਰੇਸਲੈਂਡ ਮਹਿਲ ਦੀ ਮਾਲਕਨ ਸੀ। ਇਹ ਹਵੇਲੀ ਸੈਰ-ਸਪਾਟੇ ਵਾਲੀ ਥਾਂ ਵਜੋਂ ਜਾਣੀ ਜਾਂਦੀ ਸੀ, ਜੋ ਉਨ੍ਹਾਂ ਦੇ ਪਿਤਾ ਦੀ ਸੀ।

ਮਰਹੂਮ ਲੀਜ਼ਾ ਨੂੰ ਬਚਪਨ ਤੋਂ ਹੀ ਸੰਗੀਤ ਦਾ ਸ਼ੌਕ ਸੀ। ਉਨ੍ਹਾਂ ਨੇ 2003 ਵਿਚ ਮਿਊਜ਼ਿਕ ਐਲਬਮ ‘ਟੂ ਹੂਮ ਇਟ ਮੇ ਕਨਸਰਨ’ ਸ਼ੁਰੂ ਕੀਤੀ ਸੀ। ਪਹਿਲੇ ਹੀ ਗੀਤ ਨੇ ਉਨ੍ਹਾਂ ਨੂੰ ਲਾਈਮਲਾਈਟ ਵਿੱਚ ਲਿਆਂਦਾ। ਇਸ ਤੋਂ ਬਾਅਦ 2005 ‘ਚ ‘ਨਾਓ ਵੱਟ’ (Now What) ਆਈ। ਮੈਰੀ ਪ੍ਰੈਸਲੀ ਦੀ ਇਹ ਐਲਬਮ ਵੀ ਲਾਈਮਲਾਈਟ ‘ਚ ਰਹੀ। ਦੋਵਾਂ ਗੀਤਾਂ ਨੂੰ ਇੰਨਾ ਪਸੰਦ ਕੀਤਾ ਗਿਆ ਕਿ ਇਨ੍ਹਾਂ ਦੋਹਾਂ ਗੀਤਾਂ ਨੂੰ ਟਾਪ 200 ਗੀਤਾਂ ‘ਚੋਂ ਟਾਪ 10 ‘ਚ ਜਗ੍ਹਾ ਮਿਲੀ। ਇਸ ਤੋਂ ਬਾਅਦ ਮੈਰੀ ਪ੍ਰੈਸਲੀ ਦੇ ਗੀਤਾਂ ਦਾ ਸਿਲਸਿਲਾ ਵਧਦਾ ਗਿਆ। ਉਨ੍ਹਾਂ ਦੇ ਗੀਤ ਨੌਜਵਾਨ ਪੀੜ੍ਹੀ ਵਿੱਚ ਬਹੁਤ ਮਸ਼ਹੂਰ ਹੋਏ।

ਮਾਈਕਲ ਜੈਕਸਨ ਨਾਲ ਕੀਤਾ ਸੀ ਵਿਆਹ

ਲੀਜ਼ਾ ਮੈਰੀ ਪ੍ਰੈਸਲੀ ਦਾ ਜੀਵਨ ਕਾਫ਼ੀ ਲੈਜੇਂਡਰੀ ਸੀ ਪਰ ਥੋੜ੍ਹਾ ਵਿਵਾਦਪੂਰਨ ਵੀ ਸੀ। ਉਨ੍ਹਾਂ ਨੇ ਕੁੱਲ ਚਾਰ ਵਿਆਹ ਕੀਤੇ। ਪਹਿਲਾ ਵਿਆਹ 1988 ਵਿਚ ਅਦਾਕਾਰ ਡੈਨੀ ਨੌਫ ਨਾਲ ਹੋਇਆ। ਲੀਜ਼ਾ ਤੇ ਡੈਨੀ ਦੇ ਦੋ ਬੱਚੇ ਹਨ, ਜਿਨ੍ਹਾਂ ਦਾ ਨਾਂ ਰਿਲੇ ਤੇ ਬੈਂਜਾਮਿਨ ਹੈ। 1994 ਵਿੱਚ ਦੋਵਾਂ ਦਾ ਤਲਾਕ ਹੋ ਗਿਆ ਤੇ ਤਲਾਕ ਤੋਂ 20 ਦਿਨਾਂ ਬਾਅਦ ਲੀਜ਼ਾ ਨੇ ਮਰਹੂਮ ਮਾਈਕਲ ਜੈਕਸਨ ਨਾਲ ਵਿਆਹ ਕਰਵਾ ਲਿਆ। ਹਾਲਾਂਕਿ ਇਹ ਵਿਆਹ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਤੇ 1996 ‘ਚ ਲੀਜ਼ਾ ਨੇ ਮਾਈਕਲ ਜੈਕਸਨ ਤੋਂ ਵੀ ਤਲਾਕ ਲੈ ਲਿਆ।

ਲੀਜ਼ਾ ਨੇ ਕਈ ਸਾਲਾਂ ਬਾਅਦ ਅਦਾਕਾਰ ਨਿਕੋਲਸ ਕੀਗ ਨਾਲ 2002 ਵਿਚ ਤੀਜੀ ਵਾਰ ਵਿਆਹ ਕੀਤਾ। ਪਰ 2004 ‘ਚ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਤੇ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ। ਇਸ ਤੋਂ ਬਾਅਦ 2006 ਵਿੱਚ ਲੀਜ਼ਾ ਨੇ ਗਿਟਾਰਿਸਟ ਮਾਈਕਲ ਲਾਕਵੁੱਡ ਨਾਲ ਵਿਆਹ ਕਰਵਾ ਲਿਆ। ਮਾਈਕਲ ਲੌਕਵੁੱਡ ਦੇ ਨਾਲ ਲੀਜ਼ਾ ਦੇ ਜੁੜਵਾਂ ਬੱਚੇ ਹਨ, ਹਾਰਪਰ ਤੇ ਫਿਨਲੇ। ਇਹ ਵਿਆਹ ਦੂਜੇ ਵਿਆਹਾਂ ਦੇ ਮੁਕਾਬਲੇ ਥੋੜ੍ਹਾ ਲੰਬਾ ਚੱਲਿਆ ਪਰ 2016 ਵਿੱਚ ਉਨ੍ਹਾਂ ਦੀ ਲਵ ਸਟੋਰੀ ‘ਤੇ ਪੂਰੀ ਤਰ੍ਹਾਂ ਵਿਰਾਮ ਆ ਗਿਆ, ਜਦੋਂ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ।

LEAVE A REPLY

Please enter your comment!
Please enter your name here